ਰੂਪਨਗਰ/ਰੋਪੜ : ਰੋਪੜ ਦੇ ਨਵੇਂ ਬੱਸ ਅੱਡੇ ਉੱਤੇ ਖੜੀਆਂ ਸਵਾਰੀਆਂ ਖਾਸ ਤੌਰ 'ਤੇ ਮਹਿਲਾ ਸਵਾਰੀਆਂ ਅਤੇ ਇੱਕ ਨਿੱਜੀ ਬੱਸ ਦੇ ਡਰਾਈਵਰ ਦੇ ਨਾਲ ਮਹਿਲਾਵਾਂ ਦੀ ਹੋ ਰਹੀ ਲੜਾਈ ਵਾਇਰਲ ਹੋ ਰਹੀ ਹੈ। ਜਿੱਥੇ ਸਵਾਰੀਆਂ ਵੱਲੋਂ ਬੱਸ ਡਰਾਈਵਰ ਉੱਤੇ ਚੰਡੀਗੜ੍ਹ ਲਿਖ ਕੇ ਉਨ੍ਹਾਂ ਨੂੰ ਅੱਧ ਵਿਚਕਾਰ ਰਸਤੇ ਵਿੱਚ ਉਤਾਰਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ।
ਰੋਪੜ ਡੀਪੂ ਦੇ ਕਰਮਚਾਰੀ ਵੀ ਸਵਾਰੀਆਂ ਦਾ ਪੱਖ : ਦੂਜੇ ਪਾਸੇ ਹੁਣ ਇਸ ਮਾਮਲੇ ਵਿੱਚ ਪੰਜਾਬ ਰੋਡਵੇਜ਼ ਦੇ ਰੋਪੜ ਡੀਪੂ ਦੇ ਕਰਮਚਾਰੀ ਵੀ ਸਵਾਰੀਆਂ ਦਾ ਪੱਖ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇੱਕ ਨਿੱਜੀ ਕੰਪਨੀ ਦੀ ਬੱਸ ਹੈ ਰੋਡਵੇਜ ਡੀਪੂ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਨ੍ਹਾਂ ਵੱਲੋਂ ਜੋ ਇੱਕ ਨਿੱਜੀ ਬਸ ਕੰਪਨੀ ਹੈ ਉਸਦੀ ਇਹ ਬੱਸ ਉੱਤੇ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਧੱਕਾਸ਼ਾਹੀ ਕਰ ਰਹੇ ਹਨ।
ਪਰਮਿਟ ਮੋਹਾਲੀ ਤੱਕ ਦਾ ਹੀ ਹੈ: ਇਸ ਮੌਕੇ ਰੋਡਵੇਜ਼ ਕਰਮਚਾਰੀਆਂ ਨੇ ਕਿਹਾ ਕਿ ਇਨ੍ਹਾਂ ਵੱਲੋਂ ਬੱਸ ਦੇ ਉੱਤੇ ਚੰਡੀਗੜ੍ਹ 43 ਬੱਸ ਅੱਡੇ ਦਾ ਬੋਰਡ ਲਗਾਇਆ ਗਿਆ ਹੈ। ਜਦੋਂ ਕਿ ਇਨ੍ਹਾਂ ਕੋਲ ਪਰਮਿਟ ਮੋਹਾਲੀ ਤੱਕ ਦਾ ਹੀ ਹੈ ਅਤੇ ਸਵਾਰੀਆਂ ਨੂੰ ਗੁਮਰਾਹ ਕਰਕੇ ਚੰਡੀਗੜ੍ਹ ਦਾ ਨਾਮ ਲੈ ਕੇ ਉਸ ਬੱਸ ਵਿੱਚ ਬਿਠਾਇਆ ਜਾ ਰਿਹਾ ਹੈ। ਜਿਸ ਦੀ ਪੁਸ਼ਟੀ ਸਵਾਰੀਆਂ ਵੱਲੋਂ ਵੀ ਵਾਇਰਲ ਵੀਡੀਓ ਦੇ ਵਿੱਚ ਕੀਤੀ ਜਾ ਰਹੀ ਹੈ।
ਗਥ ਸਥਾਨ ਤੋਂ ਚੰਡੀਗੜ੍ਹ ਬੱਸ ਅੱਡੇ ਤੱਕ ਦੀ ਟਿਕਟ ਲਈ ਸੀ: ਇਸ ਵਿੱਚ ਹੈਰਾਨੀ ਵਾਲੀ ਗੱਲ ਇਹ ਦੇਖਣ ਨੂੰ ਆਈ ਹੈ ਕਿ ਜ਼ਿਆਦਾਤਰ ਸਵਾਰੀਆਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ ਕਿਸ ਜਗ੍ਹਾਂ ਦੀ ਉਨ੍ਹਾਂ ਵੱਲੋਂ ਟਿਕਟ ਲਈ ਗਈ ਹੈ। ਜੇਕਰ ਉਦਾਹਰਣ ਦੇ ਤੌਰ 'ਤੇ ਗੱਲ ਕੀਤੀ ਜਾਵੇ ਜ਼ਿਆਦਾਤਰ ਸਵਾਰੀਆਂ ਵੱਲੋਂ ਇਹ ਮੰਨਿਆ ਗਿਆ ਕਿ ਉਨ੍ਹਾਂ ਵੱਲੋਂ ਆਪਣੇ ਗਥ ਸਥਾਨ ਤੋਂ ਚੰਡੀਗੜ੍ਹ ਬੱਸ ਅੱਡੇ ਤੱਕ ਦੀ ਟਿਕਟ ਲਈ ਗਈ ਸੀ ਪਰ ਬਸ ਕੋਲ ਮੋਹਾਲੀ ਤੱਕ ਦਾ ਹੀ ਪਰਮਿਟ ਹੈ ਤਾਂ ਉਹ ਚੰਡੀਗੜ੍ਹ ਕਿਸ ਤਰ੍ਹਾਂ ਪਹੁੰਚ ਸਕਦੇ ਹਨ। ਇਸ ਗੱਲ ਨੂੰ ਖਾਸ ਤੌਰ 'ਤੇ ਸਿੱਧਾ-ਸਿੱਧਾ ਸਵਾਰੀਆਂ ਦੀ ਲੁੱਟ ਦੇ ਤੌਰ 'ਤੇ ਇਹ ਵੀ ਦੇਖਿਆ ਜਾ ਸਕਦਾ ਹੈ।
ਵੱਡੇ ਪੱਧਰ ਉੱਤੇ ਖੱਜਲ-ਖੁਆਰੀ: ਕਈ ਵਾਰ ਅਜਿਹੀਆਂ ਗੱਲਾਂ ਵੀ ਦੇਖਣ ਨੂੰ ਸਾਹਮਣੇ ਆਈਆਂ ਹਨ ਕਿ ਸਵਾਰੀਆਂ ਨੂੰ ਮੋਹਾਲੀ ਬੱਸ ਅੱਡੇ ਉੱਤੇ ਉਤਾਰ ਕੇ ਕੋਈ ਹੋਰ ਹੀਲਾ ਕਰਕੇ ਚੰਡੀਗੜ੍ਹ ਦੇ 43 ਬੱਸ ਅੱਡੇ ਤੱਕ ਪਹੁੰਚਾਇਆ ਜਾਂਦਾ ਹੈ। ਜਿਸ ਨਾਲ ਸਵਾਰੀਆਂ ਦੀ ਵੱਡੇ ਪੱਧਰ ਉੱਤੇ ਖੱਜਲ-ਖੁਆਰੀ ਹੁੰਦੀ ਹੈ।
ਬਹੁਤ ਹੀ ਗੰਭੀਰ ਇਲਜ਼ਾਮ : ਇਸ ਵਾਇਰਲ ਵੀਡੀਓ ਦੇ ਵਿੱਚ ਮਹਿਲਾ ਸਵਾਰੀ ਵੱਲੋਂ ਬੱਸ ਡਰਾਈਵਰ ਉੱਤੇ ਇਹ ਵੀ ਇਲਜ਼ਾਮ ਲਗਾਏ ਗਏ ਹਨ ਕਿ ਉਸ ਵੱਲੋਂ ਜਿਸ ਹਿਸਾਬ ਦੇ ਨਾਲ ਬੱਸ ਨੂੰ ਚਲਾਇਆ ਜਾ ਰਿਹਾ ਸੀ। ਉਸ ਮਹਿਲਾ ਸਵਾਰੀ ਜੋ ਬੱਸ ਅੱਡੇ ਉੱਤੇ ਖੜੀ ਸੀ, ਉਸ ਉੱਤੇ ਬਸ ਚੜਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਜੋ ਕਿ ਬਹੁਤ ਹੀ ਗੰਭੀਰ ਇਲਜ਼ਾਮ ਹਨ।
ਹੈਰਾਨੀਜਨਕ ਗੱਲਾਂ ਸਾਹਮਣੇ ਆਈਆਂ: ਫਿਲਹਾਲ ਇਹ ਇੱਕ ਵਾਇਰਲ ਵੀਡੀਓ ਹੈ ਜਿਸ ਦੀ ਪੁਸ਼ਟੀ ਅਸੀਂ ਨਹੀਂ ਕਰਦੇ ਪਰ ਇਸ ਵੀਡੀਓ ਵਿੱਚ ਕਈ ਹੈਰਾਨੀਜਨਕ ਗੱਲਾਂ ਸਾਹਮਣੇ ਆ ਰਹੀਆਂ ਹਨ। ਜਿਨਾਂ ਦੀ ਪੜਤਾਲ ਵਿਭਾਗ ਨੂੰ ਕਰਨੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਦੀ ਹੋ ਰਹੀ ਲੁੱਟ ਨੂੰ ਬਚਾਇਆ ਜਾ ਸਕੇ ਅਤੇ ਅਜਿਹੀਆਂ ਘਟਨਾਵਾਂ ਅੱਗੇ ਤੋਂ ਨਾ ਹੋਣ ਇਸ ਨੂੰ ਲੈ ਕੇ ਸਖ਼ਤੀ ਵਰਤੀ ਜਾਵੇ।