ਅਸਾਮ/ਕਛਾਰ: ਅਸਾਮ ਦੇ ਕਛਾਰ ਜ਼ਿਲ੍ਹੇ ਵਿੱਚ ਐਤਵਾਰ ਦੀ ਸਵੇਰ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜ਼ਿਲ੍ਹੇ ਦੇ ਦਾਰੂਸ ਸਲਾਮ ਹਾਫਿਜ਼ੀਆ ਮਦਰਸੇ ਦੇ ਇੱਕ ਹੋਸਟਲ ਦੇ ਕਮਰੇ ਵਿੱਚ ਇੱਕ 12 ਸਾਲਾ ਵਿਦਿਆਰਥੀ ਦੀ ਬੇਰਹਿਮੀ ਨਾਲ ਕਤਲ ਕੀਤੀ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਵਿਦਿਆਰਥੀ ਦੀ ਪਛਾਣ ਰਬੀਜੁਲ ਹੁਸੈਨ ਵਜੋਂ ਹੋਈ ਹੈ। ਦਿਲ ਦਹਿਲਾ ਦੇਣ ਵਾਲੀ ਘਟਨਾ ਢੋਲਈ ਦੇ ਮਦਰੱਸੇ 'ਚ ਸਾਹਮਣੇ ਆਈ, ਜਿੱਥੇ ਵਿਦਿਆਰਥੀ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੌਣ ਲਈ ਆਪਣੇ ਕਮਰੇ 'ਚ ਗਿਆ ਸੀ। ਪਰ ਸਵੇਰੇ ਉਹ ਆਪਣੇ ਕਮਰੇ ਤੋਂ ਬਾਹਰ ਨਹੀਂ ਆਇਆ।
ਸਿਰ ਧੜ ਤੋਂ ਕਰ ਦਿੱਤਾ ਵੱਖ: ਸਵੇਰੇ ਜਦੋਂ ਅਧਿਆਪਕ ਫਜ਼ਰ ਦੀ ਨਮਾਜ਼ (ਸਵੇਰ ਦੀ ਨਮਾਜ਼) ਲਈ ਵਿਦਿਆਰਥੀਆਂ ਨੂੰ ਜਗਾਉਣ ਗਿਆ ਤਾਂ ਇਹ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ। ਅਧਿਆਪਕ ਨੂੰ ਬੱਚੇ ਦੀ ਲਾਸ਼ ਫਰਸ਼ 'ਤੇ ਬੇਜਾਨ ਪਈ ਮਿਲੀ। ਉਸ ਦਾ ਸਿਰ ਸਰੀਰ ਤੋਂ ਵੱਖ ਕਰ ਦਿੱਤਾ ਗਿਆ ਸੀ। ਇਸ ਭਿਆਨਕ ਘਟਨਾ 'ਤੇ ਤੁਰੰਤ ਪ੍ਰਤੀਕਿਰਿਆ ਕਰਦੇ ਹੋਏ ਮਦਰੱਸਾ ਅਧਿਕਾਰੀਆਂ ਨੇ ਢੋਲਈ ਦੀ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਮ੍ਰਿਤਕ ਦੇ ਨਾਲ ਹੋਸਟਲ ਦੇ ਕਮਰੇ 'ਚ ਰਹਿ ਰਹੇ ਕਰੀਬ 20 ਸਾਥੀ ਵਿਦਿਆਰਥੀਆਂ ਨੂੰ ਪੁਲਿਸ ਨੇ ਪੁੱਛਗਿੱਛ ਲਈ ਮਦਰੱਸੇ ਦੇ ਤਿੰਨ ਅਧਿਆਪਕਾਂ ਸਮੇਤ ਹਿਰਾਸਤ 'ਚ ਲੈ ਲਿਆ ਹੈ।
ਪੁਲਿਸ ਨੇ ਮਦਰੱਸੇ ਨੂੰ ਅਸਥਾਈ ਤੌਰ 'ਤੇ ਸੀਲ ਕੀਤਾ: ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਫਿਲਹਾਲ ਇਸ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ ਅਤੇ ਨਾਲ ਹੀ ਇਸ ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਇਸ ਘਟਨਾ ਕਾਰਨ ਹੋਸਟਲ ਦੇ ਬੱਚੇ ਵੀ ਦਹਿਸ਼ਤ ਵਿਚ ਹਨ। ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਦਰੱਸੇ ਨੂੰ ਅਸਥਾਈ ਤੌਰ 'ਤੇ ਸੀਲ ਕਰ ਦਿੱਤਾ ਸੀ।
ਇਲਾਕੇ 'ਚ ਦਹਿਸ਼ਤ ਦਾ ਮਾਹੌਲ: ਪੁਲਿਸ ਨੇ ਵਿਦਿਆਰਥੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਲਚਰ ਮੈਡੀਕਲ ਕਾਲਜ ਅਤੇ ਹਸਪਤਾਲ (SMCH) ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਹੀ ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।