ਅੰਮ੍ਰਿਤਸਰ/ਬਠਿੰਡਾ: ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਹਰ ਗੁਰਦੁਆਰੇ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਦਿਹਾੜੇ ਮੌਕੇ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਇਸ ਮਹਾਨ ਪੁਰਬ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਐਸੀ ਮਹਾਨ ਪਾਵਨ ਪਵਿੱਤਰ ਹਸਤੀ ਸਨ, ਜਿਨ੍ਹਾਂ ਦਾ ਹਿਰਦਾ ਬਹੁਤ ਕੋਮਲ ਸੀ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਉੱਤੇ ਚਾਨਣਾ ਪਾਇਆ ਹੈ, ਸਿੰਘ ਸਾਹਿਬ ਨੇ ਸੰਗਤਾਂ ਨੂੰ ਉਨਾਂ ਦੇ ਦੱਸੇ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਵੀ ਦਿੱਤੀ ਹੈ।
ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋ ਰਹੀ ਨਤਮਸਤਕ: ਇਸ ਮੌਕੇ ਗੱਲਬਾਤ ਕਰਦਿਆਂ ਗੁਰੂ ਘਰ ਆਈਆਂ ਸਿੱਖ ਸੰਗਤ ਨੇ ਕਿਹਾ ਕਿ ਅੱਜ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਮਨ ਵਿੱਚ ਕਾਫੀ ਖੁਸ਼ੀ ਅਤੇ ਉਤਸ਼ਾਹ ਹੈ। ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰੀਆ ਭਰ ਰਹੀਆ ਹਨ ਅਤੇ ਸ਼੍ਰੋਮਣੀ ਕਮੇਟੀ ਵਲੋਂ ਪੂਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਤੰਗੀ ਨਾ ਆਵੇ। ਸੰਗਤਾਂ ਸਵੇਰ ਦੀ ਹੀ ਵੱਡੀ ਗਿਣਤੀ ਵਿਚ ਗੁਰੂ ਘਰ ਪਹੁੰਚ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆ ਹਨ ਅਤੇ ਅਸੀਂ ਦੇਸ਼ਾ ਵਿਦੇਸ਼ਾਂ ਵਿਚ ਵਸਦੀਆਂ ਸੰਗਤਾਂ ਨੂੰ ਇਸ ਪਾਵਨ ਪਵਿਤਰ ਦਿਹਾੜੇ ਦੀ ਵਧਾਈ ਦੇ ਰਹੇ ਹਨ।
ਜਨਮ, ਜੀਵਨ ਤੇ ਇਤਿਹਾਸ: ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਿੱਖ ਗੁਰੂਆਂ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਗੁਰੂ ਹੋਏ ਹਨ, ਜੋ ਕਿ ਸਿੱਖਾਂ ਦੇ 8ਵੇਂ ਗੁਰੂ ਹਨ। ਆਪ ਪੰਜ ਸਾਲ ਦੀ ਉਮਰ ਵਿੱਚ 1661 ਨੂੰ ਗੁਰਗੱਦੀ ਤੇ ਬਿਰਾਜਮਾਨ ਹੋਏ ਤੇ ਤਿੰਨ ਸਾਲ ਗੁਰਗੱਦੀ ਦੇ ਸਮੇਂ ਦੌਰਾਨ ਆਪਣੇ ਆਪ ਨੂੰ ਯੋਗ ਸਾਬਤ ਕੀਤਾ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ ਸੰਨ 1656 ਈਸਵੀਂ ਨੂੰ ਕੀਰਤਪੁਰ ਸਾਹਿਬ, ਜ਼ਿਲ੍ਹਾ ਰੋਪੜ ਦੀ ਪਵਿੱਤਰ ਨਗਰੀ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਤੇ ਮਾਤਾ ਸ੍ਰੀ ਕ੍ਰਿਸ਼ਨ ਕੌਰ ਸਨ।
ਆਪ ਜੀ ਦੇ ਪਿਤਾ ਗੁਰੂ ਹਰਿਰਾਏ ਸਾਹਿਬ, ਜੋ ਬਾਬਾ ਗੁਰਦਿੱਤਾ ਜੀ ਦੇ ਬੇਟੇ ਅਤੇ ਸਿੱਖ ਧਰਮ ਦੇ 7ਵੇਂ ਗੁਰੂ ਹਨ। ਕਿਹਾ ਜਾਂਦਾ ਹੈ ਕਿ ਸਤਿਗੁਰਾਂ ਜੀ ਦੇ ਪਾਵਨ ਆਗਮਨ ਨੇ ਪੂਰੀ ਕਾਇਨਾਤ ਨੂੰ ਆਪਣੀਆਂ ਪਾਵਨ ਬਖਸ਼ਿਸ਼ਾ ਦੇ ਨਾਲ ਨਿਵਾਜਿਆ। ਗੁਰੂ ਹਰਿਕ੍ਰਿਸ਼ਨ ਕਿਸ਼ਨ ਸਾਹਿਬ ਜੀ ਦਾ ਚਿਹਰਾ ਮਨਮੋਹਨਾ ਤੇ ਹਿਰਦਾ ਕੋਮਲ ਸੀ। ਹਰ ਵੇਖਣ ਵਾਲਾ ਉਹਨਾਂ ਵੱਲ ਖਿੱਚਿਆ ਜਾਂਦਾ ਸੀ। ਆਪ ਜੀ ਦਾ ਬਚਪਨ ਪਿਤਾ ਗੁਰੂ ਹਰਿਰਾਏ ਸਾਹਿਬ ਜੀ ਦੀ ਨਿਗਰਾਨੀ ਵਿੱਚ ਬੀਤਿਆ।
ਸ੍ਰੀ ਹਰਿਕ੍ਰਿਸ਼ਨ ਜੀ ਆਪਣੇ ਹੱਥੀ ਆਈ ਸੰਗਤ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਵਿੱਚ ਲੱਗੇ ਰਹਿੰਦੇ। ਗੁਰੂ ਹਰਿਰਾਏ ਜੀ ਦੇ ਰੱਬੀ ਸ਼ਖਸ਼ੀਅਤ ਵਾਲੇ ਗੁਣ ਹੌਲੀ ਹੌਲੀ ਸ਼ਖਸ਼ੀਅਤ ਦਾ ਹਿੱਸਾ ਬਣਦੇ ਰਹੇ। ਆਪ ਜੀ ਦੀ ਅੱਖਰੀ ਵਿਦਿਆ ਆਪਣੇ ਪਿਤਾ ਜੀ ਦੀ ਨਿਗਰਾਨੀ ਹੇਠ ਪੂਰੀ ਹੋਈ।
ਗੁਰੂ ਹਰਿਕ੍ਰਿਸ਼ਨ ਜੀ ਨੇ ਪਹਾੜਾਂ ਦੇ ਇਸ ਇਲਾਕੇ ਵਿੱਚ ਜੂਆ, ਸ਼ਰਾਬ ਤੇ ਕੁੜੀਆਂ ਮਾਰਨ ਦੀ ਕੋਝੀ ਰੀਤ ਦਾ ਸਖ਼ਤੀ ਨਾਲ ਵਿਰੋਧ ਕੀਤਾ ਅਤੇ ਇਸ ਸਬੰਧੀ ਸਿੱਖਾਂ ਨੂੰ ਵੱਖ-ਵੱਖ ਥਾਵਾਂ ਉੱਤੇ ਜਾ ਕੇ ਪ੍ਰਚਾਰ ਕਰਨ ਦੇ ਹੁਕਮ ਵੀ ਦਿੱਤੇ। ਸਮਾਂ ਆਪਣੀ ਰਫਤਾਰ ਚੱਲਦਾ ਗਿਆ ਇਤਿਹਾਸ ਇਹ ਵੀ ਦੱਸਦਾ ਹੈ ਕਿ ਰਾਜਾ ਜੈ ਸਿੰਘ ਚਾਹੁੰਦਾ ਸੀ ਕਿ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਜਾਵੇ। ਪੱਤਰ ਮਿਲਣ ਉੱਤੇ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਗਏ।
ਗੁਰੂ ਪਾਤਸ਼ਾਹ ਜੀ ਦਿੱਲੀ ਵਿੱਚ ਹੀ ਸੀ ਕਿ ਉੱਥੇ ਚੇਚਕ ਦੀ ਬਿਮਾਰੀ ਫੈਲ ਗਈ। ਗੁਰੂ ਜੀ ਨੇ ਆਪਣੇ ਸਫਾਖਾਨੇ ਨੂੰ ਦਿੱਲੀ ਤਬਦੀਲ ਕਰ ਦਿੱਤਾ ਤੇ ਲੋਕਾਂ ਦਾ ਦੁੱਖ ਵੰਡਾਉਣ ਲਈ ਆਪ ਵੀ ਸੇਵਾ ਵਿੱਚ ਲੱਗ ਗਏ। ਇਸ ਗੱਲ ਤੋਂ ਔਰੰਗਜੇਬ ਬੇਹਦ ਪ੍ਰਭਾਵਿਤ ਹੋਇਆ ਤੇ ਮਿਲਣ ਦੀ ਇੱਛਾ ਨਾਲ ਬਹੁਤ ਸਾਰੇ ਤੋਹਫੇ ਗੁਰੂ ਲਈ ਭੇਜੇ, ਪਰ ਗੁਰੂ ਜੀ ਨੇ ਕਿਹਾ ਕਿ ਨਾ ਉਹ ਉਸ ਦੇ ਤੋਹਫੇ ਪ੍ਰਵਾਨ ਕਰਦੇ ਹਨ ਤੇ ਨਾ ਹੀ ਉਸ ਨੂੰ ਦਰਸ਼ਨ ਦੇਣਗੇ।
ਜੋਤੀ ਜੋਤਿ ਸਮਾਉਣਾ: ਸਮਾਂ ਇਹੋ ਜਿਹਾ ਆਇਆ ਦਿੱਲੀ ਵਿੱਚ ਚੇਚਕ ਦੀ ਬਿਮਾਰੀ ਗ੍ਰਸਤ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਵਡਾਉਂਦੇ ਹੋਏ ਖੁਦ ਗੁਰੂ ਹਰਿਕ੍ਰਿਸ਼ਨ ਜੀ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਏ। ਜਦੋਂ ਪਤਾ ਲੱਗ ਗਿਆ ਕਿ ਹੁਣ ਸਰੀਰ ਨੂੰ ਤਿਆਗਣਾ ਹੈ, ਤਾਂ ਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਆਖਿਆ "ਬਾਬਾ ਬਸੈ ਗ੍ਰਾਮ ਬਕਾਲੇ" ਇਸ਼ਾਰਾ ਬਕਾਲੇ ਦੀ ਧਰਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਕਰ ਦਿੱਤਾ ਤੇ ਆਖਿਆ ਅੱਜ ਤੋਂ ਬਾਅਦ ਸੰਗਤ ਦੀ ਦੇਖਭਾਲ ਉਹੀ ਕਰਨਗੇ ਅਤੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੋਤੀ ਜੋਤਿ ਸਮਾ ਗਏ।