ਲੁਧਿਆਣਾ: ਪੰਜਾਬ ਦੀਆਂ ਦੋ ਸੀਟਾਂ ਪੂਰੇ ਦੇਸ਼ 'ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਲੋਕ ਸਭਾ ਸੀਟ ਖਡੂਰ ਸਾਹਿਬ ਅਤੇ ਲੋਕ ਸਭਾ ਸੀਟ ਫਰੀਦਕੋਟ, ਜਿੱਥੇ ਦੋ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਨੇ ਵੱਡੀ ਲੀਡ ਦੇ ਨਾਲ ਜਿੱਤ ਦਰਜ ਕੀਤੀ ਹੈ। ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਨੇ ਕੁੱਲ 4 ਲੱਖ 4 ਹਜ਼ਾਰ 430 ਵੋਟਾਂ ਹਾਸਲ ਕਰਕੇ ਆਪਣੇ ਵਿਰੋਧੀ ਨੂੰ 1 ਲੱਖ 97 ਹਜ਼ਾਰ 120 ਵੋਟਾਂ ਦੇ ਨਾਲ ਮਾਤ ਦਿੱਤੀ ਹੈ। ਸਰਬਜੀਤ ਖਾਲਸਾ ਨੇ ਕੁੱਲ 2 ਲੱਖ 98 ਹਜ਼ਾਰ 62 ਵੋਟਾਂ ਹਾਸਿਲ ਕਰਕੇ ਆਪਣੇ ਵਿਰੋਧੀ ਨੂੰ 70 ਹਜ਼ਾਰ ਦੇ ਕਰੀਬ ਵੋਟਾਂ ਦੇ ਨਾਲ ਮਾਤ ਦਿੱਤੀ ਹੈ। ਸਰਬਜੀਤ ਖਾਲਸਾ ਨੇ ਮਸ਼ਹੂਰ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਨੂੰ ਹਰਾਇਆ। ਇਹਨਾਂ ਦੋਵਾਂ ਦੀ ਜਿੱਤ ਨੇ ਪੰਜਾਬ ਦੀਆਂ ਰੀਜਨਲ ਪਾਰਟੀਆਂ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਦੋਵੇਂ ਹੀ ਲੀਡਰ ਪੰਜਾਬ ਦੇ ਵਿੱਚ ਪੰਥਕ ਏਜੰਡੇ ਦੇ ਨਾਲ ਜੁੜੇ ਹੋਏ ਹਨ। ਹਾਲਾਂਕਿ ਅੰਮ੍ਰਿਤਪਾਲ ਐਨਐਸਏ ਦੇ ਤਹਿਤ ਡਿੱਬੜੂਗੜ ਜੇਲ੍ਹ ਵਿੱਚ ਬੰਦ ਹਨ ਅਤੇ ਦੂਜੇ ਪਾਸੇ ਸਰਬਜੀਤ ਖਾਲਸਾ ਨੇ ਆਪਣੀ ਜਿੱਤ ਤੋਂ ਬਾਅਦ ਲੋਕਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਅੰਮ੍ਰਿਤਪਾਲ ਦੀ ਰਿਹਾਈ ਦੀ ਵੀ ਮੰਗ ਕੀਤੀ ਹੈ।
ਕੌਣ ਨੇ ਦੋਵੇਂ ਜੇਤੂ: ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਹਨ ਅਤੇ ਉਦੋਂ ਉਹ ਚਰਚਾ ਦੇ ਵਿੱਚ ਆਏ ਜਦੋਂ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਹਨਾਂ ਵਾਰਿਸ ਪੰਜਾਬ ਜਥੇਬੰਦੀ ਦੀ ਵਾਗਡੋਰ ਸੰਭਾਲੀ ਅਤੇ ਪੰਜਾਬ ਦੇ ਵਿੱਚ ਪੰਥਕ ਏਜੰਡੇ ਨੂੰ ਜੋਰਾ ਸ਼ੋਰਾਂ ਦੇ ਨਾਲ ਚਲਾਇਆ। ਅੰਮ੍ਰਿਤਪਾਲ ਨੇ ਸਿੱਖੀ ਨੂੰ ਵਧਾਵਾ ਦੇਣ ਲਈ ਕਈ ਵਹੀਰਾਂ ਵੀ ਕੱਢੀਆਂ। ਹਾਲਾਂਕਿ ਬਾਅਦ ਦੇ 'ਚ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੇ ਅੰਮ੍ਰਿਤਪਾਲ 'ਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਚੱਲਦਿਆਂ ਐਨ ਐਸਏ ਲਗਾਇਆ ਅਤੇ ਆਸਾਮ ਦੀ ਡਿੱਬੜੂਗੜ ਜੇਲ੍ਹ ਵਿੱਚ ਭੇਜ ਦਿੱਤਾ। ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਨੂੰ ਚੋਣ ਮੈਦਾਨ ਵਿੱਚ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਜ਼ੋਰ ਤੋਂ ਬਾਅਦ ਉਤਾਰਿਆ ਗਿਆ ਅਤੇ ਅੰਮ੍ਰਿਤਪਾਲ ਦੀ ਮਾਤਾ ਨੇ ਆਪਣੇ ਪੁੱਤਰ ਦੇ ਲਈ ਖਡੂਰ ਸਾਹਿਬ ਸੀਟ ਤੇ ਪ੍ਰਚਾਰ ਕੀਤਾ ਅਤੇ ਨੌਜਵਾਨਾਂ ਨੇ ਵੀ ਵੱਧ ਚੜ ਕੇ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਭੁਗਤਾਈਆਂ। ਅੰਮ੍ਰਿਤਪਾਲ ਨੂੰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਸਮਰਥਨ ਦਿੱਤਾ ਗਿਆ। ਦੂਜੇ ਪਾਸੇ ਸਰਬਜੀਤ ਸਿੰਘ ਖਾਲਸਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪੁੱਤਰ ਹਨ। ਫਰੀਦਕੋਟ ਦੇ ਵਿੱਚ ਇੱਕ ਪਾਸੇ ਜਿੱਥੇ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਚੋਣ ਮੈਦਾਨ ਦੇ ਵਿੱਚ ਸਨ, ਉੱਥੇ ਹੀ ਦੂਜੇ ਪਾਸੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਵੀ ਚਰਚਾ ਦਾ ਵਿਸ਼ਾ ਬਣੇ ਰਹੇ। ਸਰਬਜੀਤ ਖਾਲਸਾ ਨੇ ਸਾਲ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਚੁੱਕਿਆ ਸੀ। ਹਾਲਾਂਕਿ ਸਰਬਜੀਤ ਪੰਥਕ ਏਜੰਡੇ ਦੇ ਨਾਲ ਨਾਲ ਸਮਾਜਿਕ ਮੁੱਦਿਆਂ ਨੂੰ ਵੀ ਪਹਿਲ ਦਿੰਦੇ ਰਹੇ ਜਿਨਾਂ 'ਚ ਨਸ਼ਾ, ਡਿੱਗ ਰਿਹਾ ਸਿੱਖਿਆ ਦਾ ਪਸਾਰ, ਬੇਰੁਜ਼ਗਾਰੀ ਆਦਿ ਮੁੱਖ ਮੁੱਦੇ ਰਹੇ।
