ਤਰਨ ਤਾਰਨ: ਵਲਟੋਹਾ ਵਿਖੇ ਬਜ਼ਾਰ ਵਿੱਚ ਇੱਕ ਔਰਤ ਨੂੰ ਅੱਧ-ਨਗਨ ਕਰਕੇ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿੱਚ ਨਵੀਂ ਅਪਡੇਟ ਆਈ ਹੈ। ਵਲਟੋਹਾ ਪੁਲਿਸ ਮੁਤਾਬਕ ਸਾਰੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇੰਨਾ ਹੀ ਨਹੀਂ, ਪੰਜਾਬ-ਹਰਿਆਣਾ ਹਾਈ ਕੋਰਟ ਨੇ ਵੀ ਇਸ ਉੱਤੇ ਨੋਟਿਸ ਲਿਆ। ਹਾਈ ਕੋਰਟ ਨੇ ਇਸ ਮਾਮਲੇ ਨੂੰ ਬਹੁਤ ਹੀ ਘਿਨਾਉਣੀ ਘਟਨਾ ਦੱਸਿਆ ਹੈ। ਨਾਲ ਹੀ ਸਪੱਸ਼ਟ ਕਿਹਾ ਕਿ ਇਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਿਸ ਨੂੰ ਇਸ ਮਾਮਲੇ ਵਿੱਚ 30 ਅਪ੍ਰੈਲ ਤੱਕ ਸਟੇਟਸ ਰਿਪੋਰਟ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ।
ਸਾਰੇ ਮੁਲਜ਼ਮ ਗ੍ਰਿ੍ਫਤਾਰ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਮੁਲਜ਼ਮ ਗੁਰਚਰਨ ਸਿੰਘ ਅਤੇ ਕੁਲਵਿੰਦਰ ਕੌਰ ਅਤੇ ਸ਼ਰਨਜੀਤ ਸਿੰਘ ਉਰਫ ਸੰਨੀ ਵਾਸੀ ਵਲਟੋਹਾ ਨੂੰ 06 ਅਪ੍ਰੈਲ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਤੋਂ ਇਲਾਵਾ, ਮੁਲਜ਼ਮ ਗੁਰਚਰਨ ਸਿੰਘ ਵਾਸੀ ਵਲਟੋਹਾ ਦੇ ਫਰਦ ਇਕਸਾਫ, ਪਰ ਮੁਲਜ਼ਮ ਸੰਨੀ ਸਿੰਘ ਵਾਸੀ ਅਮੀਰਕੇ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਦਾ ਉਕਤਾਨ ਗ੍ਰਿਫਤਾਰ ਮੁਲਜ਼ਮਾਂ ਨੂੰ ਇਲਾਕਾ ਮੈਜਿਸਟ੍ਰੇਟ ਸਾਹਿਬ ਅੱਗੇ ਪੇਸ਼ ਕਰਕੇ 03 ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਪੁੱਛਗਿੱਛ ਦੌਰਾਨ ਮੁਲਜ਼ਮ ਸ਼ਰਨਜੀਤ ਸਿੰਘ ਦੇ ਬਿਆਨ ਆਧਾਰ ਉੱਤੇ ਮੁਲਜ਼ਮ ਜੱਗਪ੍ਰੀਤ ਸਿੰਘ ਉਰਫ ਜੱਗਾ ਉਰਫ ਬਿੱਲੀ ਵਾਸੀ ਮਹਿੰਦੀਪੁਰ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ। ਮੁਕੱਦਮੇ ਦੇ ਸਾਰੇ ਕਤਿਥ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਹਨ।
ਕੀ ਹੈ ਪੂਰਾ ਮਾਮਲਾ : ਤਰਨਤਾਰਨ 'ਚ ਕੁੜੀ ਨਾਲ ਪ੍ਰੇਮ ਵਿਆਹ ਕਰਕੇ ਪਰਿਵਾਰ ਵਾਲਿਆਂ ਨੇ ਲੜਕੇ ਦੀ ਮਾਂ ਨੂੰ ਅੱਧ-ਨੰਗਾ ਕਰ ਦਿੱਤਾ ਸੀ। ਇਸ ਤੋਂ ਬਾਅਦ ਪੀੜਤ ਔਰਤ ਨੂੰ ਸੜਕਾਂ ਉੱਤੇ ਘੁੰਮਾਉਂਦੇ ਹੋਏ ਵੀਡੀਓ ਬਣਾਈ ਅਤੇ ਉਸ ਨੂੰ ਵਾਇਰਲ ਕਰ ਦਿੱਤਾ ਗਿਆ। ਜੇਕਰ 55 ਸਾਲਾ ਮਾਂ ਆਪਣੇ ਸਰੀਰ ਦੇ ਉਪਰਲੇ ਹਿੱਸੇ ਨੂੰ ਢੱਕਣ ਲਈ ਕੱਪੜਾ ਚੁੱਕਦੀ, ਤਾਂ ਮੁਲਜ਼ਮ ਉਸ ਨੂੰ ਖੋਹ ਕੇ ਲੈ ਜਾਂਦੇ ਵੀਡੀਓ ਵਿੱਚ ਦਿਖਾਈ ਦਿੱਤੇ। ਪੀੜਤ ਨੇ ਕਿਸੇ ਤਰ੍ਹਾਂ ਦੁਕਾਨਾਂ ਅੰਦਰ ਵੜ ਕੇ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ।
ਮਹਿਲਾ ਕਮਿਸ਼ਨ ਨੇ ਵੀ ਲਿਆ ਨੋਟਿਸ: ਇਸ ਮਾਮਲੇ ਦੇ ਸਾਹਮਣੇ ਆਉਂਣ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲਿਆ ਹੈ। ਇਸ ਦੌਰਾਨ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਉਨ੍ਹਾਂ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ। ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।