ਰੋਪੜ/ਸ੍ਰੀ ਮੁਕਤਸਰ ਸਾਹਿਬ/ਅੰਮ੍ਰਿਤਸਰ/ਪਠਾਨਕੋਟ/ਬਠਿੰਡਾ: ਕਿਸਾਨਾਂ ਵੱਲੋਂ ਅੰਦੋਲਨ ਦੋ ਦਾ ਐਲਾਨ ਕਰਦੇ ਹੀ ਹਰਿਆਣਾ ਸਰਕਾਰ ਵੱਲੋਂ ਬਾਰਡਰਾਂ ਉੱਤੇ ਕੀਤੀ ਗਈ ਬੈਰੀਕੇਡਿੰਗ ਅਤੇ ਕਿਸਾਨਾ 'ਤੇ ਢਾਏ ਤਸ਼ੱਦਦ ਦੇ ਵਿਰੋਧ ਵਿੱਚ ਅੱਜ ਪੰਜਾਬ ਵਿੱਚ ਕਿਸਾਨ 5 ਘੰਟਿਆਂ ਲਈ ਸਾਰੇ ਟੋਲ ਪਲਾਜ਼ਿਆਂ ਅਤੇ ਰੇਲਾਂ ਨੂੰ ਠੱਪ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਹੀ ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬਠਿੰਡਾ ਦੇ ਲਹਿਰਾ ਬੇਗਾ ਟੋਲ ਪਲਾਜੇ ਨੂੰ ਤਿੰਨ ਘੰਟਿਆਂ ਲਈ ਕਿਸਾਨਾਂ ਵੱਲੋਂ ਮੁਫਤ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮਤਰੇਆ ਸਲੂਕ ਕਿਸਾਨ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕਰਨਗੇ। ਇਸ ਦੋਰਾਨ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
ਰੋਪੜ ਵਿੱਚ ਜੁੱਟੇ ਕਿਸਾਨ ਪ੍ਰਦਰਸ਼ਨਕਾਰੀ: ਰੋਪੜ ਦੇ ਸੂਲਖੀਆਂ ਟੋਲ ਪਲਾਜ਼ਾ ਉੱਤੇ ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਵੱਲੋਂ ਅੱਜ ਕਰੀਬ 11 ਵਜੇ ਟੋਲ ਪਲਾਜ਼ਾ ਲੋਕਾਂ ਦੇ ਲਈ ਮੁਫਤ ਕਰ ਦਿੱਤਾ ਗਿਆ ਇਹ ਟੋਲ ਪਲਾਜ਼ਾ ਦੁਪਹਿਰ 2 ਵਜੇ ਤੱਕ ਲੋਕਾਂ ਦੇ ਲਈ ਮੁਫਤ ਰਹੇਗਾ। ਇਸ ਵਿਉਂਤਬੰਦੀ ਨੂੰ ਕੇਂਦਰ ਸਰਕਾਰ ਉੱਤੇ ਦਬਾਅ ਪਾਣ ਵਜੋਂ ਵੀ ਦੇਖਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਸਰਕਾਰ ਮੰਗਾ ਨਹੀਂ ਮੰਨੇਗੀ ਤਾਂ ਅਜਿਹੇ ਧਰਨੇ ਪ੍ਰਦਰਸ਼ਨ ਲਗਾਤਾਰ ਚੱਲਦੇ ਰਹਿਣਗੇ ਅਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਹਰਿਆਣਾ ਦੇ ਬਾਰਡਰ ਉੱਤੇ ਵੀ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਅੰਮ੍ਰਿਤਸਰ 'ਚ ਰੇਲਵੇ ਟਰੈਕ 'ਤੇ ਬੈਠੇ ਪ੍ਰਦਰਸ਼ਨਕਾਰੀ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੰਮ੍ਰਿਤਸਰ ਦੇ ਵੱਲਾ ਫਾਟਕ 'ਤੇ ਰੇਲਾਂ ਰੋਕੀਆਂ ਹਨ। ਕਿਸਾਨ ਆਗੂਆਂ ਵਲੋਂ ਰੇਲ ਪਟਰੀਆਂ ਉੱਤੇ ਦਰੀਆਂ ਵਿਛਾ ਕੇ ਚੱਕਾ ਜਾਮ ਕੀਤਾ ਗਿਆ। ਕਿਸਾਨ ਆਗੂ ਨੇ ਕਿਹਾ ਕਿ ਸਾਡੀ ਮੁੱਖ ਮੰਗ ਇਹ ਹੈ ਕਿ ਐਮਐਸਪੀ ਕਾਨੂੰਨ ਲਾਗੂ ਕੀਤਾ ਜਾਵੇ ਤੇ ਜਿਹੜੇ ਕਿਸਾਨਾਂ 'ਤੇ ਪਰਚੇ ਦਰਜ ਕੀਤੇ ਗਏ ਹਨ, ਉਨ੍ਹਾਂ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ, ਪਰ ਕੇਂਦਰ ਸਰਕਾਰ ਆਪਣੇ ਅੜੀਅਲ ਰਵਈਏ 'ਤੇ ਅੜੀ ਹੋਈ ਹੈ। ਉਹ ਸਾਡੀ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਇਸ ਵਾਰ ਇੱਕ ਵਾਰ ਫਿਰ ਸਾਨੂੰ ਦਿੱਲੀ ਵੱਲ ਨੂੰ ਕੂਚ ਕਰਨਾ ਪੈ ਰਿਹਾ ਹੈ ਅਤੇ ਦਿੱਲੀ ਕੂਚ ਕਰ ਰਹੇ ਕਿਸਾਨਾਂ ਨਾਲ ਜੋ ਸਲੂਕ ਕੀਤਾ ਗਿਆ ਹੈ, ਇਹ ਪ੍ਰਦਰਸ਼ਨ ਉਸ ਵਿਰੁੱਧ ਵੀ ਹੈ।
ਪਠਾਨਕੋਟ ਵਿੱਚ ਜੁਟੇ ਕਿਸਾਨ ਪ੍ਰਦਰਸ਼ਨਕਾਰੀ: ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਯੂਨੀਅਨ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਦਿੱਲੀ ਵੱਲ ਵੀ ਕੂਚ ਕੀਤਾ ਜਾ ਰਿਹ ਹੈ। ਇਸ ਵਿਚਾਲੇ ਕੇਂਦਰ ਦੇ ਨਾਲ ਕੋਈ ਵੀ ਸਹਿਮਤੀ ਨਾ ਬਣਦੀ ਦੇਖਦੇ ਹੋਏ ਅੱਜ ਕਿਸਾਨ ਯੂਨੀਅਨ ਵੱਲੋਂ ਟੋਲ ਪਲਾਜ਼ਾ ਨੂੰ ਬੰਦ ਰੱਖਣ ਦੀ ਕਾਲ ਦਿੱਤੀ ਸੀ ਜਿਸ ਦੇ ਚੱਲਦੇ ਅੱਜ ਪਠਾਨਕੋਟ ਅੰਮ੍ਰਿਤਸਰ ਕੌਮੀ ਰਾਹ ਤੇ ਪੈਂਦੇ ਲਦਪਾਲਮਾ ਟੋਲ ਪਲਾਜ਼ਾ 'ਤੇ ਕਿਸਾਨਾਂ ਵੱਲੋਂ ਇਕੱਠ ਕਰ ਕੇ ਟੋਲ ਪਲਾਜ਼ਾ ਨੂੰ 2 ਬਜੇ ਤਕ ਬੰਦ ਕਰ ਫ੍ਰੀ ਕਰਵਾਇਆ ਅਤੇ ਆਪਣਾ ਰੋਸ ਜਾਹਿਰ ਕੀਤਾ ਹੈ।
ਸ੍ਰੀ ਮੁਕਤਸਰ ਸਾਹਿਬ ਤੋਂ ਤਸਵੀਰਾਂ: ਸ੍ਰੀ ਮੁਕਤਸਰ ਸਾਹਿਬ ਵਿਖੇ ਯੂਥ ਕਾਂਗਰਸੀ ਵਰਕਰਾਂ ਵੱਲੋਂ ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਯੂਥ ਕਾਂਗਰਸੀ ਵਰਕਰ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਇਕੱਠੇ ਹੋਏ ਅਤੇ ਪ੍ਰਦਰਸ਼ਨ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਦੌਰਾਨ ਪੰਜਾਬ - ਹਰਿਆਣਾ ਬਾਰਡਰ 'ਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਬੈਰੀਕੇਡਿੰਗ, ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲਿਆਂ ਦੇ ਕੀਤੇ ਜਾ ਰਹੇ ਇਸਤੇਮਾਲ ਦੀ ਨਿੰਦਾ ਕੀਤੀ ਗਈ। ਯੂਥ ਕਾਂਗਰਸੀ ਆਗੂਆਂ ਨੇ ਕਿਹਾ ਕਿ ਰੋਸ ਪ੍ਰਗਟ ਕਰਨਾ ਸੰਵਿਧਾਨਿਕ ਹੱਕ ਹੈ ਪਰ ਜਿਸ ਤਰ੍ਹਾਂ ਦਾ ਵਰਤਾਅ ਕੇਂਦਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਦਿੱਲੀ ਜਾ ਰਹੇ ਕਿਸਾਨਾਂ ਨਾਲ ਬਾਰਡਰਾਂ 'ਤੇ ਕਰ ਰਹੀ ਹੈ, ਉਹ ਬਹੁਤ ਗ਼ਲਤ ਹੈ।
ਬਠਿੰਡਾ ਵਿੱਚ ਕਿਸਾਨ ਪ੍ਰਦਰਸ਼ਨਕਾਰੀ: ਸੂਬੇ ਭਰ ਦੇ ਕਈ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨਕਾਰੀ ਕਿਸਾਨ ਰੇਲਵੇ ਟਰੈਕ ਉੱਤੇ ਜੁੱਟਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਵਲੋਂ ਰੇਲਵੇ ਟਰੈਕ ਜਾਮ ਕੀਤੇ ਜਾ ਰਹੇ ਹਨ। ਕਿਸਾਨ ਅੰਦੋਲਨ ਦੌਰਾਨ ਹਰਿਆਣਾ ਸਰਕਾਰ ਵੱਲੋਂ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਪੰਜਾਬ ਦੇ ਕਿਸਾਨਾਂ ਤੇ ਕੀਤੇ ਗਏ ਤਸ਼ੱਦਦ ਦੇ ਵਿਰੋਧ ਦੇ ਵਿੱਚ ਕਿਸਾਨਾਂ ਵੱਲੋਂ ਅੱਜ 11 ਤੋਂ 2 ਵਜੇ ਤੱਕ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਫ੍ਰੀ ਕੀਤੇ ਗਏ ਹਨ। ਕਿਸਾਨਾਂ ਦਾ ਕਹਿਣਾ ਜੇਕਰ ਸਰਕਾਰ ਨੇ ਆਉਂਦੇ ਦਿਨਾਂ ਵਿੱਚ ਕਿਸਾਨਾਂ ਉੱਤੇ ਤਸ਼ੱਦਦ ਕਰਨਾ ਬੰਦ ਨਹੀਂ ਕੀਤਾ, ਤਾਂ ਸੰਘਰਸ਼ ਹੋਰ ਤੀਖਾ ਕੀਤਾ ਜਾਵੇਗਾ।
ਬਠਿੰਡਾ ਦੇ ਲਹਿਰਾ ਬੇਗਾ ਟੋਲ ਪਲਾਜੇ ਤੇ ਇਕੱਠੇ ਹੋਏ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਤੇ ਤਸ਼ੱਦਦ ਕਰਨਾ ਬਹੁਤ ਹੀ ਮੰਦਭਾਗਾ ਹੈ, ਪਰ ਉਹ ਆਪਣੀਆਂ ਮੰਗਾਂ ਹਰ ਹਾਲਤ ਦੇ ਵਿੱਚ ਮਨਵਾ ਕੇ ਰਹਾਂਗੇ।
- ਕਿਸਾਨਾਂ ਵੱਲੋਂ ਰੇਲ ਰੋਕਣ ਦੇ ਐਲਾਨ ਤੋਂ ਬਾਅਦ ਰੇਲਵੇ ਅਧਿਕਾਰੀ ਚੌਕਸ, ਲੱਖਾਂ ਯਾਤਰੀ ਹੋ ਸਕਦੇ ਹਨ ਪ੍ਰਭਾਵਿਤ
- ਕਿਸਾਨ ਅੰਦੋਲਨ ਦਾ ਤੀਜਾ ਦਿਨ: ਸ਼ੰਭੂ ਬਾਰਡਰ 'ਤੇ ਡਟੇ ਕਿਸਾਨ; ਰੇਲਾਂ ਰੋਕਣ ਦਾ ਐਲਾਨ, ਕੇਂਦਰ ਸਰਕਾਰ ਨਾਲ ਮੀਟਿੰਗ ਅੱਜ
- ਨਵਜੋਤ ਸਿੱਧੂ ਧੜੇ ਵੱਲੋਂ ਬਠਿੰਡਾ ਵਿੱਚ ਮੀਟਿੰਗ, ਕਿਹਾ- 2024 ਲੋਕ ਸਭਾ ਚੋਣ ਜਿੱਤ ਲਈ ਨਵਜੋਤ ਸਿੱਧੂ ਵਰਗੇ ਮਜ਼ਬੂਤ ਲੀਡਰ ਦੀ ਜ਼ਰੂਰਤ
