ਬਠਿੰਡਾ : ਪੰਜਾਬ ਵਿੱਚ ਆਏ ਦਿਨ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਹਨ। ਕਦੇ ਕਿਸੇ ਦਾ ਕਤਲ ਹੁੰਦਾ ਹੈ ਅਤੇ ਕਦੇ ਕਿਸੇ ਦੇ ਘਰ ਉੱਤੇ ਗੋਲੀਆਂ ਚਲਾ ਕੇ ਉਸ ਨੂੰ ਡਰਾਇਆ ਧਮਕਾਇਆ ਜਾਂਦਾ ਹੈ। ਇਸ ਹੀ ਤਰ੍ਹਾਂ ਬਠਿੰਡਾ ਵਿੱਚ ਵੀ ਫਾਇਰਿੰਗ ਦੇ ਮਾਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਬਠਿੰਡਾ ਵਿੱਚ ਇੱਕ ਹਫ਼ਤੇ ਵਿੱਚ ਦੂਜੀ ਵਾਰ ਫਾਇਰਿੰਗ ਦੀ ਖ਼ਬਰ ਸਾਹਮਣੇ ਆਈ ਹੈ। ਜਿਥੇ ਰਾਜਨੀਤੀ ਵਿੱਚ ਸਰਗਰਮ ਦੋ ਸਕੇ ਭਰਾਵਾਂ ਦੇ ਘਰਾਂ ਉਤੇ ਇੱਕ ਤੋਂ ਬਾਅਦ ਇੱਕ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾਈਆਂ ਹਨ।
ਅਕਾਲੀ ਅਤੇ ਕਾਂਗਰਸੀ ਆਗੂ ਦੇ ਘਰ 'ਤੇ ਚਲਾਈਆਂ ਗੋਲੀਆਂ
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਦੀਪ ਸਿੰਘ ਗਹਿਰੀ ਨੇ ਕਿਹਾ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਪਾਰਟੀ ਵਿੱਚ ਹੁੰਦੇ ਹੋਇਆ ਲੋਕਾਂ ਦੀ ਸੇਵਾ ਕਰਦਿਆਂ 32 ਸਾਲ ਹੋ ਗਏ ਹਨ। ਉਨ੍ਹਾਂ ਕਿਹਾ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਸਭ ਕਿਸ ਨੇ ਅਤੇ ਕਿਉਂ ਕੀਤਾ ਹੈ। ਫਿਲਹਾਲ ਇਸ ਘਟਨਾ ਦੀ ਸੂਚਨਾ ਉਨ੍ਹਾਂ ਨੇ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਕਿ ਇਸ ਘਟਨਾਕ੍ਰਮ ਵਿੱਚ ਕਿਹੜੇ ਕਿਹੜੇ ਲੋਕ ਸ਼ਾਮਿਲ ਹਨ ਅਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।
ਦੇਰ ਰਾਤ ਚਲਾਈਆਂ ਗੋਲੀਆਂ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਜਗਦੀਪ ਸਿੰਘ ਗਹਿਰੀ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਦੇ ਘਰ ਉਤੇ ਫਾਇਰਿੰਗ ਕੀਤੀ ਹੈ। ਦੇਰ ਰਾਤ ਸਾਢੇ 11 ਵਜੇ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੇਰ ਰਾਤ ਵਾਪਰੀ ਘਟਨਾ ਤੋਂ ਬਾਅਦ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਰਮਾਤਮਾ ਦਾ ਸ਼ੁਕਰ ਹੈ ਕਿ ਪਰਿਵਾਰ ਦੇ ਕਿਸੀ ਮੈਂਬਰ ਨੂੰ ਜਾਂ ਕਿਸੇ ਹੋਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਰ ਇਹ ਘਟਨਾ ਬੇੱਹਦ ਨਿੰਦਣਯੋਗ ਹੈ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰਦਾਤ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਠਿੰਡਾ ਵਿਖੇ ਸਿਆਸੀ ਆਗੂ ਉੱਤੇ ਗੋਲੀਆਂ ਚਲਾਈਆਂ ਗਈਆਂ ਹਨ। ਬਠਿੰਡਾ ਹੀ ਨਹੀਂ ਤਰਨ ਤਾਰਨ ਵਿਖੇ ਬੀਤੇ ਦਿਨੀਂ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਨਨੂੰ ਦਾ ਵੀ ਪੁਰਾਣੀ ਰੰਜਿਸ਼ ਤਹਿਤ ਚਾਕੂਆਂ ਨਾਲ ਗੋਦ ਕੇ ਕਤਲ ਕਰ ਦਿੱਤਾ ਗਿਆ ਸੀ।