ਅੰਮ੍ਰਿਤਸਰ: ਸੁਲਤਾਨ ਵਿੰਡ ਇਲਾਕੇ ਵਿੱਚ ਇੱਕ ਔਰਤ ਦੇ ਕਤਲ ਦੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਪੂਰੇ ਇਲਾਕੇ ਨੂੰ ਦਹਿਲਾ ਕੇ ਰੱਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਘਰ ਵਿੱਚ ਇਕੱਲੀ ਰਹਿੰਦੀ ਸੀ ਅਤੇ ਉਸ ਦੀ ਉਮਰ 44 ਸਾਲ ਦੇ ਕਰੀਬ ਹੈ। ਘਟਨਾ ਬਾਰੇ ਮੁਹੱਲੇ ਵਿੱਚ ਖਬਰ ਫੈਲਣ ਉੱਤੇ ਲੋਕਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ।
ਹਮੇਸ਼ਾ ਦਾਨ-ਪੁੰਨ ਕਰਦੀ ਸੀ ਮ੍ਰਿਤਕਾ: ਇਸ ਮੌਕੇ ਮ੍ਰਿਤਕਾ ਔਰਤ ਦੇ ਪਰਿਵਾਰਿਕ ਮੈਂਬਰ ਅਤੇ ਇਲਾਕਾ ਨਿਵਾਸੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਲੜਕੀ ਦਾ ਨਾਂ ਹਰਪ੍ਰੀਤ ਕੌਰ ਰੋਜੀ ਹੈ। ਉਸ ਦੀ ਉਮਰ 44 ਸਾਲ ਦੇ ਕਰੀਬ ਹੈ। ਉਸ ਦੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਉਹ ਘਰ ਵਿੱਚ ਇਕੱਲੀ ਰਹਿੰਦੀ ਸੀ ਤੇ ਦੱਸਿਆ ਜਾ ਰਿਹਾ ਕਿ ਉਹ ਕਾਫੀ ਦਾਨ ਪੁੰਨ ਦਾ ਕੰਮ ਵੀ ਕਰਦੀ ਸੀ। ਕਦੇ ਬੱਚਿਆਂ ਨੂੰ ਟਾਫੀਆਂ ਦੇ ਦਿੰਦੀ ਅਤੇ ਕਦੇ ਰਿਕਸ਼ੇ ਵਾਲਿਆਂ ਜਾਂ ਲੋੜਵੰਦਾਂ ਨੂੰ ਰੋਟੀ ਖੁਆ ਦਿੰਦੀ ਸੀ। ਉਨ੍ਹਾਂ ਕਿਹਾ ਕਿ ਐਤਵਾਰ ਦੀ ਸ਼ਾਮ ਨੂੰ ਪਤਾ ਲੱਗਾ ਕਿ ਰੋਜੀ ਦਾ ਕਤਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਮੌਕੇ ਉੱਤੇ ਪੁੱਜੇ ਤਾਂ ਉਸ ਦੀ ਲਾਸ਼ ਘਰ ਵਿੱਚ ਪਈ ਹੋਈ ਸੀ ਤੇ ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਪੁੱਜੇ ਹੋਏ ਸੀ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਲੜਕੀ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੀ, ਉਹ ਥੋੜਾ ਮੈਂਟਲੀ ਅਪਸੈਟ ਰਹਿੰਦੀ ਸੀ।
ਮੌਕੇ ਉੱਤੇ ਪਹੁੰਚੀ ਪੁਲਿਸ: ਉੱਥੇ ਹੀ, ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਾਮ ਕਰੀਬ ਕੋਈ 7 ਵਜੇ ਜਦੋਂ ਉਹ ਇਲੈਕਸ਼ਨ ਨੂੰ ਲੈ ਕੇ ਇਲਾਕੇ ਵਿੱਚ ਪੈਟਰੋਲਿੰਗ ਕਰ ਰਹੇ ਸੀ ਉਸ ਸਮੇਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੁਲਤਾਨ ਮੰਦਰ ਵਾਲੇ ਬਾਜ਼ਾਰ ਗੋਬਿੰਦ ਨਗਰ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਮੌਕੇ ਉੱਤੇ ਇੱਥੇ ਪਹੁੰਚੇ ਕੇ ਵੇਖਿਆ ਤੇ ਸ਼ੱਕੀ ਹਾਲਾਤਾਂ ਵਿੱਚ ਇਹ ਔਰਤ ਦੀ ਮੌਤ ਹੋ ਚੁੱਕੀ ਸੀ। ਉਹ ਜਾਂਚ ਕਰ ਰਹੇ ਹਨ।
ਗੁਰਦੁਆਰਾ ਸਾਹਿਬ ਕਰਦੀ ਸੀ ਸੇਵਾ: ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਜਾਣਕਾਰੀ ਮਿਲੀ ਹੈ ਕਿ ਮ੍ਰਿਤਕਾ ਦੇ ਚਾਚੇ ਨੇ ਇਸ ਨੂੰ ਗੋਦ ਲਿਆ ਸੀ ਤੇ ਉਨ੍ਹਾਂ ਦੀ ਵੀ 10 ਸਾਲ ਪਹਿਲਾਂ ਮੌਤ ਹੋ ਗਈ ਤੇ ਇਹ ਘਰ ਵਿੱਚ ਇਕੱਲੀ ਰਹਿੰਦੀ ਸੀ ਤੇ ਘਰ ਵਿੱਚ ਤੇ ਕੋਈ ਸਮਾਨ ਨਹੀਂ ਹੈ। ਗੁਆਂਢੀਆਂ ਦੇ ਦੱਸਣ ਮੁਤਾਬਕ, ਇਹ ਹਰਿਮੰਦਰ ਸਾਹਿਬ ਜਾਂ ਸ਼ਹੀਦਾਂ ਸਾਹਿਬ ਰਾਤ ਨੂੰ ਸੇਵਾ ਕਰਦੀ ਸੀ ਤੇ ਜਿੰਨੀ ਵੀ ਪੈਨਸ਼ਨ ਮਿਲਦੀ ਸੀ, ਉਹ ਗਰੀਬ ਲੋਕਾਂ ਨੂੰ ਵੰਡ ਦਿੰਦੀ ਸੀ ਅਤੇ ਆਪਣਾ ਸਮਾਨ ਵੀ ਲੋਕਾਂ ਨੂੰ ਵੰਡ ਦਿੱਤਾ ਹੋਇਆ ਹੈ। ਹੁਣ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲੀ ਹੈ ਜਿਸ ਦੀ ਤਫਤੀਸ਼ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ, ਉਸ ਆਧਾਰ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।