ਲੁਧਿਆਣਾ : ਭਾਸ਼ਾ ਵਿਭਾਗ ਵਿੱਚ ਇਕਲੌਤੀ ਉਰਦੂ ਦੀ ਅਧਿਆਪਿਕਾ ਸਕੀਨਾ ਖਾਤੂਨ ਪਿਛਲੇ ਪੰਜ ਸਾਲ ਤੋਂ ਪੰਜਾਬੀਆਂ ਨੂੰ ਉਰਦੂ ਦਾ ਗਿਆਨ ਦੇ ਰਹੀ ਹੈ। ਪੰਜਾਬ ਵਿੱਚ ਭਾਸ਼ਾ ਵਿਭਾਗ ਦੇ ਅੰਦਰ ਉਰਦੂ ਸਿਖਾਉਣ ਵਾਲੀ ਸਕੀਨਾ ਖਾਤੂਨ ਇਕਲੌਤੀ ਅਧਿਆਪਿਕਾ ਹੈ ਜਿਸ ਤੋਂ ਨਾ ਸਿਰਫ ਉਰਦੂ ਸਿੱਖਣ ਦੇ ਸ਼ੌਕੀਨ ਭਾਸ਼ਾ ਦਾ ਗਿਆਨ ਲੈ ਰਹੇ ਹਨ, ਸਗੋਂ ਪੁਰਾਣਾ ਰਿਕਾਰਡ ਵੀ ਖੰਗਾਲਣ ਦੇ ਲਈ ਪਟਵਾਰੀ ਇਥੋਂ ਤੱਕ ਕਿ ਵਕੀਲ ਵੀ ਉਨ੍ਹਾਂ ਕੋਲੋਂ ਉਰਦੂ ਦਾ ਗਿਆਨ ਲੈਣ ਆਉਂਦੇ ਹਨ।
ਪਟਵਾਰੀ ਦੀ ਨੌਕਰੀ ਲਈ ਉਰਦੂ ਅਹਿਮ: ਸਕੀਨਾ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ਸਥਿਤ ਭਾਸ਼ਾ ਵਿਭਾਗ ਵਿੱਚ ਸਵੇਰੇ ਇੱਕ ਘੰਟੇ ਦੀ ਉਰਦੂ ਦੀ ਕਲਾਸ ਲੈਂਦੀ ਹੈ। ਇਸ ਵਿੱਚ ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਤੱਕ ਪਟਵਾਰੀ ਵਕੀਲ ਉਨ੍ਹਾਂ ਕੋਲੋਂ ਉਰਦੂ ਸਿੱਖਣ ਲਈ ਆਉਂਦੇ ਹਨ। ਵਿਭਾਗ ਵੱਲੋਂ 6 ਮਹੀਨੇ ਦਾ ਕੋਰਸ ਕਰਵਾਉਣ ਤੋਂ ਬਾਅਦ ਬਕਾਇਦਾ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਅਤੇ ਜੇਕਰ ਕਿਸੇ ਨੇ ਪੰਜਾਬ ਵਿੱਚ ਪਟਵਾਰੀ ਦੀ ਨੌਕਰੀ ਦੇ ਲਈ ਆਸਾਮੀ ਲੈਣੀ ਹੈ, ਤਾਂ ਉਸ ਨੂੰ ਉਰਦੂ ਦਾ ਗਿਆਨ ਹੋਣਾ ਲਾਜ਼ਮੀ ਹੈ, ਕਿਉਂਕਿ ਪੁਰਾਣਾ ਰਿਕਾਰਡ ਉਰਦੂ ਵਿੱਚ ਹੈ, ਖਾਸ ਕਰਕੇ 1947 ਤੋਂ ਪਹਿਲਾਂ ਪੰਜਾਬ ਵਿੱਚ ਉਰਦੂ ਹੀ ਜਿਆਦਾ ਵਰਤੀ ਜਾਂਦੀ ਸੀ।
