ਲੁਧਿਆਣਾ: ਲਾਡੋਵਾਲ ਟੋਲ ਪਲਾਜ਼ਾ 'ਤੇ ਅੱਜ ਟਰੱਕ ਯੂਨੀਅਨ ਅਤੇ ਪੱਲੇਦਾਰ ਯੂਨੀਅਨ ਵੱਲੋਂ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਟੋਲ ਪਲਾਜ਼ਾ ਬੰਦ ਕਰਨ ਦਾ ਵੀ ਐਲਾਨ ਕੀਤਾ, ਹਾਲਾਂਕਿ ਇਸ ਦੌਰਾਨ ਪੁਲਿਸ ਨੇ ਆ ਕੇ ਉਹਨਾਂ ਨੂੰ ਰੋਕ ਲਿਆ ਪਰ ਉਹਨਾਂ ਨੇ ਕਿਹਾ ਕਿ ਅਸੀਂ ਮੀਟਿੰਗ ਕਰਕੇ ਇਸ ਸਬੰਧੀ ਅਗਲਾ ਫੈਸਲਾ ਕਰਾਂਗੇ। ਜਦਕਿ ਇਸ ਦੌਰਾਨ ਪੁਲਿਸ ਵਲੋਂ ਦੋਵਾਂ ਯੂਨੀਅਨਾਂ ਦੇ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ ਤੇ ਜਿਸ ਦੇ ਚੱਲਦੇ ਉਥੇ ਮਾਹੌਲ ਤਣਾਅਪੂਰਨ ਹੋ ਗਿਆ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਠੇਕੇਦਾਰੀ ਸਿਸਟਮ ਨੂੰ ਖਤਮ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਠੇਕੇਦਾਰ 5 ਰੁਪਏ ਬੋਰੀ ਲੈ ਕੇ ਸਾਨੂੰ ਡੇਢ ਰੁਪਏ ਦੇ ਰਿਹਾ ਹੈ।
ਸਰਕਾਰ ਨੇ ਨਹੀਂ ਲਈ ਸਾਰ: ਇਸ ਦੌਰਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਸਾਨੂੰ 30 ਤੋਂ 40 ਰੁਪਏ ਪ੍ਰਤੀ ਬੋਰੀ ਦਿੰਦੀ ਹੈ, ਜਦੋਂ ਕਿ ਸਾਨੂੰ ਠੇਕੇਦਾਰ ਅੱਗੇ ਪੰਜ ਤੋਂ ਛੇ ਰੁਪਏ ਹੀ ਕਮਿਸ਼ਨ ਦਿੰਦਾ ਹੈ। ਉਹਨਾਂ ਕਿਹਾ ਕਿ ਅਸੀਂ ਲਗਾਤਾਰ ਦੋ ਮਹੀਨਿਆਂ ਤੋਂ ਸੰਗਰੂਰ ਦੇ ਵਿੱਚ ਧਰਨੇ 'ਤੇ ਬੈਠੇ ਸਨ। ਸਰਕਾਰ ਨੇ ਸਾਡੀ ਸਾਰ ਹੀ ਨਹੀਂ ਲਈ, ਜਿਸ ਕਰਕੇ ਮਜਬੂਰੀ ਵੱਸ ਸਾਨੂੰ ਅੱਜ ਲਾਡੋਵਾਲ ਟੋਲ ਪਲਾਜ਼ਾ 'ਤੇ ਆਉਣਾ ਪਿਆ ਹੈ। ਉਹਨਾਂ ਕਿਹਾ ਕਿ ਅੱਜ ਪੂਰੇ ਪੰਜਾਬ ਭਰ ਦੇ ਯੂਨੀਅਨ ਅੱਜ ਇਕੱਠੀ ਹੋ ਰਹੀ ਹੈ। ਲੱਗਭਗ 5000 ਦੇ ਕਰੀਬ ਅੱਜ ਟਰੱਕ ਡਰਾਈਵਰ ਇਕੱਠੇ ਹੋ ਰਹੇ ਹਨ। ਉਹਨਾਂ ਕਿਹਾ ਕਿ ਸੀਐਮ ਤੋਂ ਇਸ ਸਬੰਧੀ ਬਿਨਾਂ ਪੱਕਾ ਪੱਤਰ ਲਏ, ਅਸੀਂ ਅੱਜ ਨਹੀਂ ਉੱਠਾਂਗੇ। ਉਹਨਾਂ ਕਿਹਾ ਕਿ ਅਸੀਂ ਅੱਜ ਸੜਕ ਜਾਮ ਕਰ ਦਿਆਂਗੇ ਤੇ ਲੋਕਾਂ ਨੂੰ ਲੰਘਣਾ ਬੰਦ ਕਰ ਦੇਵਾਂਗੇ, ਜਿਸ ਤੋਂ ਬਾਅਦ ਸਰਕਾਰ ਨੂੰ ਮਜਬੂਰੀ ਬੱਸ ਇਸ ਸਬੰਧੀ ਫੈਸਲਾ ਲੈਣਾ ਪਵੇਗਾ।
ਟਰੱਕਾਂ ਵਾਲਿਆਂ ਦੇ ਨਾਲ-ਨਾਲ ਮਜ਼ਦੂਰ ਵੀ ਪਰੇਸ਼ਾਨ: ਉਹਨਾਂ ਕਿਹਾ ਕਿ ਪੰਜ ਜਥੇਬੰਦੀਆਂ ਤੇ ਪੱਲੇਦਾਰ ਯੂਨੀਅਨ ਵੀ ਸਾਡੇ ਨਾਲ ਹੈ। ਇਸ ਤੋਂ ਇਲਾਵਾ ਸਾਡੇ ਨਾਲ ਸਾਰੇ ਪੰਜਾਬ ਭਰ ਦੀਆਂ ਟਰੱਕ ਯੂਨੀਅਨ ਵੀ ਨਾਲ ਹਨ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਸਰਕਾਰ ਸਾਡੀਆਂ ਲੰਬੇ ਸਮੇਂ ਤੋਂ ਮੰਗਾਂ ਨਹੀਂ ਮੰਨ ਰਹੀ ਹੈ ਤੇ ਸਾਡੇ ਨਾਲ ਲੇਬਰ ਕਰਨ ਵਾਲੇ ਮਜ਼ਦੂਰ ਵੀ ਪਰੇਸ਼ਾਨ ਹਨ ਅਤੇ ਉਹ ਵੀ ਖੱਜਲ ਖੁਆਰ ਹੋ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਹੁਣ ਆਰ-ਪਾਰ ਦੀ ਲੜਾਈ ਕਰਨ ਲਈ ਆਏ ਹਨ ਅਤੇ ਇਸ ਤੋਂ ਇਲਾਵਾ ਅਸੀਂ ਸਰਕਾਰ ਤੋਂ ਆਪਣੀਆਂ ਗੱਲਾਂ ਮਨਵਾ ਕੇ ਹੀ ਜਾਵਾਂਗੇ ਨਹੀਂ ਤਾਂ ਸੜਕਾਂ ਜਾਮ ਕਰ ਦੇਵਾਂਗੇ। ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਜਾਵੇਗੀ।