ਚੰਡੀਗੜ੍ਹ : ਬੀਤੇ ਦਿਨਾਂ ਤੋਂ ਪੰਜਾਬ ਅਤੇ ਲਾਗਲੇ ਖੇਤਰਾਂ 'ਚ ਮੌਸਮ ਦੇ ਬਦਲੇ ਮਿਜਾਜ਼ ਨੇ ਲੋਕਾਂ ਨੂੰ ਤੰਗ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਜਿੱਥੇ ਜਾਂਦੀ ਜਾਂਦੀ ਠੰਡ ਵਿੱਚ ਬਦਲਿਆ ਮੌਸਮ ਲੋਕਾਂ ਨੂੰ ਠੰਡੀਆਂ ਹਵਾਵਾਂ ਦੇ ਰਿਹਾ ਹੈ, ਉਥੇ ਹੀ ਤੇਜ਼ ਹਨੇਰੀ ਝੱਖੜ ਨਾਲ ਹਾਦਸੇ ਵੀ ਵਾਪਰ ਰਹੇ ਹਨ। ਅਜਿਹਾ ਹੀ ਹਾਦਸਾ ਬੀਤੀ ਦੇਰ ਸ਼ਾਮ ਆਈ ਤੇਜ਼ ਹਨੇਰੀ ਨਾਲ ਵਾਪਰਿਆ। ਦਰਅਸਲ ਬਰਸਾਤ ਤੇਜ਼ ਹਨੇਰੀ ਕਾਰਨ ਪਿੰਡ ਕਲਸੇੜਾ ਕੋਲ ਊਨਾ ਚੰਡੀਗੜ੍ਹ ਮੁੱਖ ਮਾਰਗ ’ਤੇ ਲੱਗੇ ਸਾਈਨ ਬੋਰਡ ਡਿੱਗ ਗਏ। ਜਿਸ ਕਾਰਨ ਸੜਕ ਜਾਮ ਹੋ ਗਈ।ਇਸ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਬੋਰਡ ਡਿੱਗਣ ਕਾਰਨ ਜਾਮ: ਦੱਸ ਦਈਏ ਕਿ ਇਸ ਮਾਰਗ ਤੋਂ ਹਿਮਾਚਲ ਤੋਂ ਚੰਡੀਗੜ੍ਹ ਅਤੇ ਚੰਡੀਗੜ੍ਹ ਤੋਂ ਹਿਮਾਚਲ ਨੂੰ ਜਾਣ ਵਾਲੇ ਸੈਂਕੜੇ ਵਾਹਨ ਲੰਘਦੇ ਹਨ, ਜੋ ਕਿ ਇਸ ਬੋਰਡ ਦੇ ਡਿੱਗਣ ਕਾਰਨ ਸਵੇਰ ਤੋਂ ਹੀ ਟ੍ਰੈਫਿਕ ਜਾਮ 'ਚ ਫਸੇ ਰਹੇ। ਹਾਲਾਂਕਿ ਛੋਟੇ ਵਾਹਨ ਲੱਗਣ ਵਿੱਚ ਕੀਤੇ ਨਾ ਕੀਤੇ ਲੋਕ ਮਸਲੇ ਦਾ ਹਲ ਕਰ ਰਹੇ ਸਨ, ਪਰ ਫਿਰ ਵੀ ਵੱਡੇ ਵਾਹਨਾਂ ਕਾਰਨ ਜਾਮ ਦੀ ਸਥਿਤੀ ਬਣੀ ਰਹੀ। ਜਿਸ ਕਾਰਨ ਸੈਂਕੜੇ ਯਾਤਰੀ ਜਾਮ ਵਿੱਚ ਫਸੇ ਰਹੇ, ਜਿਸ ਨੂੰ ਦੂਰ ਕਰਨ ਲਈ ਨੰਗਲ ਨਗਰ ਕੌਂਸਲ ਵੱਲੋਂ ਵੀ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਲੋਕਾਂ ਨੂੰ ਰਾਹਤ ਦਵਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਇਸ ਮੌਕੇ ਪੁਲਿਸ ਪ੍ਰਸ਼ਾਸਨ ਵੀ ਮੌਕੇ 'ਤੇ ਮੌਜੂਦ ਰਿਹਾ।
ਇੱਥੇ ਵੀ ਦੱਸਣਯੋਗ ਹੈ ਕਿ ਜਿਵੇਂ ਰਾਤ ਭਰ ਤੋਂ ਹੀ ਭਾਰੀ ਮੀਹ ਅਤੇ ਤੇਜ਼ ਤੂਫਾਨ ਚੱਲਿਆ. ਉਸ ਨਾਲ ਕਈ ਥਾਵਾਂ 'ਤੇ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ। ਇਸ ਨਾਲ ਪੰਜਾਬ ਦੇ ਨਾਲ ਵੱਖ-ਵੱਖ ਹਿੱਸਿਆਂ ਵਿੱਚ ਕਿਸਾਨਾਂ ਦੀਆਂ ਫਸਲਾਂ ਤਾਂ ਬਰਬਾਦ ਹੋਈਆਂ, ਉੱਥੇ ਹੀ ਕਈ ਥਾਵਾਂ ਉੱਤੇ ਵੱਡੇ-ਵੱਡੇ ਰੁੱਖ ਵੀ ਸੜਕਾਂ ਉੱਤੇ ਢਹਿ ਢੇਰੀ ਹੋਏ। ਇਸ ਨਾਲ ਕਈ ਥਾਵਾਂ ਉੱਤੇ ਹਾਦਸੇ ਵੀ ਵਾਪਰੇ,ਬਿਜਲੀ ਵੀ ਪ੍ਰਭਾਵਿਤ ਹੋਈ ਅਤੇ ਲੋਕ ਵੀ ਖੱਜਲ ਹੋਏ। ਲੋਕਾਂ ਮੁਤਾਬਿਕ ਰਾਤ ਤੋਂ ਹੀ ਬਿਜਲੀ ਵੀ ਬੰਦ ਰਹੀ ਰਹੀ, ਜਿਸ ਕਾਰਨ ਆਨਲਾਈਨ ਟ੍ਰਾਂਜੈਕਸ਼ਨ ਵੀ ਪ੍ਰਭਾਵਿਤ ਰਹੀਆਂ।