ਨਵੀਂ ਦਿੱਲੀ: ਭਾਰਤ ਦੇ 74ਵੇਂ ਗਣਤੰਤਰ ਦਿਵਸ 'ਤੇ ਸਰਚ ਇੰਜਨ 'ਗੂਗਲ' ਨੇ 'ਹੱਥ-ਕੱਟੇ ਕਾਗਜ਼' (ਹੱਥਾਂ ਨਾਲ ਕਾਗਜ਼ 'ਤੇ ਬਣੀਆਂ ਤਸਵੀਰਾਂ) ਦੀ ਕਲਾ ਨੂੰ ਦਰਸਾਉਂਦਾ ਵਿਲੱਖਣ 'ਡੂਡਲ' ਬਣਾ ਕੇ ਦੇਸ਼ ਨੂੰ ਗਣਰਾਜ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਹਨ। ਇਸ 'ਡੂਡਲ' 'ਚ ਰਾਸ਼ਟਰਪਤੀ ਭਵਨ, ਇੰਡੀਆ ਗੇਟ, ਨਾਰਥ ਬਲਾਕ ਅਤੇ ਸਾਊਥ ਬਲਾਕ ਵਰਗੀਆਂ ਇਤਿਹਾਸਕ ਇਮਾਰਤਾਂ ਦੇ ਨਾਲ-ਨਾਲ ਗਣਤੰਤਰ ਦਿਵਸ ਦੀ ਰਸਮੀ ਪਰੇਡ ਨੂੰ ਦਰਸਾਉਂਦੀਆਂ ਫੌਜੀ ਟੁਕੜੀਆਂ ਅਤੇ ਮੋਟਰਸਾਈਕਲਾਂ 'ਤੇ ਸਟੰਟ ਕਰ ਰਹੇ ਜਵਾਨਾਂ ਨੂੰ ਦਿਖਾਇਆ ਗਿਆ ਹੈ।
ਗੂਗਲ ਦੇ ਅੰਗਰੇਜ਼ੀ ਅੱਖਰਾਂ 'ਜੀ', 'ਓ', 'ਜੀ', 'ਐਲ' ਅਤੇ 'ਈ' ਨੂੰ 'ਹੈਂਡ-ਕੱਟ ਪੇਪਰ' ਕਲਾ ਨੂੰ ਪ੍ਰਦਰਸ਼ਿਤ ਕਰਨ ਵਾਲੇ 'ਡੂਡਲ' ਦੇ ਅੱਗੇ ਅੰਗਰੇਜ਼ੀ ਦੇ ਛੋਟੇ ਅੱਖਰਾਂ ਵਿਚ ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਭਵਨ ਦੇ ਗੁੰਬਦ ਦੇ ਉੱਪਰ ਇੱਕ ਚੱਕਰ ਪ੍ਰਤੀਕ ਰੂਪ ਵਿੱਚ 'ਗੂਗਲ' ਅੱਖਰ ਵਿੱਚ ਦੂਜੇ 'ਓ' ਨੂੰ ਦਰਸਾਉਂਦਾ ਹੈ। ਮੋਰ ਅਤੇ ਫੁੱਲਾਂ ਦੇ ਆਕਾਰ ਦੇ ਚਿੱਤਰ ਇਸ 'ਮੋਨੋਕ੍ਰੋਮ' (ਕਾਲਾ ਅਤੇ ਚਿੱਟਾ) ਡੂਡਲ ਨੂੰ ਹੋਰ ਆਕਰਸ਼ਕ ਬਣਾ ਰਹੇ ਹਨ।
ਅਹਿਮਦਾਬਾਦ ਦੇ ਕਲਾਕਾਰ ਨੇ ਬਣਾਇਆ 'ਡੂਡਲ': ਗੂਗਲ ਦੀ ਵੈੱਬਸਾਈਟ ਮੁਤਾਬਕ, 'ਅੱਜ ਡੂਡਲ ਭਾਰਤ ਦਾ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ 'ਡੂਡਲ' ਨੂੰ ਅਹਿਮਦਾਬਾਦ ਦੇ ਕਲਾਕਾਰ ਪਾਰਥਾ ਕੋਠੇਕਰ ਨੇ ਬਣਾਇਆ ਹੈ। 'ਡੂਡਲ' ਬਣਾਉਣ ਦਾ ਵੀਡੀਓ ਵੀ ਵੈੱਬਸਾਈਟ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਕੋਠੇਕਰ ਆਪਣੇ ਹੱਥਾਂ ਨਾਲ ਡੂਡਲ ਬਣਾਉਂਦੇ ਨਜ਼ਰ ਆ ਰਹੇ ਹਨ।
ਕੋਠੇਕਰ ਨੇ ਕਿਹਾ, “ਮੈਂ ਭਾਰਤ ਦੀ ਤਸਵੀਰ ਦਿਖਾਉਣਾ ਚਾਹੁੰਦਾ ਸੀ।” ਅੱਜ ਦਾ ਡੂਡਲ ਕਾਗਜ਼ ਦੇ ਟੁਕੜੇ 'ਤੇ ਹੱਥਾਂ ਨਾਲ ਖਿੱਚਿਆ ਗਿਆ ਸੀ। ਇਸ ਵਿੱਚ ਗਣਤੰਤਰ ਦਿਵਸ ਪਰੇਡ ਦੇ ਕਈ ਪਲਾਂ ਨੂੰ ਦਰਸਾਇਆ ਗਿਆ ਹੈ। ਜਿਸ ਵਿੱਚ ਰਾਸ਼ਟਰਪਤੀ ਭਵਨ, ਇੰਡੀਆ ਗੇਟ, CRPF (ਸੈਂਟਰਲ ਰਿਜ਼ਰਵ ਪੁਲਿਸ ਫੋਰਸ) ਦੀ ਟੁਕੜੀ ਅਤੇ ਮੋਟਰਸਾਈਕਲ ਸਵਾਰ ਸ਼ਾਮਲ ਹਨ।
26 ਜਨਵਰੀ 1950 ਨੂੰ ਆਪਣੇ ਸੰਵਿਧਾਨ ਨੂੰ ਅਪਣਾਉਣ ਦੇ ਨਾਲ ਭਾਰਤ ਨੇ ਆਪਣੇ ਆਪ ਨੂੰ ਇੱਕ ਪ੍ਰਭੂਸੱਤਾ ਸੰਪੰਨ, ਲੋਕਤੰਤਰੀ ਅਤੇ ਗਣਤੰਤਰ ਦੇਸ਼ ਐਲਾਨ ਕੀਤਾ ਸੀ ਤੇ ਹਰ ਸਾਲ ਭਾਰਤ ਵਿੱਚ ਵੱਖ-ਵੱਖ ਸਮਾਗਮ ਕਰਵਾ ਇਸ ਦੇ ਜਸ਼ਨ ਮਨਾਏ ਜਾਂਦੇ ਹਨ। ਦੱਸ ਦਈਏ ਕਿ ਗਣਤੰਤਰ ਦਿਵਸ ਦਾ ਜਸ਼ਨ 29 ਜਨਵਰੀ ਨੂੰ 'ਬੀਟਿੰਗ ਰੀਟਰੀਟ' ਸਮਾਰੋਹ ਨਾਲ ਸਮਾਪਤ ਹੁੰਦਾ ਹੈ।
ਇਹ ਵੀ ਪੜੋ: Republic Day 2023 : ਜਾਣੋ ਕਿਵੇਂ ਗਠਨ ਹੋਈ ਸੰਵਿਧਾਨ ਸਭਾ ਕਮੇਟੀ ਤੇ ਪੰਜਾਬ ਤੋਂ ਸੰਵਿਧਾਨ ਸਭਾ ਵਿੱਚ ਸ਼ਮੂਲੀਅਤ ਬਾਰੇ