ਮੁੰਬਈ: ਮੁੰਬਈ ਦੇ ਵਰਸੋਵਾ ਤੱਟ ਨੇੜੇ ਅਰਬ ਸਾਗਰ 'ਚ ਵੱਡਾ ਹਾਦਸਾ ਉਸ ਸਮੇਂ ਵਾਪਰ ਗਿਆ ਜਦੋਂ ਕਿਸ਼ਤੀ ਪਲਟਣ ਦੀ ਖ਼ਬਰ ਸਾਹਮਣੇ ਆਈ।ਇਸ ਹਾਦਸੇ 'ਚ ਦੋ ਮਛੇਰਿਆਂ ਦੇ ਡੁੱਬਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਫਾਇਰ ਵਿਭਾਗ ਦੇ ਇੱਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਦੋ ਮਛੇਰੇ ਅਤੇ ਇੱਕ ਹੋਰ ਵਿਅਕਤੀ ਸ਼ਨੀਵਾਰ ਰਾਤ 8 ਤੋਂ 9 ਵਜੇ ਦੇ ਵਿਚਕਾਰ ਵਰਸੋਵਾ ਖੇਤਰ ਦੇ ਦੇਵਚੀਵਾੜੀ ਤੋਂ ਮੱਛੀਆਂ ਫੜਨ ਲਈ ਨਿਕਲੇ ਸਨ। ਅਧਿਕਾਰੀ ਨੇ ਦੱਸਿਆ ਕਿ ਕਿਸ਼ਤੀ ਬੀਚ ਤੋਂ ਲਗਭਗ ਦੋ ਤੋਂ ਤਿੰਨ ਕਿਲੋਮੀਟਰ ਦੂਰ ਸੀ। ਜਦੋਂ ਕਿਸ਼ਤੀ ਪਾਣੀ ਵਿੱਚ ਮੋੜੀ ਤਾਂ ਇਹ ਹਾਦਸਾ ਵਾਪਰ ਗਿਆ।
ਕੌਣ-ਕੌਣ ਲਾਪਤਾ: ਇਸ ਹਾਦਸੇ 'ਚ ਕਿਸ਼ਤੀ ਵਿਚ ਸਵਾਰ ਇੱਕ ਵਿਅਕਤੀ, ਜਿਸ ਦੀ ਪਛਾਣ ਵਿਜੇ ਬਾਮਨੀਆ ਵਜੋਂ ਹੋਈ ਹੈ, ਉਹ ਤੈਰ ਕੇ ਸੁਰੱਖਿਅਤ ਬਾਹਰ ਨਿਕਲ ਗਿਆ। ਜਦਕਿ ਉਸਮਾਨੀ ਭੰਡਾਰੀ (22) ਅਤੇ ਵਿਨੋਦ ਗੋਇਲ ਨਾਂ ਦੇ ਦੋ ਮਛੇਰੇ ਲਾਪਤਾ ਹਨ। ਉਨ੍ਹਾਂ ਦੱਸਿਆ ਕਿ ਫਾਇਰ ਵਿਭਾਗ, ਪੁਲਿਸ ਅਤੇ ਜਲ ਸੈਨਾ ਨੇ ਲਾਪਤਾ ਮਛੇਰਿਆਂ ਦੀ ਭਾਲ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਨਦੀ 'ਚ ਡੁੱਬੇ 3 ਨੌਜਵਾਨ: ਉਧਰ ਦੂਜੇ ਪਾਸੇ ਤਾਮਿਲਨਾਡੂ ਦੇ ਇਰੋਡ 'ਚ ਨਦੀ 'ਚ 3 ਨੌਜਵਾਨ ਡੁੱਬ ਗਏ। ਇਨ੍ਹਾਂ ਵਿੱਚੋਂ ਦੋ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕਾਵੇਰੀ ਨਦੀ 'ਚ ਤਿੰਨ ਨੌਜਵਾਨ ਡੁੱਬ ਗਏ ਸਨ। ਇਨ੍ਹਾਂ ਵਿੱਚ ਮ੍ਰਿਤਕਾਂ ਦੀ ਪਛਾਣ 19 ਸਾਲਾ ਕੁਪੂਰਾਜ, 15 ਸਾਲਾ ਜਗਦੀਸ਼ ਅਤੇ 14 ਸਾਲਾ ਚੌਧਰੀ ਵਜੋਂ ਹੋਈ ਹੈ। ਪੁਲਸ ਮੁਤਾਬਿਕ ਇਰੋਡ ਦੀ ਕੋਂਗਲਮਨ ਕਾਲੋਨੀ ਦੇ ਲੋਕਾਂ ਦਾ ਇੱਕ ਸਮੂਹ ਨਦੀ ਦੇ ਕੰਢੇ 'ਤੇ ਮਦੂਰਾਵੀਰਨ ਮੰਦਰ ਗਿਆ ਸੀ। ਤਿੰਨੋਂ ਨੌਜਵਾਨ ਦਰਿਆ ਵਿੱਚ ਉਤਰ ਗਏ। ਸਥਾਨਕ ਲੋਕਾਂ ਨੇ ਲੜਕਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਨਹੀਂ ਬਚਾ ਸਕੇ।ਫਾਇਰ ਐਂਡ ਰੈਸਕਿਊ ਸਰਵਿਿਸਜ਼ ਅਤੇ ਕੋਡੂਮੁਡੀ ਪੁਲਿਸ ਨੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ।