ਸ੍ਰੀ ਮੁਕਤਸਰ ਸਾਹਿਬ: ਇੱਕ ਪਾਸੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਲੋਂ ਕਾਨੂੰਨ ਵਿਵਸਥਾ ਸਹੀ ਹੋਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਤਾਂ ਉਥੇ ਹੀ ਪਿੰਡਾਂ 'ਚ ਅਕਸਰ ਪੁਰਾਣੀ ਰੰਜਿਸ਼ ਕਾਰਨ ਵਾਰਦਾਤਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ। ਤਾਜ਼ਾ ਮਾਮਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੌਟ ਦੇ ਪਿੰਡ ਲੱਕੜ ਵਾਲਾ ਤੋਂ ਸਾਹਮਣੇ ਆਇਆ ਹੈ, ਜਿਥੇ ਪੁਰਾਣੀ ਰੰਜਿਸ਼ ਦੇ ਚਲਦੇ ਛੁੱਟੀ ਆਏ ਫੌਜੀ ਸੁਖਜਿੰਦਰ ਸਿੰਘ ਨੇ ਆਪਣੇ ਪਿੰਡ ਦੇ ਨੌਜਵਾਨ ਅਕਾਸ਼ਦੀਪ ਸਿੰਘ ਉਪਰ ਫਾਇਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਫੌਜੀ ਵਲੋਂ ਇਹ ਫਾਇਰ ਨਾਜਾਇਜ਼ ਅਸਲੇ ਨਾਲ ਕੱਢਿਆ ਗਿਆ ਸੀ ਪਰ ਗਨੀਮਤ ਰਹੀ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਥੇ ਹੀ ਪੁਲਿਸ ਵਲੋਂ ਮੁਲਜ਼ਮ ਫੌਜੀ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕਰ ਲਿਆ ਹੈ।
ਰੰਜਿਸ਼ ਦੇ ਚੱਲਦੇ ਫੌਜੀ ਨੇ ਕੀਤੀ ਵਾਰਦਾਤ: ਉਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਧਿਰ ਦੇ ਅਕਾਸ਼ਦੀਪ ਸਿੰਘ ਅਤੇ ਸ਼ਿੰਦਰ ਸਿੰਘ ਨੇ ਦੱਸਿਆ ਕਿ ਸਾਡਾ ਫੌਜੀ ਸੁਖਜਿੰਦਰ ਸਿੰਘ ਦੇ ਪਰਿਵਾਰ ਨਾਲ ਕਰੀਬ ਤੀਹ ਸਾਲ ਪੁਰਾਣਾ ਜ਼ਮੀਨੀ ਮਸਲਾ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਆਵਾਰਾ ਪਸ਼ੂਆਂ ਦੇ ਚੱਲਦੇ ਅਸੀਂ ਖੇਤ ਗੇੜਾ ਮਾਰਨ ਜਾ ਰਹੇ ਸੀ ਤਾਂ ਉਕਤ ਫੌਜੀ ਉਨ੍ਹਾਂ ਦੀ ਜ਼ਮੀਨ 'ਚ ਬੈਠਾ ਸੀ ਤੇ ਜਦੋਂ ਉਸ ਨਾਲ ਗੱਲ ਕਰਨੀ ਚਾਹੀ ਤਾਂ ਉਸ ਵਲੋਂ ਫਾਇਰ ਕੱਢ ਦਿੱਤਾ ਗਿਆ ਹੈ। ਇਸ ਨੂੰ ਲੈਕੇ ਪੀੜਤ ਧਿਰ ਵਲੋਂ ਇਨਸਾਫ਼ ਦੀ ਮੰਗ ਕਰਦਿਆਂ ਇਲਜ਼ਾਮ ਲਾਏ ਗਏ ਹਨ ਕਿ ਪੁਲਿਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰ ਰਹੀ।
ਨਾਜਾਇਜ਼ ਅਸਲੇ ਸਣੇ ਫੌਜੀ ਕੀਤਾ ਕਾਬੂ: ਉਧਰ ਦੂਜੇ ਪਾਸੇ ਥਾਣਾ ਸਦਰ ਮਲੋਟ ਪੁਲਿਸ ਦੇ ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਫੌਜੀ ਸੁਖਜਿੰਦਰ ਸਿੰਘ ਦਾ ਸ਼ਿੰਦਰਪਾਲ ਸਿੰਘ ਦੇ ਪਰਿਵਾਰ ਨਾਲ ਕੋਈ ਜ਼ਮੀਨ ਦੇ ਰਸਤੇ ਨੂੰ ਲੈਕੇ ਪੁਰਾਣਾ ਝਗੜਾ ਸੀ। ਸੁਖਜਿੰਦਰ ਸਿੰਘ ਇਕ ਫੌਜੀ ਹੈ ਤੇ ਛੁੱਟੀ ਆਇਆ ਹੋਇਆ ਸੀ, ਜਿਸ ਨੇ ਇਕ ਦੇਸੀ ਕੱਟਾ ਪਿਸਤੌਲ ਨਾਲ ਸ਼ਿੰਦਰਪਾਲ ਸਿੰਘ ਦੇ ਬੇਟੇ ਅਕਾਸ਼ਦੀਪ ਸਿੰਘ ਉਪਰ ਫਾਇਰ ਕਰ ਦਿਤਾ ਸੀ। ਉਨ੍ਹਾਂ ਦੱਸਿਆ ਕਿ ਵਾਰਦਾਤ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ, ਪਰ ਅਸੀਂ ਉਕਤ ਫੌਜੀ ਨੂੰ ਅਸਲੇ ਸਣੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।