ਲੁਧਿਆਣਾ : ਪੰਜਾਬ ਵਿੱਚ ਮੌਨਸੂਨ ਦੀ ਹੁਣ ਵਾਪਸੀ ਹੋਣ ਜਾ ਰਹੀ ਹੈ ਅਤੇ 12 ਤਰੀਕ ਤੋਂ ਪੰਜਾਬ ਭਰ ਵਿੱਚ ਮੌਸਮ ਸਾਫ ਹੋ ਜਾਵੇਗਾ। ਹਾਲਾਂਕਿ, ਅੱਜ ਕਿਤੇ-ਕਿਤੇ ਜ਼ਰੂਰ ਹਲਕੀ ਬਾਰਿਸ਼ ਅਤੇ ਬੱਦਲਵਾਈ ਹੋਣ ਦੀ ਸੰਭਾਵਨਾ ਹੈ, ਪਰ ਉਸ ਤੋਂ ਬਾਅਦ ਮੌਸਮ ਸਾਫ ਹੋ ਜਾਵੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਕਿੰਨਾ ਤਾਪਮਾਨ ਤੇ ਮੀਂਹ ਦਰਜ ਕੀਤਾ ਜਾ ਰਿਹਾ
ਮੌਸਮ ਵਿਭਾਗ ਦੇ ਮੁਤਾਬਿਕ ਮੌਜੂਦਾ ਦਿਨ ਦੇ ਵਿੱਚ ਟੈਂਪਰੇਚਰ 33 ਡਿਗਰੀ ਦੇ ਨੇੜੇ ਅਤੇ ਰਾਤ ਦੇ ਟੈਂਪਰੇਚਰ 27 ਤੋਂ 28 ਡਿਗਰੀ ਦੇ ਨੇੜੇ ਚੱਲ ਰਹੇ ਹਨ ਜੋ ਕਿ ਆਮ ਹਨ। ਸਤੰਬਰ ਮਹੀਨੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ 85 ਐਮ ਐਮ ਤੱਕ ਬਾਰਿਸ਼ ਆਮ ਹੁੰਦੀ ਹੈ, ਪਰ ਲੁਧਿਆਣਾ ਦੇ ਵਿੱਚ ਇਸ ਤੋਂ ਦੁਗਣੀ ਤੋਂ ਵੀ ਵੱਧ ਬਾਰਿਸ਼ ਦਰਜ ਕੀਤੀ ਗਈ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਪ੍ਰਿੰਸੀਪਲ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਜਾਣਕਾਰੀ ਸਾਂਝੀ ਕੀਤੀ ਕਿਹਾ ਕਿ ਮੌਨਸੂਨ ਅਗਸਤ ਮਹੀਨੇ ਤੱਕ 25 ਫੀਸਦੀ ਘੱਟ ਚੱਲ ਰਿਹਾ ਸੀ, ਜਦਕਿ ਜੁਲਾਈ ਮਹੀਨੇ ਤੱਕ 40 ਫੀਸਦੀ ਤੱਕ ਘੱਟ ਸੀ, ਪਰ ਅਗਸਤ ਮਹੀਨੇ ਵਿੱਚ ਵੀ ਆਮ ਨਾਲੋਂ ਜਿਆਦਾ ਬਾਰਿਸ਼ ਹੋਈ ਹੈ ਅਤੇ ਇਸੇ ਤਰ੍ਹਾਂ ਹੁਣ ਸਤੰਬਰ ਵਿੱਚ ਵੀ ਆਮ ਨਾਲੋਂ ਜਿਆਦਾ ਬਾਰਿਸ਼ ਰਹੀ ਹੈ।
ਕੁੱਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ
ਇਸ ਤੋਂ ਜ਼ਾਹਿਰ ਹੈ ਕਿ ਜੋ ਪਿਛਲੇ ਦੋ ਤਿੰਨ ਮਹੀਨਿਆਂ ਵਿੱਚ ਮੌਨਸੂਨ ਕਮਜ਼ੋਰ ਰਿਹਾ ਸੀ। ਉਸ ਦੀ ਪੂਰਤੀ ਹੁੰਦੀ ਵਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਹੁਣ ਮੌਨਸੂਨ ਦੀ ਵਾਪਸੀ ਸ਼ੁਰੂ ਹੋ ਜਾਵੇਗੀ ਅਤੇ 12 ਤਰੀਕ ਤੋਂ ਬਾਅਦ ਮੌਸਮ ਸਾਫ ਹੋ ਜਾਵੇਗਾ, ਪਰ ਉਨ੍ਹਾਂ ਨੇ ਕਿਹਾ ਕਿ ਕੁੱਝ ਇਲਾਕਿਆਂ ਵਿੱਚ ਜ਼ਰੂਰ ਥੋੜੀ ਬਹੁਤ ਹਲਕੀ ਬਾਰਿਸ਼ ਅਤੇ ਬੱਦਲਵਾਈ ਰਹਿ ਸਕਦੀ ਹੈ।
ਕਿਸਾਨਾਂ ਲਈ ਅਹਿਮ ਸਲਾਹ
ਕਿਸਾਨਾਂ ਲਈ ਵੀ ਇਹ ਮੀਂਹ ਲਾਹੇਵੰਦ ਰਿਹਾ ਹੈ। ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਬਾਰਿਸ਼ ਜਿਆਦਾ ਹੋਣ ਕਰਕੇ ਕਿਤੇ ਕਿਤੇ ਫਸਲਾਂ ਵਿੱਚ ਕੁਝ ਖਰਾਬੀ ਦੀਆਂ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਹਨ, ਪਰ ਉਨ੍ਹਾਂ ਨੇ ਕਿਸਾਨਾਂ ਨੂੰ ਆਪਣੀ ਫਸਲ ਦਾ ਜਾਇਜ਼ਾ ਲਗਾਤਾਰ ਕਰਨ ਦੀ ਸਲਾਹ ਦਿੱਤੀ ਹੈ ਅਤੇ ਨਾਲ ਹੀ ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਡਾਕਟਰਾਂ ਦੇ ਨਾਲ ਸੰਪਰਕ ਕਰਨ ਲਈ ਕਿਹਾ ਹੈ।
ਉਨ੍ਹਾਂ ਕਿਹਾ ਕਿ ਫਿਲਹਾਲ ਉਮੀਦ ਹੈ ਕਿ ਇਸ ਵਾਰ ਆਮ ਜਿੰਨੀ ਬਾਰਿਸ਼ ਮਾਨਸੂਨ ਦੀ ਹੋਵੇਗੀ, ਕਿਉਂਕਿ ਪੂਰੇ ਤਿੰਨ ਚਾਰ ਮਹੀਨੇ ਦੇ ਮੌਨਸੂਨ ਦੇ ਕਾਰਜਕਾਲ ਨੂੰ ਚੈੱਕ ਕੀਤਾ ਜਾਂਦਾ ਹੈ। ਹਾਲਾਂਕਿ ਜੂਨ ਅਤੇ ਜੁਲਾਈ ਮਹੀਨੇ ਦੇ ਵਿੱਚ ਬਾਰਿਸ਼ ਕਾਫੀ ਘੱਟ ਰਹੀ, ਪਰ ਅਗਸਤ ਅਤੇ ਸਤੰਬਰ ਮਹੀਨੇ ਦੀ ਸ਼ੁਰੂਆਤ ਵਿੱਚ ਇਸ ਦੀ ਕਾਫੀ ਹੱਦ ਤੱਕ ਪੂਰਤੀ ਹੋਈ ਹੈ।