ਨਵੀਂ ਦਿੱਲੀ: ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ 2023 ਤੋਂ ਰਾਜ ਦੇ ਵੱਧ ਰਹੇ ਕਰਜ਼ੇ ਅਤੇ ਸਬਸਿਡੀਆਂ ਦੀ ਵਧਦੀ ਲਾਗਤ ਨਾਲ ਘੱਟਦੇ ਮਾਲੀਏ ਦੇ ਮੱਦੇਨਜ਼ਰ ਗੰਭੀਰ ਵਿੱਤੀ ਤਣਾਅ ਵਿੱਚ ਹੈ। ਜੇਪੀ ਨੱਡਾ ਨੇ ਸੀਐਮ ਮਾਨ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਸੀਐਮ ਮਾਨ ਨੂੰ ਬੇਨਤੀ ਕਰਦੇ ਹਨ ਕਿ ਹਸਪਤਾਲਾਂ ਦੇ ਬਕਾਏ ਜਲਦ ਤੋਂ ਜਲਦ ਅਦਾ ਕੀਤੇ ਜਾਣ ਤੇ ਦਿੱਲੀ ਵਿੱਚ ਆਪ ਪਾਰਟੀ ਦੀ ਵਾਹੋ ਵਾਹੀ ਕਰਨ ਦੀ ਬਜਾਏ, ਪੰਜਾਬ ਦੀ ਸਥਿਤੀ ਉੱਤੇ ਧਿਆਨ ਦੇਣ।
ਨੱਡਾ ਦਾ ਸੀਐਮ ਮਾਨ ਨੂੰ ਸਵਾਲ
ਜੇਪੀ ਨੱਡਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਟਵੀਟ ਕਰਦਿਆ ਮੁੱਖ ਮੰਤਰੀ ਭਗਵੰਤ ਮਾਨ 'ਤੇ ਸਵਾਲ ਖੜੇ ਕੀਤੇ। ਉਨ੍ਹਾਂ ਲਿਖਿਆ ਕਿ ਮੁੱਖ ਮੰਤਰੀ ਮਾਨ ਦੀ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਦਾ ਬਕਾਇਆ ਕਿਉਂ ਨਹੀਂ ਦਿੱਤਾ? ਚੋਣਾਂ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਬਿਹਤਰ ਕਲੀਨਿਕ ਅਤੇ ਸਿਹਤ ਕੇਂਦਰ ਮੁਹੱਈਆ ਕਰਵਾਏ ਜਾਣਗੇ। ਪਰ ਅੱਜ ਉਨ੍ਹਾਂ ਦੀ ਸਰਕਾਰ ਗਰੀਬਾਂ ਦੀ ਭਲਾਈ ਲਈ ਕੰਮ ਨਹੀਂ ਕਰ ਸਕਦੀ।
ਹਸਪਤਾਲਾਂ ਦੇ ਬਕਾਏ ਅਦਾ ਕਰੇ ਪੰਜਾਬ ਸਰਕਾਰ
ਆਯੁਸ਼ਮਾਨ ਭਾਰਤ ਦੀ ਸੰਕਲਪ ਆਰਥਿਕ ਤੌਰ 'ਤੇ ਪਛੜੇ ਪਰਿਵਾਰਾਂ ਨੂੰ ਯਕੀਨੀ ਮੈਡੀਕਲ ਕਵਰ ਨਾਲ ਸਹਾਇਤਾ ਕਰਨ ਲਈ ਬਣਾਇਆ ਗਿਆ ਸੀ, ਅਤੇ ਅੱਜ, ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਅਧੀਨ, ਰਾਜ ਸਰਕਾਰ ਦੇ ਕੁਪ੍ਰਬੰਧਾਂ ਕਾਰਨ, ਲੋਕ ਮੁਫਤ ਸਿਹਤ ਸੇਵਾਵਾਂ ਤੱਕ ਪਹੁੰਚ ਗੁਆ ਚੁੱਕੇ ਹਨ। - ਜੇਪੀ ਨੱਡਾ, ਕੇਂਦਰੀ ਸਿਹਤ ਮੰਤਰੀ
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਹਸਪਤਾਲਾਂ ਦੇ ਬਕਾਏ ਜਲਦ ਤੋਂ ਜਲਦ ਅਦਾ ਕੀਤੇ ਜਾਣ।
ਮੈਂ ਮੁੱਖ ਮੰਤਰੀ ਮਾਨ ਨੂੰ ਅਪੀਲ ਕਰਦਾ ਹਾਂ ਕਿ ਹਸਪਤਾਲਾਂ ਦਾ ਬਕਾਇਆ ਜਲਦੀ ਤੋਂ ਜਲਦੀ ਅਦਾ ਕੀਤਾ ਜਾਵੇ, ਕਿਉਂਕਿ ਆਯੂਸ਼ਮਾਨ ਭਾਰਤ ਪ੍ਰੋਗਰਾਮ ਦੇ ਤਹਿਤ ਬਹੁਤ ਸਾਰੇ ਪਰਿਵਾਰ, ਖਾਸ ਕਰਕੇ ਸਾਡੇ ਮਿਹਨਤੀ ਕਿਸਾਨ, ਲਾਭ ਉਠਾ ਰਹੇ ਹਨ, ਜੋ ਕਿ ਦਿੱਲੀ ਵਿੱਚ ਪਾਰਟੀ ਦੀ ਇਕਾਈ ਨੂੰ ਖੁਸ਼ ਕਰਨ ਦੀ ਬਜਾਏ ਇਸ ਦੇ ਅਨੁਕੂਲ ਹੋਵੇਗਾ। ਮੁੱਖ ਮੰਤਰੀ ਮਾਨ ਪੰਜਾਬ ਦੀ ਨਿਘਰਦੀ ਸਥਿਤੀ 'ਤੇ ਧਿਆਨ ਕੇਂਦਰਿਤ ਕਰਨ।
- ਜੇਪੀ ਨੱਡਾ, ਕੇਂਦਰੀ ਸਿਹਤ ਮੰਤਰੀ
ਪੰਜਾਬ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੀਆਂ ਸੇਵਾਵਾਂ ਬੰਦ
ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਪੰਜਾਬ ਵਿੱਚ ਪ੍ਰਾਈਵੇਟ ਹਸਪਤਾਲ ਅਤੇ ਨਰਸਿੰਗ ਹੋਮ ਐਸੋਸੀਏਸ਼ਨ (PHANA) ਦੁਆਰਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ (AB-PMJA) ਯੋਜਨਾ ਨੂੰ ਰੋਕਣ ਦੀ ਆਲੋਚਨਾ ਕੀਤੀ ਹੈ। ਇਸ ਸਕੀਮ ਤੋਂ ਇਲਾਵਾ ਸਰਕਾਰੀ ਸਿਹਤ ਬੀਮਾ ਯੋਜਨਾਵਾਂ ਅਧੀਨ ਕੈਸ਼ਲੈਸ ਇਲਾਜ ਵੀ ਬੰਦ ਕਰ ਦਿੱਤਾ ਗਿਆ ਹੈ। PHANA ਨੇ ਇਹ ਫੈਸਲਾ ਸੂਬਾ ਸਰਕਾਰ ਵੱਲੋਂ 600 ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਨਾ ਕੀਤੇ ਜਾਣ ਇਹ ਫੈਸਲਾ ਲਿਆ ਹੈ।
ਆਯੁਸ਼ਮਾਨ ਭਾਰਤ ਸਕੀਮ ਕੀ ਹੈ?
ਭਾਰਤ ਸਰਕਾਰ ਦੁਆਰਾ ਕੇਂਦਰੀ ਵਿੱਤ ਬਜਟ 2018 ਵਿੱਚ ਆਯੁਸ਼ਮਾਨ ਭਾਰਤ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਦੋ ਮੁੱਖ ਥੰਮ ਹਨ, ਦੇਸ਼ ਵਿੱਚ ਇੱਕ ਲੱਖ ਸਿਹਤ ਅਤੇ ਤੰਦਰੁਸਤੀ ਕੇਂਦਰ ਸਥਾਪਤ ਕਰਨਾ ਅਤੇ 10 ਕਰੋੜ ਪਰਿਵਾਰਾਂ ਨੂੰ ਪ੍ਰਤੀ ਸਾਲ 5.00 ਲੱਖ ਰੁਪਏ ਦੇ ਸਿਹਤ ਬੀਮਾ ਕਵਰ ਨਾਲ ਜੋੜਨਾ।
ਕੌਣ ਲਾਭ ਲੈ ਸਕਦਾ ਤੇ ਸਕੀਮ ਤਹਿਤ ਕਿੰਨੇ ਪੈਸੇ ਮਿਲਦੇ?
ਇਸ ਯੋਜਨਾ ਦੇ ਤਹਿਤ, 70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗ ਨਾਗਰਿਕਾਂ ਨੂੰ 5 ਲੱਖ ਰੁਪਏ ਤੱਕ ਦੀ ਸਿਹਤ ਕਵਰੇਜ ਪ੍ਰਦਾਨ ਕੀਤੀ ਜਾਵੇਗੀ, ਚਾਹੇ ਉਨ੍ਹਾਂ ਦੀ ਸਮਾਜਿਕ-ਆਰਥਿਕ ਸਥਿਤੀ ਦਾ ਕੋਈ ਵੀ ਹੋਵੇ। ਇਹ ਵਿਸਤਾਰ ਸੀਨੀਅਰ ਨਾਗਰਿਕਾਂ ਲਈ ਸਿਹਤ ਦੇਖਭਾਲ ਲਈ ਲੋੜੀਂਦੇ ਵਿੱਤੀ ਖਰਚਿਆਂ ਨੂੰ ਸੌਖਾ ਬਣਾਉਂਦਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਇਸ ਵਿਸਤ੍ਰਿਤ ਕਵਰੇਜ ਦੀ ਲਾਗਤ ਨੂੰ ਸਾਂਝਾ ਕਰਨਗੀਆਂ।
ਇਸ ਯੋਜਨਾ ਤਹਿਤ ਯੋਗ ਲੋਕਾਂ ਲਈ ਪਹਿਲਾਂ ਆਯੂਸ਼ਮਾਨ ਕਾਰਡ ਬਣਾਏ ਜਾਂਦੇ ਹਨ। ਇਸ ਤੋਂ ਬਾਅਦ ਕਾਰਡਧਾਰਕ ਉਨ੍ਹਾਂ ਹਸਪਤਾਲਾਂ ਵਿੱਚ ਆਪਣਾ ਮੁਫ਼ਤ ਇਲਾਜ ਕਰਵਾ ਸਕਦਾ ਹੈ, ਜੋ ਇਸ ਸਕੀਮ ਵਿੱਚ ਰਜਿਸਟਰਡ ਹਨ। ਇਸਦੇ ਲਈ ਕਾਰਡਧਾਰਕ ਨੂੰ 5 ਲੱਖ ਰੁਪਏ ਦੀ ਸਾਲਾਨਾ ਸੀਮਾ ਮਿਲਦੀ ਹੈ। ਇਸ ਸਕੀਮ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਜਾ ਸਕਦਾ ਹੈ।