ਬਰਨਾਲਾ: ਬਰਨਾਲਾ ਵਿਖੇ ਫ਼ਲਾਂ ਦੇ ਪੈਸੇ ਮੰਗਣ ਤੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ ਜ਼ਿਲ੍ਹੇ ਦੇ ਤਪਾ ਮੰਡੀ ਦੀ ਹੈ, ਜਿੱਥੇ ਮ੍ਰਿਤਕ ਆਪਣੇ ਭਰਾ ਨਾਲ ਫ਼ਲਾਂ ਦੀ ਰੇਹੜੀ ਉਪਰ ਮੌਜੂਦ ਸੀ। ਇਸ ਦੌਰਾਨ ਦੋ ਕਾਰ ਸਵਾਰਾਂ ਨੇ ਫ਼ਲ ਲਏ ਅਤੇ ਫ਼ਲਾਂ ਦੇ ਪੈਸੇ ਮੰਗਣ 'ਤੇ ਕਿਰਚਾਂ ਨਾਲ ਮ੍ਰਿਤਕ ਤੇ ਉਸਦੇ ਭਰਾ ਉਪਰ ਹਮਲਾ ਕਰ ਦਿੱਤਾ। ਜਿਸ ਕਾਰਨ ਅਮਨਦੀਪ ਸਿੰਘ ਦੀ ਮੌਤ ਹੋ ਗਈ ਅਤੇ ਉਸਦਾ ਭਰਾ ਗਗਨਦੀਪ ਸਿੰਘ ਨੂੰ ਹਸਪਤਾਲ ਵਿੱਚ ਜੇਰੇ ਇਲਾਜ ਹੈ। ਪੁਲਿਸ ਨੇ ਹਮਲਾ ਕਰਨ ਵਾਲਿਆਂ ਦੀ ਪਹਿਚਾਣ ਕਰਕੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉਪਰ ਵਾਇਰਲ ਹੋਈ ਹੈ।
ਕਿਰਚਾਂ ਕੱਢ ਕੇ ਹਮਲਾ ਕਰ ਦਿੱਤਾ
ਇਸ ਘਟਨਾ ਦੌਰਾਨ ਜਖ਼ਮੀ ਹੋਏ ਗਗਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਫ਼ਲਾਂ ਦੀ ਦੁਕਾਨ ਹੈ। ਇਸ ਦੌਰਾਨ ਕਾਰ ਸਵਾਰ ਨਸ਼ੇ ਦੀ ਹਾਲਤ ਵਿੱਚ ਫ਼ਲ ਲੈਣ ਆਏ ਸਨ ਅਤੇ ਇਸ ਦੌਰਾਨ ਬਹਿਸ ਹੋ ਗਈ। ਇਸੇ ਦੌਰਾਨ ਉਨ੍ਹਾਂ ਨੇ ਕਿਰਚਾਂ ਕੱਢ ਕੇ ਹਮਲਾ ਕਰ ਦਿੱਤਾ। ਮੇਰੇ, ਮੇਰੇ ਭਰਾ ਅਤੇ ਲੜਾਈ ਹਟਾ ਰਹੇ ਇੱਕ ਹੋਰ ਵਿਅਕਤੀ ਦੇ ਕਿਰਚਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਫ਼ਲਾਂ ਦੇ ਰੇਟ ਨੂੰ ਲੈ ਕੇ ਸਾਡੇ ਉਪਰ ਹਮਲਾ ਕੀਤਾ ਹੈ।
ਦੋ ਕਾਰ ਸਵਾਰ ਆਏ, ਜੋ ਨਸ਼ੇ ਦੀ ਹਾਲਤ ਵਿੱਚ ਸੀ। ਫੱਲਾਂ ਦੇ ਰੇਟਾਂ ਨੂੰ ਲੈ ਕੇ ਆਪਸ ਵਿੱਚ ਬਹਿਸ ਹੋਈ ਤੇ ਪੈਸੇ ਮੰਗਣ ਉੱਤੇ ਸਾਡੇ ਉੱਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ। ਮੇਰੇ ਭਰਾ ਦੀ ਮੌਤ ਹੋ ਚੁੱਕੀ ਹੈ। ਮੈਂ ਤੇ ਇੱਕ ਹੋਰ ਵਿਅਕਤੀ ਜਖਮੀ ਹੋਏ ਤੇ ਹਸਪਤਾਲ ਵਿੱਚ ਇਲਾਜ ਲਈ ਭਰਤੀ ਹਾਂ। - ਮ੍ਰਿਤਕ ਨੌਜਵਾਨ ਦਾ ਭਰਾ
ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ
ਗਗਨਦੀਪ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਦੇ ਢਿੱਡ ਵਿੱਚ ਕਿਰਚਾਂ ਮਾਰੀਆਂ ਅਤੇ ਮੇਰੇ ਵੀ ਦੋ ਤਿੰਨ ਵਾਰ ਕਿਰਚਾਂ ਦੇ ਕੀਤੇ ਹਨ। ਹਮਲਾਵਰਾਂ ਦਾ ਨਸ਼ਾ ਕੀਤਾ ਹੋਇਆ ਸੀ। ਇਹ ਵੀ ਕਿਹਾ ਕਿ ਹਮਲਾਵਰਾਂ ਨੂੰ ਉਹ ਜਾਣਦੇ ਤੱਕ ਨਹੀਂ ਹਨ। ਪਹਿਲੀ ਵਾਰ ਹੀ ਉਹ ਸਾਡੇ ਕੋਲ ਫ਼ਲ ਲੈਣ ਆਏ ਸਨ। ਉੱਥੇ ਮ੍ਰਿਤਕ ਦੇ ਪਿਤਾ ਸਰੂਪ ਦਾਸ ਨੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਫ਼ਲਾਂ ਦੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੋਵਾਂ ਵਿੱਚ ਤਕਰਾਰ
ਇਸ ਸਬੰਧੀ ਡੀਐਸਪੀ ਤਪਾ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ ਅਤੇ ਗਗਨਦੀਪ ਸਿੰਘ ਤਪਾ ਮੰਡੀ ਵਿਖੇ ਫ਼ਲਾਂ ਦਾ ਰੇਹੜੀ ਲਗਾਉਂਦੇ ਹਨ। ਇਨ੍ਹਾਂ ਦੀ ਰੇਹੜੀ ਤੋਂ ਦੋ ਵਿਅਕਤੀ ਫ਼ਲ ਲੈਣ ਆਏ। ਜਿਸ ਦੌਰਾਨ ਫ਼ਲਾਂ ਦੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੋਵਾਂ ਵਿੱਚ ਤਕਰਾਰ ਹੋ ਗਿਆ। ਇਸੇ ਦੌਰਾਨ ਕਾਰ ਵਾਲਿਆਂ ਨੇ ਗਗਨਦੀਪ ਅਤੇ ਉਸਦੇ ਭਰਾ ਅਮਨਦੀਪ ਸਿੰਘ ਨੂੰ ਕਿਰਚਾਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਲੜਾਈ ਦੌਰਾਨ ਦੋਵਾਂ ਨੂੰ ਛੁਡਵਾ ਰਿਹਾ ਬਾਣੀਆ ਰਾਮ ਵੀ ਜ਼ਖ਼ਮੀ ਹੋ ਗਿਆ।
ਕਤਲ ਦਾ ਮਾਮਲਾ ਦਰਜ
ਡੀਐਸਪੀ ਨੇ ਦੱਸਿਆ ਕਿ ਅਮਨਦੀਪ ਸਿੰਘ ਦੀ ਹਾਲਾਤ ਜਿਆਦਾ ਗੰਭੀਰ ਹੋਣ ਕਰਕੇ ਉਸਨੂੰ ਹੋਰ ਵੱਡੇ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਅਤੇ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ। ਜਦਕਿ ਉਸਦਾ ਭਰਾ ਗਗਨਦੀਪ ਸਿੰਘ ਹਾਲੇ ਹਸਪਤਾਲ ਵਿੱਚ ਇਲਾਜ਼ ਕਰਵਾ ਰਿਹਾ ਹੈ। ਕਿਹਾ ਕਿ ਹਮਲਾਵਰ ਜਗਜੀਤ ਸਿੰਘ ਅਤੇ ਕਰਨਵੀਰ ਸਿੰਘ ਵਾਸੀ ਮੋਗਾ ਹਨ। ਜਿਨ੍ਹਾਂ ਉੱਪਰ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਕਰ ਰਹੀ ਹੈ।