ਮਾਨਸਾ : ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਦੁਨੀਆਂ ਭਰ 'ਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸੰਗਤਾਂ ਸਵੇਰ ਤੋਂ ਹੀ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀਆਂ ਹਨ। ਅੱਜ ਯੂਥ ਅਕਾਲੀ ਦਲ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿੱਚ ਵੱਖ ਵੱਖ ਜ਼ਿਲ੍ਹਿਆਂ ਵਿੱਚ ਦਸਤਾਰਾਂ ਦੇ ਲੰਗਰ ਲਗਾਏ ਜਾ ਰਹੇ ਹਨ। ਇਸੇ ਤਹਿਤ ਹੀ ਬੁਢਲਾਡਾ ਵਿਖੇ ਵੀ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਹੈ।
ਸਿਰਾਂ 'ਤੇ ਦਸਤਾਰਾਂ ਸਜਾਉਣ ਦਾ ਨਵੇਕਲਾ ਕਦਮ
ਗੁਪੁਰਬ ਮੌਕੇ ਰਾਗੀ ਜਥਿਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲਣ ਦਾ ਸੰਦੇਸ਼ ਦਿੱਤਾ ਜਾ ਰਿਹਾ ਅਤੇ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਵੱਖ-ਵੱਖ ਥਾਵਾਂ 'ਤੇ ਗੁਰਪੁਰਬ ਦੇ ਸਬੰਧ 'ਚ ਲੰਗਰ ਲਗਾਏ ਜਾ ਰਹੇ ਹਨ ਅਤੇ ਗੁਰੂ ਘਰਾਂ ਦੇ ਵਿੱਚ ਵੀ ਵਿਸ਼ੇਸ਼ ਸਮਾਗਮ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਪੰਜਾਬ ਭਰ ਦੇ ਵਿੱਚ ਨੌਜਵਾਨਾਂ ਦੇ ਸਿਰਾਂ 'ਤੇ ਦਸਤਾਰਾਂ ਸਜਾਉਣ ਦਾ ਨਵੇਕਲਾ ਕਦਮ ਚੁੱਕਿਆ ਗਿਆ ਹੈ।
'ਕਿਰਤ ਕਰੋ ਤੇ ਵੰਡ ਛਕੋ'
ਬੁਢਲਾਡਾ ਦੇ ਪਿੰਡ ਸੈਦੇਵਾਲਾ ਵਿਖੇ ਵੀ ਯੂਥ ਅਕਾਲੀ ਦਲ ਦੇ ਨੌਜਵਾਨਾਂ ਵੱਲੋਂ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਅਤੇ ਨੌਜਵਾਨਾਂ ਅਤੇ ਛੋਟੇ ਬੱਚਿਆਂ ਦੇ ਸਿਰਾਂ ਉੱਤੇ ਦਸਤਾਰਾਂ ਸਜਾਈਆਂ ਗਈਆਂ ਹਨ। ਇਸ ਦੌਰਾਨ ਯੂਥ ਅਕਾਲੀ ਦਲ ਦੇ ਨੇਤਾਵਾਂ ਨੇ ਸਮਾਗਮ ਦੇ ਵਿੱਚ ਸ਼ਾਮਿਲ ਹੋ ਕੇ ਕਿਹਾ ਕਿ ਅੱਜ ਸਾਡੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੁਨੀਆਂ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ। ਜਿੱਥੇ ਉਨ੍ਹਾਂ ਨੇ ਕਿਰਤ ਕਰੋ ਅਤੇ ਵੰਡ ਛਕੋ ਦਾ ਸੰਦੇਸ਼ ਦਿੱਤਾ ਸੀ। ਉੱਥੇ ਹੀ ਹਰ ਇਨਸਾਨ ਨੂੰ ਸੱਚਾਈ ਦੇ ਰਸਤੇ ਉੱਤੇ ਚੱਲਣ ਅਤੇ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਸੀ, ਜਿਸ ਤਹਿਤ ਅੱਜ ਦੁਨੀਆਂ ਭਰ ਦੇ ਵਿੱਚ ਉਨ੍ਹਾਂ ਦਾ ਪ੍ਰਕਾਸ਼ ਪੁਰਬ ਪੂਰੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਅਤੇ ਯੂਥ ਅਕਾਲੀ ਦਲ ਵੱਲੋਂ ਨੌਜਵਾਨਾਂ ਦੇ ਸਿਰਾਂ 'ਤੇ ਦਸਤਾਰਾਂ ਸਜਾਉਣ ਦਾ ਵੀ ਕਾਰਜ ਆਰੰਭ ਕੀਤਾ ਗਿਆ ਹੈ।