ਲੁਧਿਆਣਾ: ਬਰਸਾਤਾਂ ਦਾ ਮੌਸਮ ਆਉਂਦਿਆ ਹੀ ਡੇਂਗੂ ਅਤੇ ਮਲੇਰੀਏ ਦਾ ਖਤਰਾ ਵੀ ਵਧਣ ਲੱਗਦਾ ਹੈ, ਪਰ ਇਸ ਸਾਲ ਸਿਹਤ ਮਹਿਕਮਾ ਡੇਂਗੂ 'ਤੇ ਠੱਲ ਪਾਉਣ 'ਚ ਕਾਫੀ ਹੱਦ ਤੱਕ ਕਾਮਯਾਬ ਹੁੰਦਾ ਵਿਖਾਈ ਦੇ ਰਿਹਾ ਹੈ। ਲੁਧਿਆਣਾ 'ਚ ਹੁਣ ਤੱਕ ਡੇਂਗੂ ਦੇ 34 ਮਾਮਲੇ ਹੀ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਦੋ ਮਰੀਜ਼ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ, ਜਿਨ੍ਹਾਂ ਦੀ ਹਾਲਤ ਠੀਕ ਹੈ ਅਤੇ ਜ਼ਿਆਦਾਤਰ ਪੋਜੀਟਿਵ ਡੇਂਗੂ ਦੇ ਮਰੀਜ਼ਾਂ ਦੇ ਵਿੱਚ ਬਾਹਰਲੇ ਜ਼ਿਲ੍ਹਿਆਂ ਦੇ ਮਰੀਜ਼ ਜਿਆਦਾ ਹਨ। ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਔਲਖ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਡੇਂਗੂ ਸਬੰਧੀ ਲੋਕਾਂ ਨੂੰ ਜਾਗਰੂਕਤਾ : ਡਾਕਟਰ ਜਸਬੀਰ ਸਿੰਘ ਔਲਖ ਨੇ ਦੱਸਿਆ ਹੈ ਕਿ ਅੱਜ ਇੱਕ ਗੀਤ ਵੀ ਵਿਸ਼ੇਸ਼ ਤੌਰ 'ਤੇ ਪੰਜਾਬ ਸਿਹਤ ਮਹਿਕਮੇ ਵੱਲੋਂ ਡੇਂਗੂ ਨੂੰ ਲੈ ਕੇ ਜਾਰੀ ਕੀਤਾ ਜਾ ਰਿਹਾ ਹੈ। ਜਿਸ ਵਿੱਚ ਡੇਂਗੂ ਸਬੰਧੀ ਲੋਕਾਂ ਨੂੰ ਜਾਗਰੂਕਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। 34 ਮਾਮਲੇ ਡੇਂਗੂ ਦੇ ਹੁਣ ਤੱਕ ਜੋ ਸਾਹਮਣੇ ਆਏ ਹਨ, ਉਹ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਆਏ ਹਨ। ਜ਼ਿਆਦਾਤਰ ਬਾਹਰਲੇ ਜ਼ਿਲਿਆਂ ਨਾਲ ਸੰਬੰਧਿਤ ਹਨ। ਉਨ੍ਹਾਂ ਕਿਹਾ ਕਿ ਕੋਈ ਖਾਸ ਇਲਾਕੇ ਤੋਂ ਅਜਿਹੇ ਕੇਸ ਸਾਹਮਣੇ ਨਹੀਂ ਆਏ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਾਰਪਰੇਸ਼ਨ ਵੱਲੋਂ ਫੋਗਿੰਗ ਵੀ ਕਰਵਾਈ ਜਾ ਰਹੀ ਹੈ ਅਤੇ ਨਾਲ ਹੀ ਜਿੱਥੇ ਡੇਂਗੂ ਦਾ ਲਾਰਵਾ ਮਿਲਦਾ ਹੈ। ਉਨ੍ਹਾਂ ਲੋਕਾਂ ਨੇ ਚਲਾਨ ਵੀ ਕੱਟੇ ਜਾ ਰਹੇ ਹਨ।
ਡੇਂਗੂ ਦਾ ਲਾਰਵਾ ਪਣਪਦਾ: ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਰਹਿਣ ਅਤੇ ਆਪਣਾ ਆਲਾ-ਦੁਆਲਾ ਸਾਫ ਸੁਥਰਾ ਬਣਾਈ ਰੱਖਣ ਦੀ ਵੀ ਉਨ੍ਹਾਂ ਨੇ ਅਪੀਲ ਕੀਤੀ ਹੈ ਅਤੇ ਨਾਲ ਹੀ ਕਿਹਾ ਕਿ ਅਕਸਰ ਹੀ ਬਰਸਾਤਾਂ ਦੇ ਵਿੱਚ ਲੋਕ ਪੰਛੀਆਂ ਨੂੰ ਅਤੇ ਜਾਨਵਰਾਂ ਨੂੰ ਪਾਣੀ ਪਾਉਣ ਦੇ ਲਈ ਭਾਂਡਿਆਂ ਦਾ ਇਸਤੇਮਾਲ ਕਰਦੇ ਹਨ, ਜਿਨਾਂ ਨੂੰ ਛੱਤਾਂ 'ਤੇ ਰੱਖ ਦਿੰਦੇ ਹਨ। ਪਰ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੀਂਹ ਪੈ ਰਿਹਾ ਹੈ। ਫਿਲਹਾਲ ਇਸ ਤਰ੍ਹਾਂ ਪਾਣੀ ਰੱਖਣ ਦੀ ਲੋੜ ਨਹੀਂ ਹੈ ਕਿਉਂਕਿ ਇਸ ਵਿੱਚ ਡੇਂਗੂ ਦਾ ਲਾਰਵਾ ਪਣਪਦਾ ਹੈ ਕਿਉਂਕਿ ਡੇਂਗੂ ਦਾ ਲਾਰਵਾ ਸਾਫ ਪਾਣੀ ਦੇ ਵਿੱਚ ਹੁੰਦਾ ਹੈ। ਇਸ ਕਰਕੇ ਆਪਣੇ ਨੇੜੇ ਤੇੜੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ।
ਟੀਮਾਂ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਦੌਰੇ ਕੀਤੇ: ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਵੀ ਹਰ ਸ਼ੁੱਕਰਵਾਰ ਡੇਂਗੂ ਦੇ ਵਾਰ ਕਰਕੇ ਇੱਕ ਪ੍ਰੋਗਰਾਮ ਚਲਾਇਆ ਗਿਆ ਹੈ। ਜਿਸ ਦੇ ਤਹਿਤ ਲੋਕਾਂ ਨੂੰ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਸਫਾਈ ਆਪਣਾ ਆਲਾ-ਦੁਆਲਾ ਸਾਫ ਸੁਥਰਾ ਰੱਖਣ ਲਈ ਅਤੇ ਟੀਮਾਂ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਦੌਰੇ ਕੀਤੇ ਜਾਂਦੇ ਹਨ।