ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਦਾ ਪੰਜਾਬ ਲਗਾਤਾਰ ਵਿਰੋਧ ਕਰ ਰਿਹਾ ਹੈ। ਕਿਸਾਨਾਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਦੇ ਮੁੱਦੇ ਤੇ ਸੂਬੇ ਦੇ ਆਰਥਿਕ ਤੇ ਹੋਰਨਾਂ ਹਲਾਤਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਦਾ ਇੱਕ ਵਫ਼ਦ ਰੇਲ ਤੇ ਵਿੱਤ ਮੰਤਰੀ ਨਾਲ ਮੁਲਾਕਾਤ ਕਰਨ ਲਈ ਦਿੱਲੀ ਪਹੁੰਚਇਆ ਹੈ।
ਪੰਜਾਬ ਕਾਂਗਰਸ ਦੇ ਇਸ ਵਫ਼ਦ 'ਚ ਕੈਬਿਨੇਟ ਮੰਤਰੀ ਰਵਨੀਤ ਸਿੰਘ ਬਿੱਟੂ, ਸਤੋਂਖ ਸਿੰਘ ਚੌਧਰੀ, ਮੁਹੰਮਦ ਸਦੀਕ ਗੁਰਜੀਤ ਔਜਲਾ ਤੇ ਜਸਬੀਰ ਸਿੰਘ ਡਿੰਪਾ ਸ਼ਾਮਲ ਹਨ। ਹਲਾਂਕਿ ਅਜੇ ਤੱਕ ਇਸ ਵਫ਼ਦ ਨੂੰ ਰੇਲ ਮੰਤਰੀ ਪੀਯੂਸ਼ ਗੋਇਲ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਮੁਲਾਕਾਤ ਲਈ ਸਮੇਂ ਨਹੀਂ ਦਿੱਤਾ ਗਿਆ ਹੈ।
ਇਸ ਮਾਮਲੇ ਨੂੰ ਲੈ ਕੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਹੁਣ ਦੋਹਾਂ ਮੰਤਰੀਆਂ ਦੇ ਨਾਲ-ਨਾਲ ਪੀਐਮ ਦਫ਼ਤਰ ਨਾਲ ਸੰਪਰਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਂਸਦਾਂ ਦਾ ਵਫ਼ਦ ਉਦੋਂ ਤੱਕ ਇੰਤਜ਼ਾਰ ਕਰਦਾ ਰਹੇਗਾ ਜਦ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨੂੰ ਖ਼ੁਦ ਸਮਾਂ ਨਹੀਂ ਦਿੰਦੇ। ਉਨ੍ਹਾਂ ਆਖਿਆ ਕਿ ਨਵੇਂ ਖੇਤੀ ਕਾਨੂਨਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਦਿਨ-ਬ-ਦਿਨ ਵੱਧ ਰਿਹਾ ਹੈ। ਅਜਿਹੇ 'ਚ ਸੂਬੇ ਦੇ ਹਲਾਤ ਲਗਾਤਾਰ ਵਿਗੜ ਰਹੇ ਹਨ। ਜਿਸ ਦਾ ਕਿ ਦੁਸ਼ਮਨ ਦੇਸ਼ ਫਾਇਦਾ ਚੁੱਕ ਸਕਦੇ ਹਨ। ਇਸ ਲਈ ਸੰਸਦ ਮੈਂਬਰਾਂ ਦਾ ਵਫ਼ਦ ਪੀਐਮ ਮੋਦੀ ਨਾਲ ਮੁਲਾਕਾਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗਾ। ਉਹ ਇਥੇ ਕਿਸਾਨਾਂ ਦੀ ਸਮੱਸਿਆ ਤੇ ਸੂਬੇ ਦੇ ਹਲਾਤਾਂ ਸਬੰਧੀ ਸਮੱਸਿਆਵਾਂ ਦਾ ਹੱਲ ਕਰਕੇ ਹੀ ਜਾਣਗੇ।
ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਫ਼ਦ ਨੂੰ ਦੋਹਾਂ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਨ ਲਈ ਖ਼ਾਸਤੌਰ 'ਤੇ ਭੇਜਿਆ ਹੈ। ਇਹ ਵਫ਼ਦ ਦੋਹਾਂ ਕੇਂਦਰੀ ਮੰਤਰੀਆਂ ਨਾਲ ਬੈਠਕ ਕਰਕੇ ਸੂਬੇ 'ਚ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਸੰਘਰਸ਼ ਅਤੇ ਸੂਬੇ ਦੇ ਮੌਜੂਦਾ ਹਲਾਤਾਂ ਬਾਰੇ ਅਗਲੀ ਰਣਨੀਤੀ ਤਿਆਰ ਕਰਨਗੇ।