ਅੰਮ੍ਰਿਤਸਰ: ਗੁਰੂ ਨਗਰੀ 'ਚ ਪੁਲਿਸ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਦਰਅਸਲ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਘਰਿੰਡਾ ਦੇ ਅਧੀਨ ਆਉਂਦੀ ਪੁਲਿਸ ਚੌਂਕੀ ਵੱਲੋ ਦੋ ਨੌਜਵਾਨਾਂ ਨੂੰ ਮੁਖਬਰ ਦੀ ਸੂਚਨਾ ਦੇ ਅਧਾਰ 'ਤੇ ਕਾਬੂ ਕੀਤਾ ਗਿਆ ਸੀ। ਜਿੱਥੇ ਕਸਟਡੀ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਤਾਂ ਉਸ ਦੀ ਮੌਤ ਹੋਈ ਹੈ।
ਪਰਿਵਾਰ ਨੇ ਪੁਲਿਸ ਦੀ ਕਾਰਵਾਈ 'ਤੇ ਚੁੱਕੇ ਸਵਾਲ
ਉਥੇ ਹੀ ਪੁਲਿਸ ਦੇ ਇਸ ਦਾਅਵੇ 'ਤੇ ਪੀੜਤ ਪਰਿਵਾਰ ਨੇ ਸ਼ੱਕ ਜ਼ਾਹਿਰ ਕੀਤਾ ਹੈ ਅਤੇ ਪੁਲਿਸ ਦੀ ਕਾਰਵਾਈ 'ਤੇ ਸਵਾਲ ਵੀ ਖੜ੍ਹੇ ਕੀਤੇ ਹਨ,? ਕਿ ਪੁਲਿਸ ਕਸਟਡੀ 'ਚ ਨੌਜਵਾਨ ਕੋਲ ਹਥਿਆਰ ਕਿਵੇਂ ਹੋ ਸਕਦਾ ਹੈ ਜਦਕਿ ਸਭ ਤੋਂ ਪਹਿਲਾਂ ਪੁਲਿਸ ਮੁਲਜ਼ਮ ਦੀ ਤਲਾਸ਼ੀ ਲੈਂਦੀ ਹੈ। ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਲੜਕਾ ਮਨਜੀਤ ਸਿੰਘ ਜੋ ਕਿ ਸ਼ਾਦੀਸ਼ੁਦਾ ਹੈ ਅਤੇ ਪਿੰਡ ਖਾਸਾ ਵਿਖੇ ਹੈਲਥ ਕਲੱਬ ਚਲਾਉਂਦਾ ਹੈ। ਉਹਨਾਂ ਕਿਹਾ ਕਿ ਉਹਨੂੰ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਕਰਦਾ ਹੈ ਤੋਂ ਸਿੱਖੀ ਲਈ ਪ੍ਰੇਰਿਤ ਵੀ ਕਰਦਾ ਹੈ। ਉਹਨਾਂ ਕਿਹਾ ਕਿ ਸਾਡਾ ਲੜਕਾ ਅਜਿਹਾ ਕੋਈ ਕੰਮ ਨਹੀਂ ਸੀ ਕਰਦਾ, ਜੋ ਕਾਨੂੰਨ ਦੇ ਅਦਾਰੇ ਤੋਂ ਬਾਹਰ ਹੋਵੇ।
ਪੁਲਿਸ ਤੋਂ ਇਨਸਾਫ ਦੀ ਮੰਗ
ਉਹਨਾਂ ਕਿਹਾ ਕਿ ਨਾ ਹੀ ਸਾਡਾ ਲੜਕਾ ਬੁਝਦਿਲ ਨਹੀਂ ਸੀ ਜੋ ਆਪਣੇ ਆਪ ਨੂੰ ਗੋਲੀ ਮਾਰ ਲਵੇ। ਉਹਨਾਂ ਕਿਹਾ ਕਿ ਇਹ ਸਾਰੀ ਪੁਲਿਸ ਵੱਲੋਂ ਸਾਜਿਸ਼ ਰਚੀ ਜਾ ਰਹੀ ਹੈ। ਅਸੀਂ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ ਤੇ ਚਾਹੁੰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਚੌਂਕੀ ਖਾਸਾ ਦੇ ਉਨਾਂ ਅਧਿਕਾਰੀਆਂ ਨੂੰ ਜਿੰਨਾਂ ਨੇ ਮਨਜੀਤ ਸਿੰਘ ਨੂੰ ਆਪਣੀ ਕਸਟਡੀ ਵਿੱਚ ਲਿਆ ਸੀ ਉਹਨਾਂ ਨੂੰ ਸਸਪੈਂਡ ਕਰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇ।
ਪੁਲਿਸ ਕਰ ਰਹੀ ਪੜਤਾਲ
ਇਸ ਮੌਕੇ ਡੀਐਸਪੀ ਲਖਵਿੰਦਰ ਸਿੰਘ ਕਲੇਅਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਮੁਖਬਰ ਦੀ ਸੂਚਨਾ ਦੇ ਅਧਾਰ ਤੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਸੀ। ਜਿਸ ਦੇ ਚਲਦੇ ਇੱਕ ਨੌਜਵਾਨ ਮਨਜੀਤ ਸਿੰਘ ਨੇ ਪੁਲਿਸ ਕਸਟਡੀ ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ। ਉਹਨਾਂ ਨੇ ਦੱਸਿਆ ਕਿ ਜਿਸ ਪਿਸਤੋਲ ਦੇ ਨਾਲ ਉਸ ਨੇ ਗੋਲੀ ਮਾਰੀ ਹੈ। ਉਸ ਦਾ ਲਾਇਸੈਂਸੀ ਪਿਸਤੌਲ ਸੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਜਾਂਚ ਤੋਂ ਬਾਅਦ ਸਾਰੇ ਤੱਥ ਸਾਹਮਣੇ ਆਉਣਗੇ ਉਸ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਉਥੇ ਹੀ ਸੂਤਰਾਂ ਦੇ ਅਧਾਰ ਤੋਂ ਪਤਾ ਲੱਗਾ ਹੈ ਕਿ ਚੌਂਕੀ ਖਾਸਾ ਦੇ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਵੱਲੋਂ ਉਸ ਨੂੰ ਸਵੇਰ ਦਾ ਕਾਬੂ ਕੀਤਾ ਹੋਇਆ ਸੀ ਤੇ ਦੇਰ ਸ਼ਾਮ ਉਸ ਵੱਲੋਂ ਆਪਣੇ ਆਪ ਨੂੰ ਗੋਲੀ ਮਾਰਨ ਦੀ ਘਟਨਾ ਸਾਹਮਣੇ ਆ ਰਹੀ ਹੈ। ਜੋ ਕਿ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀ ਨੇ ਹੀ ਉਸ ਨੂੰ ਉਸ ਦੀ ਲਾਈਸੈਂਸੀ ਪਿਸਤੋਲ ਦੇ ਨਾਲ ਗੋਲੀ ਮਾਰੀ ਹੈ। ਇਸ ਮੌਕੇ ਸਾਰੀ ਦਿਹਾਤੀ ਦੇ ਥਾਣਿਆਂ ਦੀ ਪੁਲਿਸ ਥਾਣਾ ਘਰਿੰਡਾ ਵਿੱਚ ਇਕੱਠੀ ਹੋਈ ਹੈ। ਸੂਤਰਾਂ ਦੇ ਹਵਾਲੇ ਤੋਂ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਪੁਲਿਸ ਵੱਲੋਂ ਰਾਜੀਨਾਮਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ।