ਬਠਿੰਡਾ: ਨਾਭਾ ਜੇਲ ਬ੍ਰੇਕ ਕਾਂਡ ਦੇ ਮਾਸਟਰ ਮਾਇੰਡ ਗੈਂਗਸਟਰ ਰਮਨਜੀਤ ਸਿੰਘ ਉਰਫ ਰੋਮੀ ਜੋ ਕਿ ਹਾਂਗਕਾਂਗ ਦੀ ਜੇਲ੍ਹ ਵਿੱਚ ਸੀ, ਉਸ ਨੂੰ ਵੀਰਵਾਰ ਦੇਰ ਸ਼ਾਮ ਪੰਜਾਬ ਪੁਲਿਸ ਭਾਰਤ ਲੈ ਕੇ ਪਹੁੰਚੀ। ਰਮਨਜੀਤ ਸਿੰਘ ਉਰਫ ਰੋਮੀ ਨੂੰ ਭਾਰਤ ਲੈ ਕੇ ਆਉਣ ਲਈ ਭਾਰਤ ਨੂੰ 6 ਸਾਲ ਲੜਾਈ ਲੜਨੀ ਪਈ। ਹੁਣ ਮਨਜ਼ੂਰੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਦੇ ਇੱਕ ਐਸਪੀ ਅਤੇ ਦੋ ਡੀਐਸਪੀ ਅਧਿਕਾਰੀਆਂ ਸਣੇ 6 ਮੈਂਬਰੀ ਟੀਮ ਹਾਂਗਕਾਂਗ ਗਈ ਸੀ ਅਤੇ ਅੱਜ ਦੇਰ ਸ਼ਾਮ ਰਮਨ ਜੀਤ ਸਿੰਘ ਉਰਫ ਰੋਮੀ ਨੂੰ ਭਾਰਤ ਲਿਆਂਦਾ। ਇਸ ਦੀ ਪੁਸ਼ਟੀ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਕੀਤੀ ਗਈ ਹੈ।
6 ਕੈਦੀ ਫ਼ਰਾਰ ਹੋਏ, ਕਿਸੇ ਦਾ ਹੋ ਚੁੱਕਾ ਐਨਕਾਉਂਟਰ ਤੇ ਕਈ ਮੁੜ ਗ੍ਰਿਫਤਾਰ: ਨਵੰਬਰ 2016 ਵਿੱਚ ਨਾਭਾ ਜੇਲ ਬ੍ਰੇਕ ਕਾਂਡ ਵਿੱਚ 6 ਕੈਦੀ ਫ਼ਰਾਰ ਹੋਏ ਸੀ, ਜਿਨ੍ਹਾਂ ਵਿੱਚੋਂ ਦੋ ਅੱਤਵਾਦੀ ਅਤੇ ਚਾਰ ਗੈਂਗਸਟਰ ਸਨ। ਫ਼ਰਾਰ ਹੋਏ ਦੋ ਅੱਤਵਾਦੀਆਂ ਵਿੱਚੋਂ ਖਾਲਿਸਤਾਨ ਲਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਨੂੰ ਪੁਲਿਸ ਨੇ ਕੁਝ ਘੰਟਿਆਂ ਬਾਅਦ ਹੀ ਗ੍ਰਿਫਤਾਰ ਕਰ ਲਿਆ ਸੀ, ਜਦਕਿ ਉਸ ਦਾ ਸਾਥੀ ਅੱਤਵਾਦੀ ਕਸ਼ਮੀਰ ਸਿੰਘ ਫ਼ਰਾਰ ਹੋ ਗਿਆ ਸੀ। ਗੈਂਗਸਟਰ ਗੁਰਪ੍ਰੀਤ ਸੇਖੋ ਨੂੰ ਪੁਲਿਸ ਨੇ ਬਾਅਦ ਵਿੱਚ ਮੋਗਾ ਤੋਂ ਗ੍ਰਿਫਤਾਰ ਕੀਤਾ ਸੀ।
ਇਸ ਮਾਮਲੇ ਵਿੱਚ ਸ਼ਾਮਲ ਗੈਂਗਸਟਰ ਹਰਜੋਗਿੰਦਰ ਸਿੰਘ ਉਰਫ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦਾ ਸਾਲ 2018 ਵਿੱਚ ਪੁਲਿਸ ਨੇ ਐਨਕਾਊਂਟਰ ਕੀਤਾ ਸੀ। ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਅੱਤਵਾਦੀ ਮਿੰਟੂ ਦੀ ਬੀਮਾਰੀ ਕਾਰਨ ਜੇਲ 'ਚ ਮੌਤ ਹੋ ਗਈ। ਜਦਕਿ ਨਰੇਸ਼ ਨਾਰੰਗ, ਰਵਿੰਦਰ ਵਿੱਕੀ, ਰਣਜੀਤ ਸਿੰਘ, ਤੇਜਿੰਦਰ ਸ਼ਰਮਾ, ਮੁਹੰਮਦ ਅਸੀਮ ਅਤੇ ਜਤਿੰਦਰ ਨੂੰ ਬਰੀ ਕਰ ਦਿੱਤਾ ਗਿਆ।
ਹਾਂਗਕਾਂਗ ਤੋਂ ਰੋਮੀ ਨੇ ਕਰਵਾਇਆ ਸੀ ਜੇਲ੍ਹ ਬ੍ਰੇਕ ਕਾਂਡ: ਰੋਮੀ ਨਾਭਾ ਜੇਲ੍ਹ ਵਿੱਚ 2016 ਵਿੱਚ ਆਇਆ ਸੀ ਅਤੇ ਜਮਾਨਤ ਵਿੱਚ ਬਾਹਰ ਜਾਣ ਤੋਂ ਬਾਅਦ ਉਸ ਵੱਲੋਂ ਗੈਂਗਸਟਰ ਗੁਰਪ੍ਰੀਤ ਸੇਖੋ ਨਾਲ ਮਿਲ ਕੇ ਨਾਭਾ ਜੇਲ ਬ੍ਰੇਕ ਕਾਂਡ ਦੀ ਸਾਜਿਸ਼ ਰਚੀ। ਗੁਰਪ੍ਰੀਤ ਸੇਖੋ ਜੋ ਕਿ ਨਾਭਾ ਜੇਲ੍ਹ ਵਿੱਚ ਬੰਦ ਸੀ, ਵੱਲੋਂ ਗੈਂਗਸਟਰ ਰਮਨਜੀਤ ਸਿੰਘ ਰੋਮੀ ਨੂੰ ਆਰਥਿਕ ਮਦਦ ਵੀ ਦਿੱਤੀ ਗਈ ਅਤੇ ਰਮਨਜੀਤ ਸਿੰਘ ਰੋਮੀ ਵੱਲੋਂ ਹਾਂਗਕਾਂਗ ਵਿੱਚ ਬੈਠ ਕੇ ਨਾਭਾ ਜੇਲ ਬ੍ਰੇਕ ਕਾਂਡ ਨੂੰ ਅੰਜਾਮ ਦਵਾਇਆ ਗਿਆ।
ਰੋਮੀ ਕਿਵੇਂ ਪਹੁੰਚਿਆਂ ਹਾਂਗਕਾਂਗ ਤੇ ਫਿਰ ਉੱਥੇ ਹੀ ਗ੍ਰਿਫਤਾਰੀ: ਰਮਨਜੀਤ ਸਿੰਘ ਉਰਫ ਰੋਮੀ ਗੈਂਗਸਟਰ ਦੇ ਖਿਲਾਫ ਪੰਜਾਬ ਵਿੱਚ 3 ਮਾਮਲੇ ਦਰਜ ਦੱਸੇ ਜਾ ਰਹੇ ਹਨ। 2016 ਵਿੱਚ ਨਾਭਾ ਜੇਲ ਜਾਣ ਤੋਂ ਬਾਅਦ ਰਮਨਜੀਤ ਸਿੰਘ ਉਰਫ ਰੋਮੀ ਜ਼ਮਾਨਤ ਉੱਤੇ ਬਾਹਰ ਆਇਆ ਸੀ ਅਤੇ ਫਿਰ ਹਾਂਗਕਾਂਗ ਚਲਾ ਗਿਆ। ਪੁਲਿਸ ਵੱਲੋਂ ਗੈਂਗਸਟਰ ਰਮਨਜੀਤ ਉਰਫ ਰੋਮੀ ਦਾ ਰੈਡ ਕਾਰਨਰ ਨੋਟਿਸ ਜਾਰੀ ਕਰਵਾਏ ਜਾਣ ਤੋਂ ਬਾਅਦ 2018 ਵਿੱਚ ਉਸ ਨੂੰ ਹਾਂਗਕਾਂਗ ਵਿੱਚ ਗ੍ਰਿਫਤਾਰ ਕਰ ਲਿਆ ਗਿਆ।
ਪੰਜਾਬ ਨੇ ਮੰਗੀ ਕੇਂਦਰ ਸਰਕਾਰ ਦੀ ਦਖ਼ਲਅੰਦਾਜੀ: ਹਾਂਗਕਾਂਗ ਵਿੱਚ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਦਾ ਇਸ ਮਾਮਲੇ ਵਿੱਚ ਦਖਲ ਮੰਗਿਆ ਅਤੇ 6 ਸਾਲ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਬੀਤੇ ਦਿਨ ਗੈਂਗਸਟਰ ਰਮਨਜੀਤ ਸਿੰਘ ਉਰਫ ਰੋਮੀ ਨੂੰ ਭਾਰਤ ਲਿਆਂਦਾ ਗਿਆ। ਗੈਂਗਸਟਰ ਰਮਨਜੀਤ ਸਿੰਘ ਉਰਫ ਰੋਮੀ ਦੇ ਹੋਰ ਵੀ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਿਲ ਹੋਣ ਦੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਹਨ।