ਅੰਮ੍ਰਿਤਸਰ: ਪੰਜਾਬ ਵਿੱਚ ਮੰਡੀਆਂ ਅੰਦਰ ਕਿਸਾਨਾਂ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ,ਮੰਡਆਂ ਵਿੱਚ ਹੋ ਰਹੀ ਖੱਜਲ ਖੁਆਰੀ, ਕਿਸਾਨਾਂ ਉੱਤੇ ਪਰਾਲੀ ਨੂੰ ਲੈ ਕੇ ਕੀਤੇ ਜਾ ਰਹੇ ਪਰਚੇ ਅਤੇ ਡੀਏਪੀ ਦੀ ਘਾਟ ਨੂੰ ਲੈ ਕੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਅੰਮ੍ਰਿਤਸਰ ਵਿਖੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਕਿਸਾਨਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ। ਜਿਸ ਦੇ ਚਲਦੇ ਮਜਬੂਰਨ ਕਿਸਾਨਾਂ ਨੂੰ ਸੜਕਾਂ ਜਾਮ ਕਰਨੀਆਂ ਪੈ ਰਹੀਆਂ ਹਨ।
ਚਾਰ ਦਿਨ ਦੀ ਦਿੱਤੀ ਸੀ ਮੋਹਲਤ
ਦੱਸ ਦੇਈਏ ਕਿ ਕਿਸਾਨ ਮੋਰਚੇ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 19 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਝੋਨੇ ਦੀ ਖ਼ਰੀਦ ਅਤੇ ਲਿਫਟਿੰਗ ਦੇ ਕੰਮ ਨੂੰ ਦੋ ਦਿਨਾਂ ਵਿੱਚ ਸੁਚਾਰੂ ਕਰਨ ਦਾ ਭਰੋਸਾ ਦਿੱਤਾ ਸੀ ਜਦੋਂ ਕਿ ਸੰਯੁਕਤ ਕਿਸਾਨ ਮੋਰਚੇ ਨੇ ਚੰਡੀਗੜ੍ਹ ਧਰਨਾ ਖ਼ਤਮ ਕਰਦਿਆਂ ਮੁੱਖ ਮੰਤਰੀ ਨੂੰ ਚਾਰ ਦਿਨ ਦੀ ਮੋਹਲਤ ਦਿੱਤੀ ਸੀ। ਇਸ ਦੇ ਬਾਵਜੂਦ ਖ੍ਰੀਦ ਅਤੇ ਲਿਫਟਿੰਗ ਦਾ ਮਾਮਲਾ ਕੀੜੀ ਦੀ ਰਫ਼ਤਾਰ ਨਾਲ ਚੱਲਣ ਕਾਰਨ ਮਜਬੂਰ ਹੋ ਕੇ ਸੰਯੁਕਤ ਕਿਸਾਨ ਮੋਰਚਾ ਨੂੰ ਚੱਕਾ ਜਾਮ ਵਰਗਾ ਕਦਮ ਚੁੱਕਣਾ ਪਿਆ।
ਪੱਕਾ ਧਰਨਾ ਰੇਲਵੇ ਸਟੇਸ਼ਨ 'ਤੇ
ਸਰਵਨ ਸਿੰਘ ਪੰਧੰਰ ਨੇ ਕਿਹਾ ਕਿ ਜਦੋਂ ਤੱਕ ਇਨ੍ਹਾਂ ਮੰਗਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਅਣਮਿੱਥੇ ਸਮੇਂ ਲਈ ਇਹ ਧਰਨਾ ਇਸੇ ਤਰੀਕੇ ਨਾਲ ਜਾਰੀ ਰਹੇਗਾ। ਜਿਸ ਕਦਰ ਸਰਕਾਰਾਂ ਵੱਲੋਂ ਝੋਨੇ ਦੀ ਖਰੀਦ ਨੂੰ ਬਹਾਨੇ ਬਣਾ ਕੇ ਉਲਝਾਇਆ ਗਿਆ ਹੈ। ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਸਰਕਾਰਾਂ ਕਿਸਾਨਾਂ ਨੂੰ ਸਰਕਾਰੀ ਖਰੀਦ ਤੋਂ ਹਤਾਸ਼ ਕਰਕੇ ਪ੍ਰਾਈਵੇਟ ਘਰਾਣਿਆਂ ਦੇ ਅੱਗੇ ਸ਼ਿਕਾਰ ਵਾਂਗ ਸੁੱਟਣ ਦੀ ਨੀਤੀ ਤਹਿਤ ਕੰਮ ਕਰ ਰਹੀਆਂ ਹਨ। ਜਿਸ ਦੇ ਚਲਦੇ ਮੋਗਾ, ਸੰਗਰੂਰ, ਫਗਵਾੜਾ ਅਤੇ ਗੁਰਦਾਸਪੁਰ ਤੋਂ ਹੁਸ਼ਿਆਰਪੁਰ ਜਾਣ ਵਾਲੀ ਟਾਂਡੇ ਵਾਲੀ ਸੜਕ 'ਤੇ ਬਟਾਲਾ ਅਤੇ ਸਾਡਾ ਇੱਕ ਪੱਕਾ ਧਰਨਾ ਰੇਲਵੇ ਸਟੇਸ਼ਨ 'ਤੇ ਚੱਲ ਰਿਹਾ ਹੈ। ਜਿਸ ਵਿੱਚ ਸੜਕੀ ਆਵਾਜਾਈ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਲਿਫਟਿੰਗ ਨਾ ਹੋਣ ਕਰਕੇ ਝੋਨੇ ਨਾਲ ਮੰਡੀਆਂ ਭਰੀਆਂ
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਅਕਤੂਬਰ ਤੋਂ ਝੋਨੇ ਦੀ ਖਰੀਦ ਮੰਡੀਆਂ ਵਿੱਚ ਸ਼ੁਰੂ ਹੋ ਜਾਂਦੀ ਸੀ ਪਰ ਮੰਡੀਆਂ 'ਚ 10-10 ਕਿਸਾਨ ਬੈਠੇ ਹਨ ਅਤੇ ਮੰਡੀਆਂ ਦੇ ਵਿੱਚ ਲਿਫਟਿੰਗ ਨਹੀਂ ਹੋ ਰਹੀ ਹੈ। ਜਿਸ ਦੇ ਚਲਦੇ ਲਿਫਟਿੰਗ ਨਾ ਹੋਣ ਕਰਕੇ ਮੰਡੀਆਂ ਭਰੀਆਂ ਪਈਆਂ ਹਨ। ਉੱਥੇ ਜੇ ਕੋਈ ਢੇਰੀ ਜਾਣ ਦੀ ਗੁੰਜਾਇਸ਼ ਨਹੀਂ ਹੈ। ਹੌਲੀ-ਹੌਲੀ ਝੋਨਾ ਕੱਟਿਆ ਜਾ ਰਿਹਾ ਹੈ ਪਰ ਕਿਸੇ ਵੀ ਮੰਡੀ ਵਿੱਚ ਖਰੀਦ ਦਾ ਕੰਮ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋ ਰਿਹਾ। ਮੁੱਖ ਕਾਰਨ ਇਹ ਨਿਕਲ ਕੇ ਆਇਆ ਕਿ ਪਿਛਲੇ ਸਾਲ ਦਾ ਵੀ ਚੌਲ ਸੈਲਰ ਮਾਲਕ ਜਾਂ ਕੋਈ ਮਿਲਰਸ ਨੂੰ ਪਿਆ ਹੈ, ਉਹ ਕੇਂਦਰ ਨੇ ਚੱਕਣਾ ਸੀ। ਉਹ ਚੱਕਿਆ ਹੀ ਨਹੀਂ ਹੈ। ਇਸ ਕਰਕੇ ਉਸ ਤੇ ਪਹਿਲੀ ਗੱਲ ਤਾਂ ਸੈਲਰਾਂ ਕੋਲ ਜਗ੍ਹਾ ਦੀ ਬਹੁਤ ਕਮੀ ਹੈ, ਜਗ੍ਹਾ ਦੀ ਸਮੱਸਿਆ ਹੈ। ਦੂਸਰਾ ਉਹ ਕਹਿ ਰਹੇ ਹਨ ਕਿ ਸਾਨੂੰ ਪਿਛਲੀ ਸਾਲ ਵੀ ਘਾਟਾ ਪਿਆ ਹੈ।
ਝੋਨੇ ਦਾ ਝਾੜ ਘੱਟ
ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸ਼ੈਲਰ ਮਾਲਕ ਪੀਆਰ 126 ਲੈਣ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਦੀ ਡਿਮਾਂਡ ਮੁਤਾਬਕ 67 ਕਿਲੋ ਚੌਲ ਪ੍ਰਤੀ ਕੁਇੰਟਲ ਤੋਂ ਝੋਨੇ ਦਾ ਝਾੜ ਘੱਟ ਨਿਕਲ ਰਿਹਾ ਹੈ। ਕੇਂਦਰ ਸਰਕਾਰ ਇਨ੍ਹਾਂ ਮੁੱਲ ਨਹੀਂ ਦੇ ਸਕਦੀ। ਇਸ ਕਰਕੇ ਉਹ ਰਜਿਸਟਰੇਸ਼ਨ ਕਰਨ ਤੋਂ ਭੱਜੇ ਹਨ। ਉੱਥੇ ਹੀ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਖੰਨਾ ਮੰਡੀ ਪਹੁੰਚਣ 'ਤੇ ਵੀ ਉਨ੍ਹਾਂ ਸਖ਼ਤ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਸੰਨ ਤਾਂ ਫਾਰਮ ਹਾਊਸ ਤੋਂ ਬਾਹਰ ਨਹੀਂ ਨਿਕਲੇ ਅਤੇ ਅੱਜ ਉਨ੍ਹਾਂ ਨੂੰ ਕਿਸਾਨ ਯਾਦ ਆ ਗਏ ਹਨ।
ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ
ਦੱਸ ਦੇਈਏ ਕਿ ਵੱਖ-ਵੱਖ ਥਾਵਾਂ 'ਤੇ ਇਕੱਠਾ ਨੂੰ ਸੰਬੋਧਨ ਕਰਦੇ ਹੋਏ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਵੱਲੋਂ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਤਹਿਤ ਮੰਡੀਕਰਨ ਦੇ ਸਮੁੱਚੇ ਢਾਂਚੇ ਨੂੰ ਤਬਾਹ ਕਰਨ ਦੇ ਨਾਲ ਨਾਲ ਜਨਤਕ ਵੰਡ ਪ੍ਰਣਾਲੀ ਤੋਂ ਲਗਾਤਾਰ ਹੱਥ ਪਿੱਛੇ ਖਿੱਚੇ ਜਾ ਰਹੇ ਹਨ। ਦੂਜੇ ਪਾਸੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਵੀ ਕੀਤਾ ਜਾ ਰਿਹਾ ਹੈ ਜਿਸਦੇ ਸਿੱਟੇ ਵਜੋਂ ਗੋਦਾਮਾਂ ਅਤੇ ਸ਼ੈਲਰਾਂ ਵਿਚੋਂ ਲਿਫਟਿੰਗ ਨਹੀ ਕੀਤੀ ਗਈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮਸਲੇ ਤੇ ਘੇਸਲ ਮਾਰ ਕੇ ਬੈਠੀ ਰਹੀ। ਦੋਹਾਂ ਸਰਕਾਰਾਂ ਦੀਆਂ ਬਦਨੀਤੀ ਕਾਰਨ ਅੰਨਦਾਤਾ ਮੰਡੀਆਂ ਵਿੱਚ ਰੁਲ ਰਿਹਾ ਹੈ। ਉਸਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਹੋਏ ਰੇਟ ਤੇ ਕੱਟ ਲਗਾਕੇ ਉਸਨੂੰ ਦੂਹਰੀ ਮਾਰ ਮਾਰੀ ਜਾ ਰਹੀ ਹੈ।
ਦੂਸ਼ਣਬਾਜ਼ੀ ਦੀ ਸਿਆਸਤ ਵਿੱਚ ਪਿੱਸ ਰਹੇ ਕਿਸਾਨ
ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਆਪਣੇ ਲੋਕਾਂ ਨੂੰ ਹਰਗਿਜ਼ ਵੀ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦਾ ਪਰ ਸਰਕਾਰਾਂ ਵਲੋਂ ਅਪਣਾਈ ਜਾ ਰਹੀ ਦੂਸ਼ਣਬਾਜ਼ੀ ਦੀ ਸਿਆਸਤ ਵਿੱਚ ਪਿੱਸ ਰਹੇ ਕਿਸਾਨਾਂ ਮਜਦੂਰਾਂ ਨੂੰ ਲਵਾਰਿਸ ਨਹੀ ਛੱਡ ਸਕਦਾ। ਉਨ੍ਹਾਂ ਕਿਹਾ ਕਿ ਪਿਛਲੇ ਛੇ ਮਹੀਨਿਆਂ ਤੋਂ ਹਰ ਕਿਸਮ ਦੀ ਤਕਲੀਫਾਂ ਝੱਲ ਕੇ ਪੈਦਾ ਕੀਤੀ ਫ਼ਸਲ ਨੂੰ ਰੁਲਣ ਤੋਂ ਬਚਾਉਣ ਲਈ ਵੀ ਜੇ ਸੜਕਾਂ 'ਤੇ ਜੂਝਣਾ ਪੈ ਜਾਵੇ ਤਾਂ ਸਮਾਜ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਦੀ ਦੁੱਖ ਤਕਲੀਫ ਨੂੰ ਲੋਕਾਂ ਨੂੰ ਸਮਝਣਾ ਪਵੇਗਾ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਵੱਲੋਂ ਚੱਕਾ ਜਾਮ ਦੌਰਾਨ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਚੱਕਾ ਜਾਮ ਦੌਰਾਨ ਪੰਜਾਬ ਸਰਕਾਰ ਤੋਂ ਇਸਦੀ ਵੀ ਪੁਰਜ਼ੋਰ ਮੰਗ ਕੀਤੀ ਗਈ ਕਿ ਡੀਏਪੀ ਦਾ ਤੁਰੰਤ ਪ੍ਰਬੰਧ ਕਰਨ ਦੇ ਨਾਲ ਨਾਲ ਖਾਦ ਦੀ ਬਲੈਕ ਮਾਰਕੀਟਿੰਗ ਨੂੰ ਨੱਥ ਪਾਈ ਜਾਵੇ। ਬਾਸਮਤੀ ਦਾ ਐਮ ਐਸ ਪੀ ਦੇਕੇ ਬਾਸਮਤੀ ਕਾਸ਼ਤਕਾਰਾਂ ਨੂੰ ਰਾਹਤ ਮੁਹੱਈਆ ਕਰਵਾਏ।