ਸਕੀਨਾ ਨੇ ਪਹਿਲਾਂ ਪੂਰੀ ਕੀਤੀ ਪੜ੍ਹਾਈ, ਫਿਰ ਸ਼ੁਰੂ ਕੀਤੀ ਸਿਖਲਾਈ: ਸਕੀਨਾ ਖਤੂਨ ਖੁਦ ਬਿਹਾਰ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਉਮਰ 27 ਸਾਲ ਦੀ ਹੈ। ਉਸ ਦਾ ਵਿਆਹ ਲੁਧਿਆਣਾ ਵਿੱਚ ਹੋਇਆ ਹੈ ਜਿਸ ਤੋਂ ਬਾਅਦ ਉਸ ਨੇ ਪੜ੍ਹਨ ਦੀ ਇੱਛਾ ਜਾਹਿਰ ਕੀਤੀ ਅਤੇ ਦਸਵੀਂ ਜਮਾਤ ਬਿਹਾਰ ਤੋਂ ਕੀਤੀ ਸੀ ਅਤੇ ਉਰਦੂ ਦਾ ਉਸ ਨੂੰ ਗਿਆਨ ਸੀ, ਪਰ ਪੂਰੇ ਪੰਜਾਬ ਵਿੱਚ ਉਸ ਨੂੰ ਕੋਈ ਉਰਦੂ ਪੜ੍ਹਾਉਣ ਵਾਲਾ ਨਹੀਂ ਮਿਲਿਆ। ਆਖਿਰਕਾਰ ਉਸ ਨੇ ਮਲੇਰਕੋਟਲਾ ਵਿੱਚ ਜਾ ਕੇ ਉਰਦੂ ਸਿੱਖਣੀ ਸ਼ੁਰੂ ਕੀਤੀ ਅਤੇ ਉਸ ਤੋਂ ਬਾਅਦ ਹੀ ਉਸ ਨੇ ਫਿਰ ਗ੍ਰੈਜੂਏਸ਼ਨ ਅਤੇ ਫਿਰ ਉਰਦੂ ਭਾਸ਼ਾ ਦੀ ਐਮਏ ਕੀਤੀ।
ਹੁਣ ਉਹ ਭਾਸ਼ਾ ਵਿਭਾਗ ਵਿੱਚ ਬਤੌਰ ਅਧਿਆਪਿਕਾ ਪੰਜਾਬੀਆਂ ਨੂੰ ਉਰਦੂ ਪੜ੍ਹਾ ਰਹੀ ਹੈ। ਸਕੀਨਾ ਨੇ ਦੱਸਿਆ ਕਿ ਛੇ-ਛੇ ਮਹੀਨੇ ਦੇ ਹੁਣ ਤੱਕ ਉਹ 6 ਤੋਂ ਵੱਧ ਸੈਸ਼ਨ ਲਗਾ ਚੁੱਕੀ ਹੈ। ਹਰ ਉਮਰ ਦੇ ਵਿਅਕਤੀ ਉਸ ਕੋਲ ਪੜ੍ਹਨ ਲਈ ਆਉਂਦੇ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਉਰਦੂ ਦਾ ਗਿਆਨ ਲੈਂਦੇ ਹਨ। ਸਕੀਨਾ ਖਾਤੂਨ ਨੇ ਕਿਹਾ ਕਿ ਉਰਦੂ ਬਹੁਤ ਮਿੱਠੀ ਜ਼ੁਬਾਨ ਹੈ ਸਿਰਫ ਲੋੜ ਜਾਂ ਸ਼ੌਂਕ ਲਈ ਨਹੀਂ ਸਗੋਂ ਇਸ ਨੂੰ ਸਾਰਿਆਂ ਨੂੰ ਸਿੱਖਣਾ ਚਾਹੀਦਾ ਹੈ।
ਸਕੀਨਾ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਉਹ ਉਰਦੂ ਦਾ ਗਿਆਨ ਭਾਸ਼ਾ ਵਿਭਾਗ ਵਿੱਚ ਦੇਣ ਵਾਲੀ ਇਕਲੌਤੀ ਅਧਿਆਪਿਕਾ ਹੈ, ਉਨ੍ਹਾਂ ਕਿਹਾ ਕਿ ਹਾਲਾਂਕਿ ਉਸ ਨੂੰ ਤਨਖਾਹ ਬਹੁਤ ਘੱਟ ਮਿਲਦੀ ਹੈ। ਪਰ, ਉਸ ਦਾ ਸੁਪਨਾ ਹੈ ਕਿ ਉਹ ਉਰਦੂ ਦੀ ