ਤਰਨਤਾਰਨ: ਹਲਕਾ ਖੇਮਕਰਨ ਅਧੀਨ ਆਉਂਦੇ ਸਰਹੱਦੀ ਇਲਾਕੇ ਆਸਲ ਉਤਾੜ ਵਿਖੇ ਨਾਜਾਇਜ਼ ਢੰਗ ਨਾਲ ਮੁੜ ਵਸੇਬਾ ਕੇਂਦਰ ਚੱਲਣ ਦੀ ਖਬਰ ਸਾਹਮਣੇ ਆਈ ਹੈ। ਇੱਥੇ ਚੱਲ ਰਹੇ ਨਾਜਾਇਜ਼ ਮੁੜ ਵਸੇਬਾ ਕੇਂਦਰ ਵਿੱਚ ਨੌਜਵਾਨ ਦੀ ਕੀਤੀ ਕੁੱਟਮਾਰ ਦੇ ਮਾਮਲੇ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਚੈਕਿੰਗ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਅਣਅਧਿਕਾਰਤ ਸੈਂਟਰ ਹੈ ਜਿਸ ਉੱਤੇ ਐਕਸ਼ਨ ਲੈਂਦੇ ਹੋਏ ਸੀਲ ਕਰ ਦਿੱਤਾ ਗਿਆ ਹੈ।
ਇਸ ਮੌਕੇ ਡਾਕਟਰ ਸੰਦੀਪ ਸਿੰਘ ਕਾਲੜਾ ਵੀ ਮੌਕੇ ਉੱਤੇ ਇਸ ਅਣ-ਅਧਿਕਾਰਿਤ ਮੁੜ ਵਸੇਬਾ ਕੇਂਦਰ ਵਿੱਚ ਛਾਪੇਮਾਰੀ ਕੀਤੀ ਗਈ ਹੈ, ਜਿੱਥੇ ਨਸ਼ਾ ਛੱਡਣ ਲਈ ਨੌਜਵਾਨ ਇੱਥੇ ਦਾਖਲ ਹੋਏ। ਨੌਜਵਾਨ ਮਰੀਜਾਂ ਦਾ ਕਹਿਣਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਇੱਥੇ ਭਰਤੀ ਹੋਏ। ਉਨ੍ਹਾਂ ਕਿਹਾ ਕਿ ਹਾਲਾਂਕਿ ਸੈਂਟਰ ਚਲਾਉਣ ਲਈ ਇਨ੍ਹਾਂ ਕੋਲ ਕੋਈ ਲਾਇਸੈਂਸ ਨਹੀਂ ਹੈ।
ਬਿਨਾਂ ਲਾਇਸੈਂਸ ਦੇ ਚੱਲ ਰਿਹਾ ਸੀ ਸੈਂਟਰ: ਜਾਣਕਾਰੀ ਸਾਂਝੀ ਕਰਦੇ ਹੋਏ ਤਰਨਤਾਰਨ ਸਿਹਤ ਵਿਭਾਗ ਦੇ ਨੋਡਲ ਅਫਸਰ ਡਾਕਟਰ ਗੁਰਿੰਦਰ ਵੀਰ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਰਹੱਦੀ ਇਲਾਕੇ ਵਿੱਚ ਪਿੰਡ ਆਂਸਲ, ਉਤਾੜ ਵਿਖੇ ਮੁੜ ਵਸੇਬਾ ਕੇਦਰ ਚੱਲ ਰਹੇ ਹਨ। ਅੱਜ ਸਵੇਰੇ ਮੌਕੇ ਉੱਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਆ ਕੇ ਚੈਕਿੰਗ ਕਰਨ ਉੱਤੇ ਪਤਾ ਲਗਾ ਕਿ ਇਸ ਸੈਂਟਰ ਨੇ 2021 ਵਿੱਚ ਸਿਹਤ ਵਿਭਾਗ ਕੋਲੋਂ ਇੱਕ ਲਾਇਸੈਂਸ ਲੈਣ ਲਈ ਫਾਈਲ ਅਪਲਾਈ ਕੀਤੀ ਗਈ ਸੀ ਪਰ ਕਿਸੇ ਕਾਰਨਾਂ ਕਰਕੇ ਸੈਂਟਰ ਚਲਾਉਣ ਵਾਸਤੇ ਲਾਇਸੈਂਸ ਸਿਹਤ ਵਿਭਾਗ ਵੱਲੋਂ ਜਾਰੀ ਨਹੀਂ ਹੋ ਪਾਇਆ। ਉਨ੍ਹਾਂ ਕਿਹਾ ਬਿਨਾਂ ਜਾਣਕਾਰੀ ਦੇ ਨਸ਼ਾ ਛੁਡਾਉਣ ਦੇ ਇਛੁੱਕ ਨੌਜਵਾਨਾਂ ਨੂੰ ਇੱਥੇ ਭਰਤੀ ਕਰਵਾਇਆ ਜਾ ਰਿਹਾ ਸੀ ਜਿਸ ਲਈ ਐਕਸ਼ਨ ਲਿਆ ਗਿਆ ਹੈ।
ਸੈਂਟਰ ਚੋਂ 5 ਨੌਜਵਾਨ ਹਸਪਤਾਲ ਰੈਫਰ ਕੀਤੇ: ਸਿਹਤ ਵਿਭਾਗ ਦੇ ਨੋਡਲ ਅਫਸਰ ਡਾਕਟਰ ਗੁਰਿੰਦਰ ਵੀਰ ਸਿੰਘ ਨੇ ਦੱਸਿਆ ਕਿ ਕਿਸੇ ਵਿਅਕਤੀ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਮਾਰੇ ਛਾਪੇ ਦੌਰਾਨ ਮੌਕੇ ਉੱਤੇ ਸੈਂਟਰ ਚੋਂ 5 ਨੌਜਵਾਨਾਂ ਨੂੰ ਨੇੜਲੇ ਸਰਕਾਰੀ ਹਸਪਤਾਲ ਵਿੱਚ ਦਾਖਲਾ ਕਰਵਾਇਆ ਜਾਵੇਗਾ। ਇਸ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਬਾਰੇ ਸਿਹਤ ਵਿਭਾਗ ਉੱਚ ਅਧਿਕਾਰੀਆਂ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੁੰ ਜਾਣਕਾਰੀ ਭੇਜ ਦਿੱਤੀ ਗਈ ਹੈ। ਇਸ ਤੋਂ ਬਾਅਦ ਦੀ ਅਗਲੀ ਕਾਰਵਾਈ ਉਨ੍ਹਾਂ ਵਲੋਂ ਕੀਤੀ ਜਾਵੇਗੀ।