ਲੁਧਿਆਣਾ: ਪੰਜਾਬ ਦੇ ਵਿੱਚ ਆਉਂਦੇ ਦੋ ਤੋਂ ਤਿੰਨ ਦਿਨ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨੂੰ ਲੈ ਕੇ ਵਿਭਾਗ ਵੱਲੋਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਕਈ ਜਿਲਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਜਦੋਂ ਕਿ ਕੁਝ ਇਲਾਕਿਆਂ ਦੇ ਵਿੱਚ ਗਰਜ ਦੇ ਨਾਲ ਛਿੱਟੇ ਪੈਣ ਦੀ ਵੀ ਸੰਭਾਵਨਾ ਹੈ। ਇਹ ਮੌਸਮ ਦੇ ਹਾਲਾਤ ਤਾਜ਼ਾ ਪਚਮੀ ਚੱਕਰਵਾਤ ਦੇ ਬਣਨ ਕਰਕੇ ਪੈਦਾ ਹੋਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸੁੱਕੀ ਠੰਡ ਤੋਂ ਮਿਲੇਗੀ ਰਾਹਤ: ਮੌਸਮ ਵਿਭਾਗ ਦੀ ਵਿਗਿਆਨੀ ਡਾਕਟਰ ਪਵਨੀਤ ਕੌਰ ਨੇ ਦੱਸਿਆ ਹੈ ਕਿ ਫਿਲਹਾਲ ਟੈਂਪਰੇਚਰ ਆਮ ਚੱਲ ਰਹੇ ਹਨ। ਕੱਲ ਵੀ ਵੱਧ ਤੋਂ ਵੱਧ ਟੈਂਪਰੇਚਰ 21 ਡਿਗਰੀ ਘੱਟ ਤੋਂ ਘੱਟ 8 ਡਿਗਰੀ ਅੱਜ ਵੀ ਘੱਟ ਤੋਂ ਘੱਟ ਤਾਪਮਾਨ 7.6 ਡਿਗਰੀ ਚੱਲ ਰਿਹਾ ਹੈ, ਜੋ ਕਿ ਆਮ ਹੈ ਉਹਨਾਂ ਕਿਹਾ ਕਿ ਬਾਰਿਸ਼ ਪੈਣ ਤੋਂ ਬਾਅਦ ਪਿਛਲੇ ਦੋ ਮਹੀਨੇ ਤੋਂ ਲਗਾਤਾਰ ਪੈ ਰਹੀ ਸੁੱਕੀ ਠੰਡ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਤੁਹਾਨੂੰ ਜੋ ਬਿਮਾਰੀਆਂ ਲੱਗ ਰਹੀਆਂ ਸਨ ਉਸ ਤੋਂ ਵੀ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਨਾਲ ਪਾਣੀ ਦੀ ਵੀ ਪੂਰਤੀ ਹੋਵੇਗੀ, ਕਿਉਂਕਿ ਫਿਲਹਾਲ ਕਿਸਾਨ ਧਰਤੀ ਹੇਠਲੇ ਪਾਣੀ 'ਤੇ ਹੀ ਨਿਰਭਰ ਸਨ।
ਯੈਲੋ ਅਲਰਟ ਕੀਤਾ ਗਿਆ ਜਾਰੀ : ਇਸ ਦੌਰਾਨ ਉਨ੍ਹਾਂ ਦੱਸਿਆ ਕੇ ਲਗਾਤਾਰ ਖੁਸ਼ਕ ਮੌਸਮ ਰਹਿਣ ਕਰਕੇ ਠੰਢ ਲੋਕਾਂ ਨੂੰ ਬਿਮਾਰ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਆਉਂਦੇ ਦਿਨਾਂ ਚ ਮੌਸਮ ਬੱਦਲਵਾਈ ਵਾਲਾ ਰਹਿਣ ਕਰਕੇ ਲੋਕਾਂ ਨੂੰ ਧੁੰਦ ਤੋਂ ਕੁਝ ਰਾਹਤ ਜਰੂਰ ਮਿਲੇਗੀ। ਬਾਰਿਸ਼ ਪੈਣ ਤੋਂ ਬਾਅਦ ਸੂਬੇ ਚ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਹੁਣ ਧੁੰਦ ਨੂੰ ਲੈਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਪਰ ਬਾਰਿਸ਼ ਨੂੰ ਲੈਕੇ ਜਰੂਰ ਯੇਲੋ ਅਲਰਟ ਜਾਰੀ ਹੈ।
ਜ਼ਿਕਰਯੋਗ ਹੈ ਕਿ ਮਹਾਨਗਰ ਵਿੱਚ ਬੇਸ਼ੱਕ ਧੁੰਦ ਕੁੱਝ ਦਿਨਾਂ ਵਿੱਚ ਘੱਟ ਗਈ ਹੈ ਪਰ ਹਾਲੇ ਵੀ ਦੂਸਰੇ ਸੂਬਿਆਂ 'ਚ ਕੋਹਰੇ ਕਾਰਨ ਸਥਿਤੀ ਖਰਾਬ ਹੈ ਅਤੇ ਲੋਕ ਠੰਡ ਤੋਂ ਪਰੇਸ਼ਾਨ ਹਨ। ਬੱਚਿਆਂ ਦੇ ਸਕੂਲ ਜਾਣ ਤੱਕ ਵੀ ਔਖਾ ਹੁੰਦਾ ਹੈ । ਇਨਾਂ ਹੀ ਨਹੀਂ ਇਸ ਕਾਰਨ ਮੁਸਾਫਰਾਂ ਨੂੰ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬੱਸਾਂ ਅਤੇ ਰੇਲਗੱਡੀਆਂ ਆਪੋ-ਆਪਣੇ ਟਿਕਾਣਿਆਂ 'ਤੇ ਪੁੱਜਣ 'ਚ ਘੰਟਿਆਂਬੱਧੀ ਲੇਟ ਹੋ ਰਹੀਆਂ ਹਨ।