ਖੰਨਾ: ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਦਿੱਲੀ ਪਠਾਨਕੋਟ ਐਕਸਪ੍ਰੈਸ 'ਤੇ ਪੱਥਰ ਮਾਰੇ ਗਏ। ਇਹ ਘਟਨਾ ਲੁਧਿਆਣਾ ਅਤੇ ਖੰਨਾ ਵਿਚਕਾਰ ਦੋਰਾਹਾ ਰੇਲਵੇ ਸਟੇਸ਼ਨ ਨੇੜੇ ਵਾਪਰੀ। ਇੱਕ ਪੱਥਰ ਬੋਗੀ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਯਾਤਰੀ ਦੇ ਮੂੰਹ 'ਤੇ ਜਾ ਵੱਜਿਆ। ਪਾਣੀਪਤ ਦਾ ਰਹਿਣ ਵਾਲਾ ਇਹ ਯਾਤਰੀ ਜ਼ਖ਼ਮੀ ਹੋ ਗਿਆ। ਜਿਸ ਨੂੰ ਸਰਹਿੰਦ ਰੇਲਵੇ ਸਟੇਸ਼ਨ 'ਤੇ ਉਤਾਰ ਕੇ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ। ਜ਼ਖ਼ਮੀ ਯੁਵਰਾਜ ਸਿੰਘ ਦੇ ਦੰਦ ਟੁੱਟ ਗਏ ਹਨ ਅਤੇ ਬੁੱਲ੍ਹਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ।
ਟ੍ਰੇਨ ਵਿੱਚ ਸਫ਼ਰ ਕਰ ਰਿਹਾ ਸੀ ਪੀੜਤ ਯੁਵਰਾਜ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਯੁਵਰਾਜ ਸਿੰਘ ਆਪਣੀ ਮਾਤਾ ਸੁਖਵਿੰਦਰ ਕੌਰ ਅਤੇ ਰਿਸ਼ਤੇਦਾਰ ਕਵਲਜੀਤ ਸਿੰਘ ਨਾਲ ਰੇਲ ਗੱਡੀ ਨੰਬਰ 22430 ਦਿੱਲੀ ਪਠਾਨਕੋਟ ਐਕਸਪ੍ਰੈਸ ਦੀ ਬੋਗੀ ਨੰਬਰ ਡੀ-2 ਵਿੱਚ ਸਫ਼ਰ ਕਰ ਰਿਹਾ ਸੀ। ਉਨ੍ਹਾਂ ਦੇ ਸੀਟ ਨੰਬਰ 79, 80 ਅਤੇ 81 ਸਨ। ਯੁਵਰਾਜ ਸੀਟ ਨੰਬਰ 79 'ਤੇ ਬੈਠਾ ਸੀ। ਲੁਧਿਆਣਾ ਵਿਖੇ ਰੁਕਣ ਤੋਂ ਬਾਅਦ ਟ੍ਰੇਨ ਦਾ ਸਰਹਿੰਦ ਸਟੌਪੇਜ਼ ਹੈ। ਜਿਵੇਂ ਹੀ ਰੇਲਗੱਡੀ ਦੋਰਾਹਾ ਰੇਲਵੇ ਸਟੇਸ਼ਨ ਤੋਂ ਲੰਘੀ ਤਾਂ ਬਾਹਰੋਂ ਇੱਕ ਪੱਥਰ ਸ਼ੀਸ਼ਾ ਤੋੜਦਾ ਹੋਇਆ ਯੁਵਰਾਜ ਦੇ ਮੂੰਹ 'ਤੇ ਵੱਜਿਆ। ਯੁਵਰਾਜ ਦੇ ਦੰਦ ਟੁੱਟ ਗਏ ਅਤੇ ਬੁੱਲ੍ਹਾਂ 'ਤੇ ਗੰਭੀਰ ਸੱਟਾਂ ਕਾਰਨ ਕਾਫੀ ਖੂਨ ਵਹਿ ਗਿਆ ਸੀ।
ਟ੍ਰੇਨ 'ਚ ਹੀ ਦਿੱਤੀ ਗਈ ਮੁੱਢਲੀ ਸਹਾਇਤਾ: ਇਸ ਤੋਂ ਬਾਅਦ ਯੁਵਰਾਜ ਦਾ ਰਿਸ਼ਤੇਦਾਰ ਕਵਲਜੀਤ ਸਿੰਘ ਟ੍ਰੇਨ ਗਾਰਡ ਕੋਲ ਗਿਆ। ਟ੍ਰੇਨ ਗਾਰਡ ਫਸਟ ਏਡ ਕਿੱਟ ਲੈ ਕੇ ਆਇਆ ਅਤੇ ਯੁਵਰਾਜ ਨੂੰ ਫਸਟ ਏਡ ਦਿੱਤੀ ਗਈ। ਜ਼ਿਆਦਾ ਖੂਨ ਵਹਿਣ ਕਾਰਨ ਯੁਵਰਾਜ ਨੂੰ ਸਰਹਿੰਦ ਰੇਲਵੇ ਸਟੇਸ਼ਨ 'ਤੇ ਉਤਾਰ ਕੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ। ਯੁਵਰਾਜ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਉੱਥੋਂ ਵੀ ਰੈਫਰ ਕਰ ਦਿੱਤਾ ਗਿਆ।
ਰੇਲਵੇ ਐਕਟ ਤਹਿਤ ਮਾਮਲਾ ਦਰਜ: ਇਸ ਮਾਮਲੇ ਦੀ ਜਾਂਚ ਕਰ ਰਹੇ ਜੀਆਰਪੀ ਚੌਕੀ ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਤੁਰੰਤ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਪੁੱਜੇ। ਉੱਥੇ ਜ਼ਖਮੀ ਯੁਵਰਾਜ ਬੋਲਣ ਦੀ ਹਾਲਤ 'ਚ ਨਹੀਂ ਸੀ। ਯੁਵਰਾਜ ਦੇ ਰਿਸ਼ਤੇਦਾਰ ਕਵਲਜੀਤ ਸਿੰਘ ਦੇ ਬਿਆਨ ਦਰਜ ਕੀਤੇ ਗਏ ਹਨ। ਰੇਲਵੇ ਐਕਟ ਦੀ ਧਾਰਾ 152 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਦੋਰਾਹਾ 'ਚ ਵੀ ਮੌਕੇ 'ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ।
- ਪੰਜ ਮਹੀਨਿਆਂ ਤੋਂ ਖਨੌਰੀ ਬਾਰਡਰ ਉੱਤੇ ਬੈਠੇ ਕਿਸਾਨਾਂ ਦੇ ਹੌਂਸਲੇ ਬੁਲੰਦ, ਕਿਹਾ- ਹਰ ਹਾਲ ਜਾਵਾਂਗੇ ਦਿੱਲੀ - farmers in Khanuri border
- ਅੰਮ੍ਰਿਤਸਰ 'ਚ ਖਿਡਾਰੀਆਂ ਨੂੰ ਫਰਜ਼ੀ ਸਰਟੀਫਿਕੇਟ ਵੰਡਣ ਵਾਲਾ ਕਾਬੂ, ਖੋਲ੍ਹ ਰੱਖੀ ਸੀ ਫਰਜ਼ੀ ਖੇਡ ਸੰਸਥਾ, ਚੜ੍ਹ ਗਏ ਪੁਲਿਸ ਅੜਿੱਕੇ - Issuer fake certificate arrested
- ਭਾਜਪਾ ਦਾ ਮਾਨ ਸਰਕਾਰ 'ਤੇ ਨਿਸ਼ਾਨਾ, ਕਿਹਾ- ਚਿੱਟੇ ਦੀ ਹੋ ਰਹੀ ਹੋਮ ਡਿਲੀਵਰੀ ਤੇ 28 ਮਹੀਨਿਆਂ 'ਚ 587 ਨੌਜਵਾਨਾਂ ਦੀ ਨਸ਼ੇ ਕਾਰਨ ਮੌਤ - BJP targets Mann government