ਲੁਧਿਆਣਾ : ਧਰਤੀ ਹੇਠਲੇ ਪਾਣੀ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਹਨ ਅਤੇ ਪੰਜਾਬ ਦੇ ਨਹੀਂ ਸਗੋਂ ਪੂਰੇ ਦੇਸ਼ ਦੇ ਵਿੱਚ ਪਾਣੀ ਦੀ ਕਮੀ ਦੇ ਨਾਲ ਕਈ ਸੂਬੇ ਜੂਝ ਰਹੇ ਨੇ। ਕਈ ਥਾਵਾਂ 'ਤੇ ਤਾਂ ਪੀਣ ਵਾਲਾ ਪਾਣੀ ਬਚਿਆ ਹੀ ਨਹੀਂ। ਇਸੇ ਕਰਕੇ ਸਕੂਲਾਂ ਦੇ ਬੱਚੇ ਹੁਣ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਤਾਂ ਜੋ ਪਾਣੀ ਨੂੰ ਬਚਾਇਆ ਜਾ ਸਕੇ। ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਡੀਏਵੀ ਸਕੂਲ ਦੇ ਵਿਦਿਆਰਥੀ ਵੱਲੋਂ ਬੀਤੇ ਦਿਨ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਲੋਕਾਂ ਨੂੰ ਗਲੀ ਗਲੀ ਜਾ ਕੇ ਜਾਗਰੂਕ ਕੀਤਾ ਕਿ ਉਹ ਪਾਣੀ ਦੀ ਦੁਰਵਰਤੋਂ ਨਾ ਕਰਨ। ਲੋੜ ਮੁਤਾਬਕ ਹੀ ਪਾਣੀ ਇਸਤਮਾਲ ਕੀਤਾ ਜਾਵੇ, ਕਿਉਂਕਿ ਸਾਡੀ ਧਰਤੀ 'ਤੇ ਸਾਧਨ ਸੀਮਿਤ ਹਨ ਅਤੇ ਜੇਕਰ ਅਸੀਂ ਅੱਜ ਇਹਨਾਂ ਸਾਧਨਾਂ ਨੂੰ ਬਚਾਵਾਂਗੇ ਤਾਂ ਹੀ ਸਾਡੇ ਕੱਲ ਲਈ ਇਹ ਸਾਧਨ ਬਚ ਸਕਣਗੇ। ਨਹੀਂ ਤਾਂ ਆਉਣ ਵਾਲੀ ਪੀੜ੍ਹੀ ਕੁਦਰਤੀ ਸੋਮਿਆਂ ਤੋਂ ਵਾਂਝੀ ਰਹਿ ਜਾਵੇਗੀ।
ਲੋਕਾਂ ਦੇ ਨਾਲ ਨਾਲ ਵਿਦਿਆਰਥੀ ਵੀ ਸਵਾਰ ਰਹੇ ਹਨ ਭੱਵਿਖ: ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਤਵੰਤ ਕੌਰ ਭੁੱਲਰ ਨੇ ਕਿਹਾ ਕਿ ਇਹ ਉਪਰਾਲਾ ਪੂਰੇ ਡੀਏਵੀ ਸੰਸਥਾਨ ਵੱਲੋਂ ਕੀਤਾ ਗਿਆ ਹੈ ਅਤੇ ਇਸ ਮੁਹਿੰਮ ਦੇ ਨਾਲ ਨਾ ਸਿਰਫ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਗੋਂ ਵਿਦਿਆਰਥੀ ਖੁਦ ਵੀ ਜਾਗਰੂਕ ਹੋ ਰਹੇ ਹਨ। ਜੇਕਰ ਉਹ ਆਪਣੇ ਪਰਿਵਾਰਾਂ ਦੇ ਵਿੱਚ ਜਾ ਕੇ ਹੀ ਇਹ ਸੁਨੇਹਾ ਦੇ ਦਿੰਦੇ ਹਨ ਤਾਂ ਇਹ ਵੀ ਵੱਡੀ ਗੱਲ ਹੋਵੇਗੀ। ਉਹਨਾਂ ਕਿਹਾ ਕਿ ਸਾਡਾ ਮੰਤਵ ਲੋਕਾਂ ਨੂੰ ਆਪਣੇ ਸੀਮਿਤ ਸਾਧਨਾ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਉਹ ਇਹਨਾਂ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਤਾਂ ਹੀ ਅੱਗੇ ਜਾ ਕੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਾਣੀ ਪੀਣ ਲਈ ਨਸੀਬ ਹੋਵੇਗਾ।
ਜਲ ਹੈ, ਤਾਂ ਹੀ ਕੱਲ੍ਹ ਹੈ: ਇਸ ਜਾਗਰੂਕਤਾ ਰੈਲੀ ਦਾ ਹਿੱਸਾ ਬਣੀਆਂ ਸਕੂਲ ਦੀਆਂ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਦੱਸਿਆ ਕਿ ਸਕੂਲ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਾਡੇ ਧਰਤੀ ਹੇਠਲਾ ਪਾਣੀ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਜਿਸ ਦਾ ਵੱਡਾ ਕਾਰਨ ਪਾਣੀ ਦੀ ਦੁਰਵਰਤੋਂ ਹੈ। ਅਸੀਂ ਜੇਕਰ ਅੱਜ ਤੋਂ ਹੀ ਇਸ ਨੂੰ ਸੁਚੱਜੇ ਢੰਗ ਨਾਲ ਵਰਤਾਂਗੇ ਤਾਂ ਹੀ ਸਾਡਾ ਪਾਣੀ ਬਚ ਸਕੇਗਾ ਅਤੇ ਸਾਡਾ ਭਵਿੱਖ ਸੁਰੱਖਿਤ ਹੋ ਸਕੇਗਾ।