ਅੰਮ੍ਰਿਤਸਰ : ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਕਿ ਉਹਨਾਂ ਨੂੰ ਵਧੀਆ ਸਿਖਿਆ ਅਤੇ ਰੁਜ਼ਗਾਰ ਮਿਲ ਸਕੇ ਇਸ ਹੀ ਤਹਿਤ ਵਿਦੇੇਸ਼ਾਂ ਵਿੱਚ ਅਕਸਰ ਨੌਜਵਾਨ ਸੁਨਹਿਹੇ ਭਵਿੱਖ ਲਈ ਜਾਂਦੇ ਹਨ ਅਤੇ ਪਰ ਅੱਜ ਦੇ ਸਮੇਂ ਵਿੱਚ ਬਾਹਰਲੇ ਦੇਸ਼ਾਂ ਤੋਂ ਨੌਜਵਾਨਾਂ ਦੇ ਮਰਨ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਜੋ ਕਿ ਪਰਿਵਾਰਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੰਦੀਆਂ ਹਨ। ਅਜਿਹਾ ਹੀ ਮਾਮਲਾ ਅੱਜ ਇੰਗਲੈਂਡ ਤੋਂ ਸਾਹਮਣੇ ਆਇਆ ਹੈ ਜਿੱਥੇ 22 ਸਾਲਾ ਅੰਮ੍ਰਿਤਪਾਲ ਸਿੰਘ ਦੀ ਮੌਤ ਹੋ ਗਈ।
ਘਰ ਦੇ ਹਾਲਾਤ ਸੁਧਾਰਣ ਦਾ ਸੀ ਸੁਪਨਾ: ਇੰਗਲੈਂਡ ਗਏ ਅਜਨਾਲਾ ਦੇ ਪਿੰਡ ਚਮਿਆਰੀ ਦੇ 22 ਸਾਲਾਂ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਇੱਕ ਬਿਮਾਰੀ ਕਾਰਨ ਮੌਤ ਹੋ ਗਈ, ਅੰਮ੍ਰਿਤਪਾਲ ਸਿੰਘ ਦੀ ਮੌਤ ਦੀ ਖਬਰ ਤੋਂ ਬਾਅਦ ਉਸ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਥੇ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਅੰਮ੍ਰਿਤਪਾਲ ਸਿੰਘ ਦੀ ਮਾਤਾ ਨਰਿੰਦਰ ਕੌਰ ਪਿਤਾ ਅੰਗਰੇਜ਼ ਸਿੰਘ ਅਤੇ ਚਾਚਾ ਨੇ ਦੱਸਿਆ ਕਿ ਅੱਠ ਮਹੀਨੇ ਪਹਿਲਾਂ ਉਹਨਾਂ ਘਰ ਦੀ ਮਾਲੀ ਹਾਲਤ ਸੁਧਾਰਨ ਲਈ ਅੰਮ੍ਰਿਤਪਾਲ ਸਿੰਘ ਨੂੰ ਕਰਜ਼ਾ ਚੁੱਕ ਕੇ ਇੰਗਲੈਂਡ ਭੇਜਿਆ ਸੀ। ਜਿੱਥੇ ਇੱਕ ਬਿਮਾਰੀ ਕਰਕੇ ਉਸ ਦੀ ਮੌਤ ਹੋ ਗਈ ਹੈ। ਉਹਨਾਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਉਹਨਾਂ ਦੇ ਪੁੱਤ ਅੰਮ੍ਰਿਤ ਪਾਲ ਸਿੰਘ ਦੀ ਡੈੱਡ ਬਾਡੀ ਨੂੰ ਭਾਰਤ ਵਾਪਸ ਲਿਆਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ, ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਆਪਣੀ ਜਮੀਨ ਗਹਿਣੇ ਪਾ ਕੇ ਆਪਣੇ ਬੱਚੇ ਨੂੰ ਵਿਦੇਸ਼ ਭੇਜਿਆ ਸੀ ਤਾਂ ਕਿ ਸਾਡੇ ਹਾਲਾਤ ਠੀਕ ਹੋ ਸਕਣ ਪਰ ਉਸਦੀ ਬਿਮਾਰੀ ਦੇ ਕਾਰਨ ਮੌਤ ਹੋ ਗਈ।
ਪੁੱਤ ਦੀ ਜ਼ਿੱਦ ਅੱਗੇ ਹਾਰੇ : ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਬਾਹਰ ਨਹੀਂ ਭੇਜਨਾ ਸੀ ਪਰ ਪੁੱਤਰ ਦੇ ਸੁਪਨੇ ਅਤੇ ਉਸਦੀ ਜ਼ਿੱਦ ਕਾਰਨ ਉਹਨਾਂ ਨੇ ਪੁੱਤ ਨੂੰ ਬਾਹਰ ਭੇਜਨ ਦਾ ਫੈਸਲਾ ਕੀਤਾ ਅਤੇ ਅੱਜ ਉਹਨਾਂ ਨੇ ਆਪਣਾ ਜੀਅ ਗੁਆ ਲਿਆ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਸਹੀ ਇਲਾਜ ਦੀ ਘਾਟ ਕਾਰਨ ਵੀ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ। ਗੌਰਤਲਬ ਹੈ ਕਿ ਬੀਤੇ ਦਿਨੀ ਖਰੜ ਦੇ ਰਹਿਣ ਵਾਲੇ ਨੌਜਵਾਨ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਮੌਤ ਤੋਂ ਦੋ ਘੰਟੇ ਪਹਿਲਾਂ ਕਾਰ ਵਿੱਚ ਮੋਬਾਈਲ ਨਾਲ ਰੀਲ ਬਣਾਈ ਸੀ। ਨੌਜਵਾਨ ਦੀ ਪਛਾਣ ਤਰਨਦੀਪ ਸਿੰਘ ਖਰੜ ਵਜੋਂ ਹੋਈ। ਲਗਭਗ ਦੋ ਸਾਲ ਪਹਿਲਾਂ ਤਰਨਦੀਪ ਅਮਰੀਕਾ ਗਿਆ ਸੀ। ਕੁਝ ਮਹੀਨੇ ਬਾਅਦ ਉਸ ਨੇ ਭਾਰਤ ਵਾਪਸ ਆਉਣਾ ਸੀ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ।