ਬਠਿੰਡਾ: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਧਾਰਮਿਕ ਸੇਵਾ ਨਿਭਾਉਣ ਦੇ ਤੀਜੇ ਪੜਾਅ ਤਹਿਤ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜੇ। ਉਨ੍ਹਾਂ ਨੇ ਤਖ਼ਤ ਸਾਹਿਬ ਦੇ ਪ੍ਰਵੇਸ਼ ਦੁਆਰ ਉੱਤੇ ਚੋਲਾ ਪਾ ਹੱਥ ਵਿੱਚ ਬਰਛਾ ਫੜ੍ਹ ਕੇ ਚੋਬਦਾਰ ਵਜੋਂ ਸੇਵਾ ਸੰਭਾਲੀ ਹੈ। ਆਲੇ ਦੁਆਲੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਦੇਖਣ ਨੂੰ ਮਿਲੇ। ਚੋਬਦਾਰ ਦੀ ਸੇਵਾ ਨਿਭਾਉਣ ਤੋਂ ਬਾਅਦ ਸੁਖਬੀਰ ਬਾਦਲ ਕੀਰਤਨ ਸਰਵਣ ਕੀਤਾ ਅਤੇ ਫਿਰ ਬਰਤਨ ਸਾਫ ਕਰਨ ਦੀ ਸੇਵਾ ਨਿਭਾਈ।
ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਧਾਰਮਿਕ ਸਜ਼ਾ ਭੁਗਤਣ ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜਣ ਨੂੰ ਲੈਕੇ ਪੁਲਿਸ ਵੱਲੋਂ ਲਾ ਮਿਸਾਲ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਤਖ਼ਤ ਸਾਹਿਬ ਆਉਣ ਵਾਲੀ ਸੰਗਤਾਂ ਨੂੰ ਮੈਟਲ ਡਿਕਟੇਟਰਾਂ ਚੋਂ ਲੰਘਾਇਆ ਜਾ ਰਿਹਾ ਹੈ, ਜਦਕਿ ਤਖ਼ਤ ਸਾਹਿਬ ਦੇ ਮੁੱਖ ਦਾਖਿਲੇ ਦਾ ਇੱਕ ਰਸਤਾ ਪੂਰਨ ਬੰਦ ਕਰ ਦਿੱਤਾ ਗਿਆ ਹੈ। ਤਖ਼ਤ ਸਾਹਿਬ ਕੰਪਲੈਕਸ ਵਿੱਚ ਆਰਜੀ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਖੁਦ ਸਾਰੇ ਸੁਰੱਖਿਆ ਪ੍ਰਬੰਧ ਦੇਖ ਰਹੇ ਹਨ।
ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਐਸਐਸਪੀ ਬਠਿੰਡਾ ਅਮਨਦੀਪ ਕੋਂਡਲ ਨੇ ਕਿਹਾ ਕਿ ਸੁਰੱਖਿਆ ਦੇ ਪੁੱਖ਼ਤਾ ਪ੍ਰਬੰਧ ਕੀਤੇ ਗਏ ਹਨ। ਅਸੀ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ, ਹਰ ਤਰ੍ਹਾਂ ਦੀ ਚੈਕਿੰਗ ਕਰ ਰਹੇ ਹਾਂ।
ਸੁਖਬੀਰ ਬਾਦਲ 'ਤੇ ਹਮਲੇ ਨੂੰ ਲੈ ਕੇ ਐਸਜੀਪੀਸੀ ਦੀ ਮੀਟਿੰਗ
ਦੂਜੇ ਪਾਸੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਅੱਜ ਸੋਮਵਾਰ ਨੂੰ ਹੋਵੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਜ਼ਾ ਸੁਣਾਏ ਜਾਣ ਅਤੇ ਸੁਖਬੀਰ ਬਾਦਲ 'ਤੇ ਹਮਲੇ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੈ। ਇਸ ਮੀਟਿੰਗ ਦਾ ਮੁੱਖ ਏਜੰਡਾ ਵੀ ਸੁਖਬੀਰ ਬਾਦਲ 'ਤੇ ਹਮਲਾ ਹੀ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਕੁਝ ਹੋਰ ਮੁੱਦੇ ਵੀ ਵਿਚਾਰੇ ਜਾਣੇ ਹਨ।