ਅਕਾਲੀ ਦਲ ਅਤੇ ਅਕਾਲੀ ਦਲ ਅੰਮ੍ਰਿਤਸਰ: ਹਾਲਾਂਕਿ ਅਕਾਲੀ ਦਲ ਸਿੱਖ ਕੌਮ ਦੇ ਮੁੱਦਿਆਂ ਨੂੰ ਲੈ ਕੇ ਜ਼ਰੂਰ ਚੁੱਕਣ ਦੇ ਦਾਅਵੇ ਕਰਦੀ ਰਹੀ ਹੈ। ਸੰਗਰੂਰ ਵਿੱਚ ਜਦੋਂ ਲੋਕ ਸਭਾ ਦੀ ਜ਼ਿਮਨੀ ਚੋਣ ਹੋਈ ਸੀ ਤਾਂ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜੋਰਾ ਸ਼ੋਰਾ ਨਾਲ ਚੁੱਕਿਆ ਗਿਆ ਸੀ। ਇੱਥੋਂ ਤੱਕ ਕਿ ਅਕਾਲੀ ਦਲ ਨੇ ਬੇਅੰਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਸਜ਼ਾ ਕੱਟ ਰਹੇ ਬਲਵੰਤ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਟਿਕਟ ਦਿੱਤੀ ਸੀ ਪਰ ਉਥੋਂ ਸਿਮਰਨਜੀਤ ਸਿੰਘ ਮਾਨ ਵੀ ਚੋਣ ਮੈਦਾਨ ਦੇ ਵਿੱਚ ਉੱਤਰ ਗਏ ਅਤੇ ਸੰਗਰੂਰ ਜ਼ਿਮਨੀ ਚੋਣ ਜਿੱਤ ਗਏ ਪਰ ਇਸ ਵਾਰ ਸਿਮਰਨਜੀਤ ਸਿੰਘ ਮਾਨ ਖੁਦ ਵੀ ਬਾਕੀ 12 ਉਮੀਦਵਾਰਾਂ ਦੇ ਨਾਲ ਹਾਰ ਗਏ। ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਦੀ ਸੀਟ ਹੀ ਜਿੱਤ ਸਕਿਆ ਅਤੇ ਉਸ ਦਾ ਵੋਟ ਸ਼ੇਅਰ ਹੋਰ ਹੇਠਾਂ ਡਿੱਗਿਆ ਗਿਆ। ਜਿਸ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਲੀਡਰ ਸੰਦੀਪ ਸੰਧੂ ਨੇ ਕਿਹਾ ਹੈ ਕਿ ਇਹ ਚਿੰਤਾ ਦਾ ਵਿਸ਼ਾ ਹੈ ਜਿਸ ਤਰ੍ਹਾਂ ਰੀਜਨਲ ਪਾਰਟੀ ਅਕਾਲੀ ਦਲ ਦਾ ਗਰਾਫ ਲਗਾਤਾਰ ਹੇਠਾਂ ਡਿੱਗਿਆ ਹੈ। ਉਸ ਨੂੰ ਇਸ 'ਤੇ ਘੋਖ ਕਰਨ ਦੀ ਲੋੜ ਹੈ।
- ਕੀ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਜਿੱਤ ਬਾਰੇ ਪਤਾ ਹੈ ? ਜਾਣੋ ਕੀ ਕਹਿੰਦੇ ਹਨ ਅੰਮ੍ਰਿਤਪਾਲ ਦੇ ਮਾਤਾ-ਪਿਤਾ... - Big statement Amritpal Singh father
- ਸਰਬਜੀਤ ਸਿੰਘ ਖਾਲਸਾ ਦੇ ਹੱਕ 'ਚ ਲੋਕਾਂ ਦਾ ਫ਼ਤਵਾ, ਕਰਮਜੀਤ ਅਨਮੋਲ ਨੂੰ ਪਿੱਛੇ ਛੱਡ ਕੀਤੀ ਜਿੱਤ ਹਾਸਿਲ - Punjab Elections Result 2024
- PUNJAB LOK SABHA Election Results Live: ਸੀਐਮ ਮਾਨ ਦਾ 13-0 ਦਾਅਵਾ ਹੋਇਆ ਫਲੋਪ, ਕਾਂਗਰਸ ਨੇ ਮਾਰੀ ਬਾਜ਼ੀ - LOK SABHA ELECTIONS 2024
ਸਿਆਸੀ ਪਾਰਟੀਆਂ ਦੀ ਪ੍ਰਤਿਕਿਰਿਆ: ਪੰਜਾਬ ਤੋਂ ਦੋ ਆਜ਼ਾਦ ਉਮੀਦਵਾਰਾਂ ਦੀ ਜਿੱਤ ਜੋ ਕਿ ਪੰਥਕ ਏਜੰਡੇ ਦੇ ਨਾਲ ਚਲਦੇ ਹਨ ਉਹਨਾਂ ਨੂੰ ਲੈ ਕੇ ਭਾਜਪਾ ਦੇ ਆਗੂ ਰਜਨੀਸ਼ ਧੀਮਾਨ ਨੇ ਕਿਹਾ ਹੈ ਕਿ ਇਹ ਵੋਟ ਆਮ ਆਦਮੀ ਪਾਰਟੀ ਦੀ ਵੋਟ ਹੈ ਜੋ ਕਿ ਆਪਣੇ ਆਪ ਨੂੰ ਪੰਥ ਹਿਤੈਸ਼ੀ ਹੋਣ ਦੇ ਦਾਅਵੇ ਕਰਦੀ ਸੀ ਪਰ ਲੋਕਾਂ ਨੇ ਉਹਨਾਂ ਨੂੰ ਦੋ ਸਾਲ ਦੇ ਵਿੱਚ ਪਰਖਿਆ ਅਤੇ ਜਦੋਂ ਉਹ ਪੰਥਕ ਮੁੱਦਿਆਂ ਦਾ ਕੋਈ ਹੱਲ ਨਹੀਂ ਕਰ ਸਕੇ ਤਾਂ ਸੰਗਤ ਨੇ ਆਪਣੇ ਹੀ ਦੋਵੇਂ ਉਮੀਦਵਾਰ ਖੁਦ ਖੜੇ ਕੀਤੇ ਅਤੇ ਦੋਵਾਂ ਨੂੰ ਵੋਟ ਪਾ ਕੇ ਜਤਾਇਆ। ਉਹਨਾਂ ਕਿਹਾ ਕਿ ਦੋਵਾਂ ਦੀ ਜਿੱਤ ਪੰਜਾਬ ਦੀ ਸਿਆਸਤ ਲਈ ਇੱਕ ਵੱਡਾ ਬਦਲ ਹੈ । ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਲੀਡਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਭਾਜਪਾ ਵੱਲੋਂ ਧਰਮ ਦੇ ਅਧਾਰ 'ਤੇ ਕੀਤੀ ਜਾ ਰਹੀ ਸਿਆਸਤ ਦਾ ਅਸਰ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਿਆ ਹੈ। ਇੱਕ ਪਾਸੇ ਜਿੱਥੇ ਸ਼ਹਿਰਾਂ ਦੇ ਵਿੱਚ ਭਾਜਪਾ ਨੂੰ ਵੋਟ ਪਈ ਪਰ ਪਿੰਡਾਂ 'ਚ ਲੋਕਾਂ ਨੇ ਨਕਾਰ ਦਿੱਤਾ। ਉੱਥੇ ਹੀ ਦੋ ਆਜ਼ਾਦ ਉਮੀਦਵਾਰਾਂ ਦਾ ਜਿੱਤ ਜਾਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਹਲਕੇ ਦੇ ਲੋਕਾਂ ਦੀ ਬਾਕੀ ਪਾਰਟੀਆਂ ਦੇ ਪ੍ਰਤੀ ਗੁੱਸਾ ਸੀ । ਇਸ ਕਰਕੇ ਉਨਾਂ ਨੇ ਆਪਣੇ ਉਮੀਦਵਾਰਾਂ ਦੀ ਚੋਣ ਕੀਤੀ ।ਉਹਨਾਂ ਕਿਹਾ ਕਿ ਪਰ ਲੋਕ ਹੁਣ ਸਿਆਣੇ ਹਨ ਜੇਕਰ ਕੋਈ ਕੰਮ ਨਹੀਂ ਕਰਦਾ ਤਾਂ ਉਸ ਨੂੰ ਉਹ ਮੁੜ ਤੋਂ ਨਾ ਹੀ ਵੋਟਾਂ ਪਾਉਂਦੇ ਹਨ ਅਤੇ ਨਾ ਹੀ ਜਿਤਾਉਂਦੇ ਹਨ।