ਮੋਗਾ: ਮੋਗਾ ਦੇ ਪਿੰਡ ਸਿੰਘਵਾਲਾ 'ਚ ਦੋ ਦਿਨਾਂ ਤੋਂ ਲਾਪਤਾ ਗੁਰਮੁਖ ਸਿੰਘ ਉਰਫ ਸੁਨੀਲ ਦੀ ਅੱਧੀ ਸੜੀ ਹੋਈ ਲਾਸ਼ ਪਿੰਡ ਦੇ ਬਾਹਰ ਗੰਦੇ ਨਾਲੇ ਵਿੱਚੋਂ ਮਿਲਣ ਕਾਰਨ ਉਸ ਸਮੇਂ ਸਨਸਨੀ ਫੈਲ ਗਈ ਹੈ। ਇਸ ਮੌਕੇ 'ਤੇ ਪਹੁੰਚੀ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਸੁਨੀਲ ਸਿੰਘ 22 ਪੁੱਤਰ ਪੱਪੂ ਸਿੰਘ ਵਾਸੀ ਸਿੰਘਾਂ ਵਾਲਾ ਦੀ ਸ਼ੱਕੀ ਹਾਲਾਤ ਵਿੱਚ ਲਾਸ਼ ਬਰਾਮਦ ਹੋਈ ਹੈ। ਸਨੀਲ ਦੀ ਪਰਿਵਾਰ ਵਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ।
ਘਰੋਂ ਲਾਪਤਾ ਸੀ ਮ੍ਰਿਤਕ
ਮਿਲੀ ਜਾਣਕਾਰੀ ਮੁਤਾਬਕ ਸੁਨੀਲ ਸਿੰਘ ਦੋ ਦਿਨਾਂ ਦਾ ਘਰੋਂ ਲਾਪਤਾ ਸੀ। ਉਹ ਆਪਣਾ ਮੋਟਰਸਾਈਕਲ ਲੈ ਕੇ ਘਰੋਂ ਗਿਆ ਸੀ, ਪਰ ਵਾਪਸ ਨਹੀਂ ਆਇਆ। ਇਸ ਦੌਰਾਨ ਜਦੋਂ ਕਈ ਘੰਟਿਆਂ ਤੱਕ ਸੁਨੀਲ ਘਰ ਨਹੀਂ ਆਇਆ, ਤਾਂ ਪਰਿਵਾਰ ਵੱਲੋਂ ਉਸ ਨੂੰ ਫੋਨ ਕੀਤਾ ਗਿਆ, ਪਰ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ।
ਅੱਧ ਸੜੀ ਹੋਈ ਮਿਲੀ ਲਾਸ਼
ਮ੍ਰਿਤਕ ਦੇ ਪਿਤਾ ਰੇਸ਼ਮ ਸਿੰਘ ਨੇ ਦੱਸਿਆ ਕਿ ਉਹ ਦੋ ਦਿਨ ਪਹਿਲਾਂ ਆਪਣੇ ਮਾਮੇ ਦੇ ਘਰ ਮੋਬਾਈਲ ਰੀਚਾਰਜ ਕਰਵਾਉਣ ਗਿਆ ਸੀ, ਜਿਸ ਤੋਂ ਬਾਅਦ ਅਸੀਂ ਸਾਰਾ ਦਿਨ ਉਸ ਦੀ ਭਾਲ ਕੀਤੀ। ਪਰ, ਕੱਲ੍ਹ ਸ਼ਾਮ ਤੱਕ ਉਸ ਦਾ ਕੋਈ ਪਤਾ ਨਹੀਂ ਲੱਗਾ। ਫਿਰ ਪ੍ਰਵਾਸੀ ਮਜ਼ਦੂਰਾਂ ਨੂੰ ਗੰਦੇ ਨਾਲੇ 'ਤੇ ਪਿਆ ਮੋਬਾਈਲ ਮਿਲਿਆ। ਨੌਜਵਾਨ ਦੀ ਫੋਟੋ ਉਸ ਸਮੇਂ ਵਾਇਰਲ ਹੋਈ ਸੀ, ਪਰ ਜਦੋਂ ਸ਼ਾਮ ਨੂੰ ਪਰਿਵਾਰਕ ਮੈਂਬਰਾਂ ਨੇ ਉੱਥੇ ਆ ਕੇ ਪਛਾਣ ਕੀਤੀ, ਤਾਂ ਲਾਸ਼ ਅੱਧ ਸੜੀ ਹੋਈ ਮਿਲੀ। ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਲਾਸ਼ ਗੁਰਮੱਖ ਸਿੰਘ ਉਰਫ ਸੁਨੀਲ ਦੀ ਹੈ।
ਸ਼ਾਦੀਸੁਦਾ ਹੈ ਸੁਨੀਲ
ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ 'ਤੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਗੁਰਮੁਖ ਸਿੰਘ (ਸੁਨੀਲ) ਵਿਆਹਿਆ ਹੈ ਅਤੇ ਉਸ ਦੀ ਡੇਢ ਸਾਲ ਦੀ ਬੇਟੀ ਹੈ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਅਸੀਂ ਕਿਸੇ 'ਤੇ ਸ਼ੱਕ ਨਹੀਂ ਕਰ ਸਕਦੇ, ਕਿਉਂਕਿ ਸਾਡਾ ਪੁੱਤਰ ਕਿਸੇ ਨਾਲ ਲੜਦਾ ਜਾਂ ਝਗੜਾ ਨਹੀਂ ਸੀ।
ਸੁਨੀਲ ਦਾ ਕਤਲ
ਉੱਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ਉੱਤੇ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਸੜੀ ਹੋਈ ਲਾਸ਼ ਸੇਮ ਨਾਲੇ ਕੋਲ ਮਿਲੀ ਹੈ। ਫਿਲਹਾਲ ਪੁਲਿਸ ਵੱਲੋਂ ਅੱਧ ਸੜੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੁਨੀਲ ਦਾ ਕਤਲ ਕਰਕੇ ਲਾਸ਼ ਨੂੰ ਅੱਗ ਲਾਈ ਗਈ ਹੈ।
ਲਾਸ਼ ਦਾ ਪੋਸਟਮਾਰਟਮ
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਜਨਕ ਰਾਜ ਨੇ ਦੱਸਿਆ ਕਿ ਗੁਰਮੁੱਖ ਸਿੰਘ ਉਮਰ ਕਰੀਬ 22-23 ਸਾਲ ਹੈ, ਜੋ ਘਰੋਂ ਲਾਪਤਾ ਸੀ ਅਤੇ ਬੀਤੀ ਦੇਰ ਰਾਤ ਉਸ ਦੀ ਅੱਧ ਸੜੀ ਹੋਈ ਲਾਸ਼ ਬਰਾਮਦ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਦੂਜੇ ਪਾਸੇ, ਇਸ ਮੌਕੇ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਇਕਬਾਲ ਸਿੰਘ ਨੇ ਮੰਗ ਕੀਤੀ ਕਿ ਅਸੀਂ ਪਰਿਵਾਰ ਦੇ ਨਾਲ ਹਾਂ ਅਤੇ ਇਸ ਕਤਲ ਦੇ ਭੇਤ ਦਾ ਜਲਦੀ ਹੱਲ ਕੀਤਾ ਜਾਵੇ।