ਖੰਨਾ/ਲੁਧਿਆਣਾ: ਖੰਨਾ ਦੇ ਅਮਲੋਹ ਚੌਕ ਨੇੜੇ ਨੈਸ਼ਨਲ ਹਾਈਵੇ 'ਤੇ ਬੁੱਧਵਾਰ ਦੀ ਸ਼ਾਮ ਹਾਦਸਾ ਵਾਪਰਿਆ। ਇੱਥੇ ਪਤੰਗ ਲੁੱਟ ਰਿਹਾ ਬੱਚਾ ਪੁਲ ਤੋਂ ਹੇਠਾਂ ਡਿੱਗ ਗਿਆ। ਰਾਹਗੀਰਾਂ ਨੇ ਤੁਰੰਤ ਬੱਚੇ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਉਸਦਾ ਇਲਾਜ ਸ਼ੁਰੂ ਕਰਦੇ ਹੋਏ ਡਾਕਟਰਾਂ ਨੇ ਹਾਲਤ ਖਤਰੇ ਤੋਂ ਬਾਹਰ ਦੱਸੀ। ਖੰਨਾ ਦਾ ਰਹਿਣ ਵਾਲਾ 8 ਸਾਲਾ ਰਾਹੁਲ ਨੈਸ਼ਨਲ ਹਾਈਵੇਅ 'ਤੇ ਪੁਲ 'ਤੇ ਪਤੰਗ ਲੁੱਟ ਰਿਹਾ ਸੀ। ਉਸਦਾ ਧਿਆਨ ਕੱਟੀ ਹੋਈ ਪਤੰਗ ਵੱਲ ਸੀ। ਜਿੱਥੇ ਹਾਦਸਾ ਵਾਪਰਿਆ ਉੱਥੇ ਦੋ ਪੁਲਾਂ 'ਚ ਫਾਸਲਾ ਹੈ, ਜਿਸ ਕਾਰਨ ਬੱਚਾ ਹੇਠਾਂ ਡਿੱਗ ਗਿਆ।
ਬੱਚੇ ਨੂੰ ਡਿੱਗਦਾ ਦੇਖ ਕੇ ਨਜ਼ਦੀਕ ਹੀ ਖਾਲਸਾ ਆਟੋ ਯੂਨੀਅਨ ਦੇ ਮੈਂਬਰ ਉਸ ਨੂੰ ਆਟੋ ਵਿੱਚ ਸਿਵਲ ਹਸਪਤਾਲ ਲੈ ਗਏ। ਖੁਸ਼ਕਿਸਮਤੀ ਇਹ ਰਹੀ ਕਿ ਇਸ ਦੌਰਾਨ ਬੱਚਾ ਕਿਸੇ ਵਾਹਨ ਦੀ ਲਪੇਟ ਵਿੱਚ ਨਹੀਂ ਆਇਆ, ਜਿਸ ਨਾਲ ਜਾਨੀ ਨੁਕਸਾਨ ਹੋ ਸਕਦਾ ਸੀ। ਬੱਚੇ ਦੇ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ 2 ਦੇ ਐਸਐਚਓ ਗੁਰਮੀਤ ਸਿੰਘ ਮੌਕੇ ’ਤੇ ਪੁੱਜੇ। ਹਸਪਤਾਲ ਵਿੱਚ ਬੱਚੇ ਦਾ ਹਾਲ-ਚਾਲ ਪੁੱਛਣ ਮਗਰੋਂ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਬੱਚਾ ਸਕੂਲ ਵਿੱਚੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਦੋਸਤਾਂ ਨਾਲ ਮਿਲਟਰੀ ਗਰਾਉਂਡ ਨੇੜੇ ਪਤੰਗ ਲੁੱਟਣ (ਕੱਟੀ ਹੋਈ ਪਤੰਗ ਫੜਨਾ) ਆਇਆ ਸੀ। ਇਸੇ ਦੌਰਾਨ ਉਹ ਪੁਲ ਦੇ ਉਪਰ ਚਲੇ ਗਏ। ਪੁਲ ਉਪਰ ਕੱਟੀ ਹੋਈ ਪਤੰਗ ਫੜ੍ਹਦੇ ਸਮੇਂ ਹਾਦਸਾ ਵਾਪਰ ਗਿਆ। ਆਟੋ ਯੂਨੀਅਨ ਮੈਂਬਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਿ ਉਹ ਐਂਬੂਲੈਂਸ ਦਾ ਇੰਤਜ਼ਾਰ ਕਰਦੇ ਉਹ ਆਟੋ ਵਿੱਚ ਬੱਚੇ ਨੂੰ ਲੈ ਕੇ ਸਿਵਲ ਹਸਪਤਾਲ ਆਏ। ਡਾਕਟਰ ਨੇ ਇਲਾਜ ਸ਼ੁਰੂ ਕੀਤਾ ਤੇ ਬੱਚੇ ਦੀ ਜਾਨ ਬਚਾ ਲਈ ਗਈ। ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਜਦੋਂ ਤੱਕ ਪਰਿਵਾਰ ਵਾਲੇ ਨਹੀਂ ਆਉਂਦੇ ਉਹ ਬੱਚੇ ਕੋਲ ਰਹਿਣਗੇ।
ਦੂਜੇ ਪਾਸੇ, ਐਸਐਚਓ ਗੁਰਮੀਤ ਸਿੰਘ ਨੇ ਕਿਹਾ ਕਿ ਜਿਵੇਂ ਹੀ ਸੂਚਨਾ ਮਿਲੀ ਤਾਂ ਉਹ ਪਹਿਲਾਂ ਮੌਕਾ ਦੇਖਣ ਗਏ ਤੇ ਨਾਲ ਹੀ ਹਸਪਤਾਲ ਆ ਗਏ। ਬੱਚੇ ਦੀ ਹਾਲਤ ਠੀਕ ਹੈ। ਡਾਕਟਰ ਇਲਾਜ ਕਰ ਰਹੇ ਹਨ। ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਡਾ. ਆਕਾਸ਼ ਨੇ ਕਿਹਾ ਕਿ ਬੱਚੇ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਸਦਾ ਇਲਾਜ ਜਾਰੀ ਹੈ। ਐੱਸਐੱਚਓ ਨੇ ਇਹ ਵੀ ਕਿਹਾ ਕਿ ਮਦਦ ਕਰਨ ਵਾਲੇ ਆਟੋ ਚਾਲਕ ਦਾ ਨਾਮ ਉਹ ਫਰਿਸ਼ਤੇ ਸਕੀਮ ਤਹਿਤ ਮਿਲਣ ਵਾਲੇ ਸਨਮਾਨ ਲਈ ਪੰਜਾਬ ਸਰਕਾਰ ਕੋਲ ਭੇਜਣਗੇ।