ਅੰਮ੍ਰਿਤਸਰ: ਬਾਬਾ ਬਕਾਲਾ ਸਾਹਿਬ ਤੋਂ ਧਿਆਨਪੁਰ ਰੋਡ 'ਤੇ ਸਥਿਤ ਡਰੇਨ ਨੇੜਿਉਂ ਇਕ 19 ਸਾਲ ਦੇ ਨੌਜਵਾਨ ਦੀ ਭੇਦਭਰੀ ਹਾਲਤ ਵਿੱਚ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ, ਜਦਕਿ ਉਸਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਨੂੰ ਕਤਲ ਕੀਤੇ ਜਾਣ ਦੇ ਗੰਭੀਰ ਦੋਸ਼ ਲਗਾਏ ਹਨ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਅਨੁਰਾਗ ਸਿੰਘ,ਜਿਸ ਦੀ ਉਮਰ 19 ਸਾਲ ਸੀ, ਉਸ ਦੀ ਮ੍ਰਿਤਿਕ ਦੇਹ ਭੇਦਭਰੀ ਹਾਲਤ ਵਿੱਚ ਡਰੇਨ ਬਾਬਾ ਬਕਾਲਾ ਸਾਹਿਬ ਨਜ਼ਦੀਕ ਤੋਂ ਮਿਲੀ ਹੈ। ਮਾਮਲੇ ਸਬੰਧੀ ਪਰਿਵਾਰ ਨੇ ਨੌਜਵਾਨ ਦੇ ਦੋਸਤਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ,ਜਿਥੇ ਪੁਲਿਸ ਨੇ ਕਾਰਵਾਈ ਕਰਦਿਆਂ ਨਾਮਜਦ ਮੁਲਜ਼ਮ ਕਾਬੂ ਕੀਤੇ ਹਨ।
ਦੋਸਤਾਂ ਨਾਲ ਗਿਆ ਸੀ ਨੌਜਵਾਨ : ਜਾਣਕਾਰੀ ਮੁਤਾਬਿਕ ਪਤਾ ਲੱਗਾ ਕਿ ਕਥਿਤ ਮੁਲਜ਼ਮ ਉਸਦੇ ਬੇਟੇ ਨੂੰ ਮਿਤੀ 11 ਫਰਵਰੀ 2024 ਨੂੰ ਇੱਕ ਕਥਿਤ ਮੁਲਜ਼ਮ ਦੇ ਘਰ ਲੈ ਕੇ ਗਏ ਸੀ। ਜਿੱਥੇ ਇਨ੍ਹਾਂ ਨੇ ਇਕੱਠੇ ਕਥਿਤ ਰੂਪ ਵਿੱਚ ਨਸ਼ੇ ਦਾ ਟੀਕਾ ਲਾਇਆ ਸੀ, ਜਿਸ ਕਰਕੇ ਉਸਦੇ ਬੇਟੇ ਦੀ ਸਿਹਤ ਵਿਗੜਣ ਕਰਕੇ ਮੁਲਜਮਾਂ ਨੇ ਉਸ ਨੂੰ ਗੰਦੇ ਪਾਣੀ ਦੀ ਡਰੇਨ ਵਿੱਚ ਸੁੱਟ ਦਿੱਤਾ। ਮਾਮਲੇ ਦਾ ਕਿਸੇ ਨੂੰ ਪਤਾ ਨਾ ਲੱਗੇ ਇਸ ਲਈ ਕਥਿਤ ਮੁਲਜ਼ਮ ਦੋਸਤ ਆਪ ਵੀ ਪਰਿਵਾਰ ਦੇ ਨਾਲ ਨਾਲ ਨੌਜਵਾਨ ਦੀ ਭਾਲ ਕਰਦੇ ਰਹੇ। ਜਿਸ 'ਤੇ ਪੁਲਿਸ ਨੇ ਕਥਿਤ ਮੁਲਜਮਾਂ ਹਰਮਨਦੀਪ ਸਿੰਘ ਉਰਫ ਚੰਡੀਗੜੀਆ ਪੁੱਤਰ ਦਲਜੀਤ ਸਿੰਘ ਅਤੇ ਕਥਿਤ ਮੁਲਜ਼ਮ ਸਾਹਿਲ ਸਿੰਘ ਪੁੱਤਰ ਸੰਗਾ ਸਿੰਘ ਵਾਸੀਆਨ ਬਾਬਾ ਬਕਾਲਾ ਸਾਹਿਬ ਦੇ ਖਿਲਾਫ ਥਾਣਾ ਬਿਆਸ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਦੋਸਤਾਂ ਨੂੰ ਕੀਤਾ ਕਾਬੁ : ਇਸ ਸਬੰਧੀ ਡੀ.ਐਸ.ਪੀ.ਦਫਤਰ ਬਾਬਾ ਬਕਾਲਾ ਸਾਹਿਬ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡੀ ਐਸ ਪੀ ਬਾਬਾ ਬਕਾਲਾ ਸਾਹਿਬ ਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਨੁਰਾਗ ਸਿੰਘ ਦੇ ਪਿਤਾ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਹਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਸ਼ੁਰੂਆਤੀ ਕਾਰਵਾਈ ਕੀਤੀ ਗਈ ਅਤੇ ਇਸ ਦੌਰਾਨ ਪਰਿਵਾਰਿਕ ਮੈਂਬਰਾਂ ਵੱਲੋਂ ਕਥਿਤ ਮੁਲਜਮਾਂ ਦੇ ਉੱਤੇ ਉਹਨਾਂ ਦੇ ਬੇਟੇ ਨੂੰ ਮਾਰਨ ਦੇ ਦੋਸ਼ ਲਗਾਏ ਗਏ ਸਨ। ਜਿਸ ਦੇ ਤਹਿਤ ਕਾਰਵਾਈ ਕਰਦਿਆਂ ਹੁਣ ਪੁਲਿਸ ਵੱਲੋਂ ਦੋ ਕਥਿਤ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।