ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਜੰਡਿਆਲਾ ਗੁਰੂ ਦੇ ਵਾਲਮੀਕਿ ਚੌਂਕ ਨੇੜੇ ਇੱਕ ਮੰਦਬੁੱਧੀ ਨੌਜਵਾਨ ਪਿਛਲੇ ਇੱਕ ਸਾਲ ਤੋਂ ਬਾਜ਼ਾਰ ਵਿੱਚ ਰਹਿ ਰਿਹਾ ਹੈ। ਇਸ ਸਬੰਧੀ ਆਸ-ਪਾਸ ਦੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਇਹ ਨੌਜਵਾਨ ਲੱਗਭਗ ਪਿਛਲੇ ਇੱਕ ਸਾਲ ਤੋਂ ਇਸ ਜਗ੍ਹਾ 'ਤੇ ਰਹਿ ਰਿਹਾ ਹੈ। ਪੂਰਾ ਸਿਆਲ ਇੱਥੇ ਕੱਟਿਆ ਹੈ ਅਤੇ ਹੁਣ ਅੱਤ ਦੀ ਗਰਮੀ ਵੀ ਇਸ ਨੇ ਇੱਥੇ ਹੀ ਲੰਘਾਈ ਹੈ ਅਤੇ ਬਰਸਾਤ ਵਿੱਚ ਵੀ ਬਾਹਰ ਹੀ ਭਿੱਜਦਾ ਰਹਿੰਦਾ ਹੈ।
ਅਜੋਕੇ ਸਮਾਜ ਦੇ ਵਿੱਚ ਇਨਸਾਨੀਅਤ ਇੱਕਦਮ ਖਤਮ ਹੁੰਦੀ ਹੋਈ ਨਜ਼ਰ ਆ ਰਹੀ ਹੈ ਪਰ ਅੱਜ ਵੀ ਕੁਝ ਅਜਿਹੇ ਲੋਕ ਹਨ ਜੋ ਕਿਸੇ ਬੇਵੱਸ ਵਿਅਕਤੀ ਦੀ ਤਰਸਯੋਗ ਹਾਲਤ ਦੇਖ ਕੇ ਉਸ ਲਈ ਮਦਦ ਦੀ ਗੁਹਾਰ ਲਗਾਉਂਦੇ ਹੋਏ ਅਤੇ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆ ਰਹੇ ਹਨ।
ਨਹੀਂ ਦੱਸ ਸਕਦਾ ਕੋਈ ਪਛਾਣ : ਇਸ ਸਬੰਧੀ ਗੱਲਬਾਤ ਕਰਕੇ ਜਾਣਕਾਰੀ ਦਿੰਦੇ ਹੋਏ ਭੁਪਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਤਰਸੇਮ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਪਛਾਣ ਵਾਸਤੇ ਕਈ ਵਾਰ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਪਰ ਅੱਜ ਤੱਕ ਇਸ ਦੀ ਪਹਿਛਾਣ ਨਹੀਂ ਹੋ ਸਕੀ ਹੈ ਅਤੇ ਨਾ ਹੀ ਇਸ ਦੇ ਕਿਸੇ ਪਰਿਵਾਰਕ ਮੈਂਬਰ ਬਾਰੇ ਪਤਾ ਚੱਲ ਸਕਿਆ ਹੈ।
ਸਮਾਜ ਸੇਵੀ ਲੋਕਾਂ ਵੱਲੋਂ ਇਸ ਨੂੰ ਕੰਬਲ ਵਸਤਰ ਦਿੱਤੇ: ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਇੱਕ ਸਾਲ ਤੋਂ ਜੰਡਿਆਲਾ ਗੁਰੂ ਦੇ ਇਸੇ ਬਾਜ਼ਾਰ ਵਿੱਚ ਅਤੇ ਇਸੇ ਜਗ੍ਹਾ ਦੇ ਉੱਤੇ ਬੈਠਾ ਰਹਿੰਦਾ ਹੈ ਜਿਸ ਦੌਰਾਨ ਲੋਕ ਤਰਸਦੇ ਆਧਾਰ ਉੱਤੇ ਜੇਕਰ ਇਸਨੂੰ ਰੋਟੀ ਦੇ ਜਾਂਦੇ ਹਨ ਅਤੇ ਖਾ ਕੇ ਫਿਰ ਇੱਥੇ ਲੇਟ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਰਦੀਆਂ ਦੇ ਵਿੱਚ ਸਮਾਜ ਸੇਵੀ ਲੋਕਾਂ ਵੱਲੋਂ ਇਸ ਨੂੰ ਕੰਬਲ ਵਸਤਰ ਦਿੱਤੇ ਗਏ ਸਨ। ਹੁਣ ਗਰਮੀਆਂ ਵੀ ਇਸ ਵੱਲੋਂ ਇਸ ਤਰ੍ਹਾਂ ਹੀ ਗੁਜਾਰੀਆਂ ਗਈਆਂ ਹਨ। ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਬਿਨਾਂ ਨਹਾਏ ਇੱਥੇ ਬੈਠੇ ਰਹਿਣ ਕਾਰਨ ਇਸ ਨੇੜੇ ਪੈਦਾ ਹੋ ਰਹੀ ਬਦਬੂ ਨਾਲ ਇਸ ਨੂੰ ਗੰਭੀਰ ਬਿਮਾਰੀਆਂ ਲੱਗ ਸਕਦੀਆਂ ਹਨ ਅਤੇ ਨਾਲ ਹੀ ਇਸ ਦੀ ਜਾਨ ਜਾਣ ਦਾ ਵੀ ਖਤਰਾ ਬਣਿਆ ਹੋਇਆ ਹੈ।
ਖਾਣ ਪੀਣ ਅਤੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ: ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਮਨੁੱਖਤਾ ਦੇ ਆਧਾਰ ਉੱਤੇ ਇਸ ਵਿਅਕਤੀ ਦੀ ਮਦਦ ਕੀਤੀ ਜਾਵੇ ਪ੍ਰਸ਼ਾਸਨ ਵੱਲੋਂ ਇਸ ਵਿਅਕਤੀ ਨੂੰ ਇੱਥੋਂ ਰੈਸਕਿਊ ਕਰਕੇ ਕਿਸੇ ਚੰਗੀ ਜਗ੍ਹਾ ਇਸਦਾ ਇਲਾਜ ਕਰਵਾਉਣ ਤੋਂ ਬਾਅਦ ਇਸ ਦੇ ਖਾਣ ਪੀਣ ਅਤੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਹ ਆਪਣੀ ਜ਼ਿੰਦਗੀ ਬਤੀਤ ਕਰ ਸਕੇ।