ਭਲਕੇ 16 ਫ਼ਰਵਰੀ ਨੂੰ ਭਾਰਤ ਬੰਦ ਰਹੇਗਾ: ਸਬੰਧੀ ਜਾਣਕਾਰੀ ਦਿੰਦਿਆ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸ਼ੰਭੂ ਸਰਹੱਦ 'ਤੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਿਸਾਨ ਆਪਣੇ ਹੱਕਾਂ ਲਈ ਲੜ ਰਹੇ ਹਨ। ਬਜ਼ੁਰਗਾਂ ਉਤੇ ਸੈਨਿਕਾਂ ਨੇ ਹਜ਼ਾਰਾਂ ਅੱਥਰੂ ਗੈਸ ਦੇ ਗੋਲੇ ਦਾਗੇ। ਇਸ ਨਾਲ ਕਈ ਕਿਸਾਨ ਜ਼ਖਮੀ ਹੋਏ ਹਨ। ਪਰ, ਹੁਣ ਸਮਾਂ ਆ ਗਿਆ ਹੈ ਕਿ ਕਿਸਾਨਾਂ ਨੂੰ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਹੋਰ ਤਰੀਕੇ ਅਪਣਾਉਣੇ ਪੈਣਗੇ। ਲੱਖੋਵਾਲ ਨੇ ਕਿਹਾ ਕਿ ਅੱਜ ਉਨ੍ਹਾਂ ਦਾ ਗਰੁੱਪ ਅਤੇ ਹੋਰ ਸਹਿਯੋਗੀ ਗਰੁੱਪ ਟੋਲ ਫਰੀ ਕਰਨਗੇ। ਭਲਕੇ 16 ਫ਼ਰਵਰੀ ਨੂੰ ਭਾਰਤ ਬੰਦ ਰਹੇਗਾ।
ਦੱਸਣਯੋਗ ਹੈ ਕਿ ਕਿਸਾਨ ਵੱਖ-ਵੱਖ ਥਾਵਾਂ ੳੱਤੇ ਧਰਨੇ ਲਗਾ ਰਹੇ ਹਨ ਜਿਨਾਂ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਮੁਫ਼ਤ ਰਹੇਗਾ। ਨਵੀਂ ਦਿੱਲੀ ਤੋਂ ਅੰਮ੍ਰਿਤਸਰ ਰੇਲ ਲਾਈਨ ਵੀ ਅੱਜ ਵਿਘਨ ਪਵੇਗੀ। ਅੰਮ੍ਰਿਤਸਰ ਤੋਂ ਆਉਣ ਵਾਲੀਆਂ ਟਰੇਨਾਂ ਕਰੀਬ 5 ਘੰਟੇ ਦੀ ਦੇਰੀ ਨਾਲ ਲੁਧਿਆਣਾ ਪੁੱਜਣਗੀਆਂ। ਅੱਜ ਕਿਸਾਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਅੰਮ੍ਰਿਤਸਰ ਟ੍ਰੈਕ 'ਤੇ ਧਰਨਾ ਦਿੱਤਾ ਜਾਵੇਗਾ। 12 ਵਜੇ ਰੇਲ ਗੱਡੀਆਂ ਜਿੱਥੇ ਵੀ ਹੋਣਗੀਆਂ, ਉੱਥੇ ਹੀ ਰੋਕ ਦਿੱਤੀਆਂ ਜਾਣਗੀਆਂ। ਟਰੇਨ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਕਾਦੀਆ ਆਦਿ ਟੋਲ ਪਲਾਜ਼ੇ ਬੰਦ ਕਰੇਗੀ। ਕਿਸਾਨ ਯੂਨੀਅਨ ਉਗਰਾਹਾਂ ਵਿਖੇ ਰੇਲਵੇ ਟਰੈਕ ਜਾਮ ਕਰੇਗੀ।
ਅੱਜ ਕਿਸਾਨਾਂ ਨਾਲ ਮੁੜ ਤੀਜੀ ਬੈਠਕ: ਜ਼ਿਕਰਯੋਗ ਹੈ ਕਿ ਅੱਜ ਸ਼ਾਮ ਇੱਕ ਵਾਰ ਫਿਰ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਦਾ ਤੀਜਾ ਦੌਰ ਅਤੇ ਅੰਦੋਲਨ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ। ਇਸ ਵਿੱਚ ਕਿਸਾਨਾਂ ਦੇ ਮਸਲੇ ਵਿਚਾਰੇ ਜਾਣਗੇ। ਉੱਥੇ ਹੀ, 13-14 ਫਰਵਰੀ ਨੂੰ ਪੰਜਾਬ ਦੇ ਸ਼ੰਭੂ, ਖਨੌਰੀ ਅਤੇ ਡੱਬਵਾਲੀ ਸਰਹੱਦਾਂ 'ਤੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ, ਰਬੜ ਅਤੇ ਪਲਾਸਟਿਕ ਦੀਆਂ ਗੋਲੀਆਂ ਆਦਿ ਚਲਾਏ ਜਾਣ ਤੋਂ ਪੰਜਾਬ ਦੀਆਂ ਹੋਰ ਜਥੇਬੰਦੀਆਂ ਵਿੱਚ ਭਾਰੀ ਰੋਸ ਹੈ।