ਅੰਮ੍ਰਿਤਸਰ: ਦੇਸ਼ ਭਰ ਅੰਦਰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਈਟੀਵੀ ਭਾਰਤ ਅੱਜ ਇਸ ਖਾਸ ਮੌਕੇ ਇਕ ਬਜ਼ੁਰਗ ਮਹਿਲਾ ਨਾਲ ਮਿਲਵਾਉਣ ਜਾ ਰਹੇ ਹਾਂ, ਜੋ ਕਿਸੇ ਉੱਤੇ ਬੋਝ ਨਹੀਂ ਹੈ, ਸਗੋਂ, ਹੋਰਾਂ ਦਾ ਸਹਾਰਾ ਬਣੀ ਹੋਈ ਹੈ। ਇਹ ਹਨ ਡਾ. ਇੰਦਰਜੀਤ ਕੌਰ, ਜੋ ਕਿ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਦੇ ਮੁਖੀ ਹਨ ਅਤੇ ਇੱਥੇ ਬਸਹਾਰਾ ਮਹਿਲਾਵਾਂ, ਮੰਦਬੁੱਧੀ ਜਾਂ ਅਪਾਹਿਜਾਂ ਨੂੰ ਸ਼ੈਲਟਰ ਦਿੱਤੀ ਹੈ। ਉਹ ਇਨ੍ਹਾਂ ਦੀ ਦਿਲ ਤੋਂ ਸੇਵਾ ਕਰ ਰਹੇ ਹਨ।
ਪਿੰਗਲਵਾੜਾ ਵਿੱਚ ਨਿਭਾ ਰਹੇ ਸੇਵਾ: ਬੀਬੀ ਇੰਦਰਜੀਤ ਕੌਰ ਬਿਨਾਂ ਭੇਦ ਭਾਵ ਤੋਂ ਅਪਾਹਜ, ਬੇਸਹਾਰਾ ਤੇ ਅਨਾਥਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੇ ਆਪਣੀ ਨੌਕਰੀ ਤੋਂ ਬਾਅਦ ਸਾਰਾ ਸਮਾਂ ਇਨ੍ਹਾਂ ਲੋਕਾਂ ਦੀ ਸੇਵਾ ਵਿੱਚ ਗੁਜ਼ਾਰ ਦਿੱਤਾ ਹੈ। ਅਜੇ ਵੀ ਇਨ੍ਹਾਂ ਲਈ ਹੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਅਪਾਹਜਾਂ ਬੇਸਹਾਰਾ ਦੀ ਸੇਵਾ ਕਰਨ ਦੀ ਚਲਦੇ ਮਨ ਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ। ਇਹ ਵਿੱਚ ਕੋਈ ਮਾਣ ਵਾਲੀ ਗੱਲ ਨਹੀਂ, ਸਗੋਂ ਅਜਿਹਾ ਕਰਨਾ ਸਾਡਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਉਹ 'ਕਿਰਤ ਕਰੋ, ਵੰਡ ਛਕੋ' ਦੇ ਸਿਧਾਂਤ ਨੂੰ ਆਪਣੇ ਨਾਲ ਲੈ ਕੇ ਚੱਲ ਰਹੇ ਹਨ। ਇਹ ਗੁਰੂ ਸਾਹਿਬ ਦੀ ਬਾਣੀ ਹੈ ਜਿਸ ਸਾਨੂੰ ਅਜਿਹਾ ਕਰਨ ਦਾ ਸੰਦੇਸ਼ ਦਿੰਦੀ ਹੈ।
ਸਿੱਖਿਆ ਦਾ ਸਟੈਂਡਰਡ ਸਹੀ ਕਰਨ ਦੀ ਲੋੜ: ਇੰਦਰਜੀਤ ਕੌਰ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਮਾਂ ਬਾਪ ਨੂੰ ਵੀ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ ਚਾਹੀਦੇ ਹਨ, ਪਰ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਸਰਕਾਰਾਂ ਦੀ, ਤਾਂ ਸਰਕਾਰਾਂ ਵੱਲੋਂ ਸਿੱਖਿਆ ਦਾ ਸਿਸਟਮ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਹੀ ਤਰੀਕੇ ਦੀ ਸਿੱਖਿਆ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਮਹਿਲਾ ਹੋਣ 'ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ। ਅੱਜ ਕੱਲ ਦੀਆਂ ਮਹਿਲਾਵਾਂ, ਪੁਰਸ਼ਾਂ ਤੋਂ ਘੱਟ ਨਹੀਂ ਹਨ, ਉਹ ਵੀ ਸਮਾਜ ਦੇ ਵਿੱਚ ਬਰਾਬਰ ਦੀਆਂ ਭਾਗੀਦਾਰ ਹਨ। ਉਨ੍ਹਾਂ ਕਿਹਾ ਕਿ ਮਹਿਲਾ ਹਰ ਸੰਭਵ ਕੋਸ਼ਿਸ਼ ਕਰ ਨਵੀਂ ਸ੍ਰਿਸ਼ਟੀ ਦੀ ਰਚਨਹਾਰ ਬਣ ਕੇ ਵਿਖਾ ਸਕਦੀ ਹੈ।
ਬੱਚਿਆਂ ਵਿੱਚ ਕਦਰਾਂ-ਕੀਮਤਾਂ ਦੀ ਘਾਟ: ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਮਹਿਲਾ ਅੱਜ ਹਰ ਸੈਕਟਰ ਵਿੱਚ ਕੰਮ ਕਰ ਰਹੀਆਂ ਹਨ, ਜੋ ਕਿ ਬਹੁਤ ਹੀ ਚੰਗੀ ਗੱਲ ਹੈ। ਪਰ, ਕਈ ਵਾਰ ਮਾਪੇ ਪੈਸਾ ਕਮਾਉਣ ਦੀ ਦੌੜ ਵਿੱਚ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਤੇ ਕਦਰਾਂ-ਕੀਮਤਾਂ ਨਹੀਂ ਸਿਖਾ ਪਾਉਂਦੇ ਜਿਸ ਕਾਰਨ ਹੁਣ ਖ਼ਤਰਨਾਕ ਅਪਰਾਧ ਵਧ ਰਹੇ ਹਨ। ਸੋ, ਮਾਪਿਆਂ ਦਾ ਪਹਿਲਾਂ ਫ਼ਰਜ਼ ਹੈ, ਬੱਚਿਆਂ ਨੂੰ ਕਦਰਾਂ-ਕੀਮਤਾਂ ਸਿਖਾਉਣੀਆਂ ਤੇ ਇਹ ਸਿਰਫ਼ ਕੁੜੀਆਂ ਨੂੰ ਹੀ ਨਹੀਂ ਸਗੋਂ, ਮੁੰਡਿਆਂ ਨੂੰ ਵੀ ਸਿਖਾਉਣ ਦੀ ਲੋੜ ਹੈ।