ਟੋਕਿਓ: ਅਫਗਾਨਿਸਤਾਨ ਦਾ ਕੋਈ ਅਥਲੀਟ ਜਾਂ ਪ੍ਰਤੀਨਿਧ ਟੋਕਿਓ ਪੈਰਾ ਓਲੰਪਿਕ 2020 ਵਿੱਚ ਸ਼ਾਮਲ ਨਹੀਂ ਹੈ ਪਰ ਫੇਰ ਵੀ ਮੰਗਲਵਾਰ ਨੂੰ ਖੇਡਾਂ ਦੀ ਸ਼ੁਰੂਆਤ ਲਈ ਮਨਾਏ ਗਏ ਉਦਘਾਟਨ ਸਮਾਗਮ ਦੌਰਾਨ ਪਰੇਡ ਵਿੱਚ ਅਫਗਾਨਿਸਤਾਨ ਦੇ ਝੰਡੇ ਨੂੰ ਬਾਕੀ ਦੇਸ਼ਾਂ ਦੇ ਝੰਡੇ ਵਾਂਗ ਸ਼ਾਮਲ ਕਰਕੇ ਪੂਰੀ ਥਾਂ ਦਿੱਤੀ ਗਈ।
ਅਫਗਾਨਿਸਤਾਨ ਦੇ ਹਾਲਾਤ ਕਾਰਨ ਸ਼ਾਮਲ ਨਹੀਂ ਹੋ ਸਕੇ ਖਿਡਾਰੀ
ਜਕੀਆ ਖੁਦਾਦਾਈ, ਜਿਹੜੀ ਕਿ ਤਾਇਕਵਾਂਡੋ ਵਿੱਚ ਪੈਰਾ ਓਲੰਪਿਕ ਖੇਡਾਂ ਦੇ ਲਈ ਕੁਆਲੀਫਾਈ ਕਰਨ ਵਾਲੀ ਅਫਗਾਨਿਸਤਾਨ ਦੀ ਪਹਿਲੀ ਮਹਿਲਾ ਅਥਲੀਟ ਹੈ, ਅਤੇ ਕੁਝ ਕੌਮੀ ਪੈਰਾ ਓਲੰਪਿਕ ਕੌੰਸਲ (ਐਨਸੀਪੀ) ਦੇ ਅਫਸਰ ਤਾਲਿਬਾਨ ਦੇ ਦੇਸ਼ ‘ਤੇ ਕਬਜਾ ਕੀਤੇ ਜਾਣ ਦੇ ਕਾਰਨ ਪੈਦਾ ਹੋਏ ਹਾਲਾਤ ਦੀ ਵਜ੍ਹਾ ਨਾਲ ਇਨ੍ਹਾਂ ਖੇਡਾਂ ਵਿੱਚ ਸ਼ਾਮਲ ਨਹੀਂ ਹੋ ਸਕੇ।
ਅਫਗਾਨਿਸਤਾਨ ਤੋਂ ਉਡਾਨ ਨਾ ਹੋਣ ਕਾਰਨ ਨਹੀਂ ਹੋ ਸਕੇ ਸ਼ਾਮਲ
ਅਫਗਾਨਿਸਤਾਨ ਤੋਂ ਟੋਕਿਓ ਲਈ ਉਡਾਨਾਂ ਦੀ ਆਵਾਜਾਹੀ ਨਾ ਹੋਣ ਕਾਰਨ ਟੋਕਿਓ ਵਿੱਚ ਇਨ੍ਹਾਂ ਖਿਡਾਰੀਆਂ ਦੇ ਸ਼ਾਮਲ ਨਾ ਹੋਣ ਦਾ ਵੱਡਾ ਕਾਰਨ ਰਿਹਾ। ਕੌਮਾੰਤਰੀ ਪੈਰਾ ਓਲੰਪਿਕ ਕੌਂਸਲ (ਆਈਪੀਸੀ) ਨੇ ਇਨ੍ਹਾਂ ਅਥਲੀਟਾਂ, ਜਿਹੜੇ ਪੈਰਾ ਓਲੰਪਿਕ ਵਿੱਚ ਹਿੱਸਾ ਨਹੀਂ ਲੈ ਸਕੇ ਹਨ, ਨਾਲ ਹਮਦਰਦੀ ਵਿਖਾਉਣ ਦੇ ਲਈ ਹੀ ਅਫਗਾਨਿਸਤਾਨ ਦੇ ਝੰਡੇ ਨੂੰ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ।
ਕੌਮਾਂਤਰੀ ਇਕਜੁਟਤਾ ਦੇ ਸੁਨੇਹੇ ਲਈ ਸ਼ਾਮਲ ਕੀਤਾ ਅਫਗਾਨ ਝੰਡਾ
ਆਈਪੀਸੀ ਨੇ ਸੰਯੁਕਤ ਰਾਸ਼ਟਰ ਪਨਾਹਾਗਾਰ ਹਾਈ ਕਮਿਸ਼ਨ ਦੇ ਪ੍ਰਤੀਨਿਧੀ ਨੂੰ ਝੰਡਾ ਲੈ ਕੇ ਚੱਲਣ ਵਾਲੇ ਪ੍ਰਤੀਨਿਧੀ ਦੇ ਤੌਰ ‘ਤੇ ਇਹ ਕੰਮ ਕਰਨ ਲਈ ਸੱਦਾ ਦਿੱਤਾ। ਆਈਪੀਸੀ ਦੇ ਚੇਅਰਮੈਨ ਐਂਡਰਿਊ ਪਾਰਸਨਸ ਨੇ ਕਿਹਾ, ਇਹ ਫੈਸਲਾ ਦੁਨੀਆ ਭਰ ਵਿੱਚ ਇਕਜੁਟਤਾ ਤੇ ਸ਼ਾਂਤੀ ਦਾ ਸੁਨੇਹਾ ਦੇਣ ਦੇ ਲਈ ਲਿਆ ਗਿਆ ਹੈ।