ਅੰਮ੍ਰਿਤਸਰ : ਬੰਗਲਾਦੇਸ਼ 'ਚ ਹਿੰਦੂਆਂ 'ਤੇ ਹੋ ਰਹੇ ਹਮਲਿਆਂ ਵਿਰੁੱਧ ਰੋਸ ਜਾਹਿਰ ਕਰਨ ਲਈ ਮੰਦਿਰ ਸ਼੍ਰੀ ਰਾਮਵਾੜਾ ਤੋਂ ਰਈਆ ਦੇ ਮੇਨ ਬਾਜ਼ਾਰ ਵਿਚ ਰੋਸ ਮਾਰਚ ਕੱਢਿਆ ਗਿਆ। ਇਸ ਪ੍ਰਦਰਸ਼ਨ 'ਚ ਰਈਆ ਦੀਆਂ ਸਾਰੀਆਂ ਹੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ, ਜਿੰਨਾਂ ਨੇ ਸਮਾਜਿਕ ਇਕਜੁੱਟਤਾ ਦਾ ਸਬੂਤ ਦਿੱਤਾ ਹੈ। ਇਨ੍ਹਾਂ ਨੁਮਾਇੰਦਿਆਂ ਨੇ ਇਕਸੁਰ ਵਿਚ ਬੰਗਲਾਦੇਸ਼ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਰੋਸ ਪ੍ਰਦਰਸ਼ਨ ਬੰਗਲਾਦੇਸ਼ ਦੇ ਝੰਡੇ ਅਤੇ ਪੁਤਲੇ ਨੂੰ ਸਾੜ ਕੇ ਸਮਾਪਤ ਹੋਇਆ। ਇਸ ਮੌਕੇ ਪਾਵਨ ਚਿੰਤਨ ਧਾਰਾ ਦੇ ਸੇਵਾਦਾਰ ਅਤੇ ਸ਼੍ਰੀ ਰਾਮਲੀਲਾ ਕਮੇਟੀ ਰਈਆਂ ਦੇ ਪ੍ਰਧਾਨ ਡਾ. ਰਾਜਿੰਦਰ ਰਿਖੀ ਨੇ ਕਿਹਾ ਕਿ ਬੰਗਲਾ ਦੇਸ਼ 'ਚ ਹਿੰਦੂ ਇਸਕਾਨ ਦੇ ਮੰਦਰਾਂ ਨੂੰ ਤੋੜਿਆ ਜਾ ਰਿਹਾ ਹੈ ਅਤੇ ਸਾੜਿਆ ਜਾ ਰਿਹਾ ਹੈ।
ਅੱਤਿਆਚਾਰਾਂ ਵਿਰੁੱਧ ਆਵਾਜ਼ ਬੁਲੰਦ
ਹਿੰਦੂਆਂ ਅਤੇ ਗਾਵਾਂ ਦਾ ਕਤਲ ਕੀਤਾ ਜਾ ਰਿਹਾ ਹੈ। ਹੁਣ ਸਮਾਂ ਆ ਗਿਆ ਹੈ ਕਿ ਬੰਗਲਾਦੇਸ਼ ਨੂੰ ਉਸ ਦੀ ਔਕਾਤ ਦਿਖਾਈ ਜਾਵੇ। ਰਜਿੰਦਰ ਰਿਖੀ ਨੇ ਕਿਹਾ ਕਿ ਹੁਣ ਤੱਕ ਬੰਗਲਾਦੇਸ਼ 'ਚ ਫਿਰਕੂ ਹਿੰਸਾ ਦੌਰਾਨ 100 ਤੋਂ ਵੱਧ ਹਿੰਦੂਆਂ ਦੀ ਮੌਤ ਹੋ ਚੁੱਕੀ ਹੈ। ਇਸ ਰੋਸ ਮਾਰਚ 'ਚ ਧਾਰਮਿਕ, ਸਮਾਜਿਕ ਸੰਸਥਾਵਾਂ, ਵੱਖ-ਵੱਖ ਹਿੰਦੂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਦੇ ਹੋਏ ਬੰਗਲਾਦੇਸ਼ 'ਚ ਹਿੰਦੂਆਂ ਉੱਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ।
ਹਿੰਦੂ ਏਕਤਾ ਦਾ ਪ੍ਰਦਰਸ਼ਨ
ਰਾਸ਼ਟਰੀਯ ਸਵੈਮ ਸੇਵਕ ਸੰਘ ਦੇ ਐਡਵੋਕੇਟ ਹੇਮਦੀਪ ਸ਼ਰਮਾ ਨੇ ਕਿਹਾ ਕਿ ਹਿੰਦੂ ਏਕਤਾ ਦਾ ਪ੍ਰਦਰਸ਼ਨ ਕਰਨਾ ਅਤੇ ਬੰਗਲਾਦੇਸ਼ 'ਚ ਹਿੰਦੂਆਂ ਉਪਰ ਹੋ ਰਹੇ ਅੱਤਿਆਚਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਕੇ ਅਸੀਂ ਬੰਗਲਾਦੇਸ਼ੀ ਹਿੰਦੂਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਹਰ ਸਮੇਂ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਮੰਦਿਰ ਸ਼੍ਰੀ ਰਾਮਵਾੜਾ ਰਈਆ ਦੇ ਪ੍ਰਧਾਨ ਸੰਜੀਵ ਭੰਡਾਰੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬੰਗਲਾਦੇਸ਼ ਆਪਣੀਆਂ ਗਤੀਵਿਧੀਆਂ ਬੰਦ ਨਹੀਂ ਕਰਦਾ ਤਾਂ ਭਾਰਤ ਨੂੰ ਉਸ ਨੂੰ ਨਕਸ਼ੇ ਤੋਂ ਮਿਟਾਉਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਡਾ. ਰਾਜਿੰਦਰ ਰਿਖੀ ਨੇ ਬੰਗਲਾਦੇਸ਼ ਦੇ ਝੰਡੇ ਅਤੇ ਪੁਤਲੇ ਨੂੰ ਅੱਗ ਲਗਾਈ।
ਦੱਸ ਦੇਈਏ ਕਿ ਅੱਜ ਦੇ ਇਸ ਰੋਸ ਮਾਰਚ 'ਚ ਮੰਦਿਰ ਰਾਮਵਾੜਾ ਕਮੇਟੀ ਦੇ ਪ੍ਰਧਾਨ ਸੰਜੀਵ ਭੰਡਾਰੀ, ਪਾਵਨ ਚਿੰਤਨ ਧਾਰਾ ਆਸ਼ਰਮ ਤੋਂ ਡਾ.ਰਜਿੰਦਰ ਰਿਖੀ, ਕਾਰਤਿਕ ਰਿਖੀ, ਸੁਖਵਿੰਦਰ ਸਿੰਘ ਮੱਤੇਵਾਲ (ਸਮਾਜ ਸੇਵਕ ਸਭਾ), ਬਾਲ ਕ੍ਰਿਸ਼ਨ ਜੋਸ਼ੀ (ਮੰਦਿਰ ਮਾਤਾਰਾਣੀ, ਪੱਤੀ ਛੀਨੇਮਾਨ), ਕੁਸ਼ਲ ਜੋਸ਼ੀ, ਉਦੈ ਕੁਮਾਰ (ਭਾਜਪਾ), ਲਵ ਰਾਮਪਾਲ, ਸ਼ਿਵਸ਼ਿੰਦਰ ਕੁਮਾਰ, ਜਤਿੰਦਰ ਧੀਰ ਆਰਕੀਟੈਕਟ (ਰਾਧਾ ਸਵਾਮੀ ਸਤਿਸੰਗ ਬਿਆਸ), ਜੋਗਿੰਦਰ ਪਾਲ ਡੀਪੂ ਵਾਲੇ (ਮੰਦਿਰ ਬਾਵਾ ਲਾਲ ਜੀ), ਬਲਵਿੰਦਰ ਸਲਵਾਨ (ਨਿਰੰਕਾਰੀ ਮਿਸ਼ਨ), ਗੁਰੂਦੱਤ, ਸੁਮਿਤ ਕਾਲੀਆ, ਰਮੇਸ਼ ਕੁਮਾਰ ਮੁਨੀਮ, ਰੋਹਿਤ ਮਹਿਤਾ (ਸ੍ਰੋਮਣੀ ਅਕਾਲੀ ਦਲ), ਰਾਸ਼ਟਰੀਯ ਸਵੈਮਸੇਵਕ ਸੰਘ ਤੋਂ ਹੇਮਦੀਪ ਸ਼ਰਮਾ ਐਡਵੋਕੇਟ (ਕਾਲੜਾ ਟਰੇਡਿੰਗ ਕੰਪਨੀ) ਅਤੇ ਅਮਿਤ ਨਿਸ਼ੰਦਨ ਹਾਜ਼ਰ ਸਨ।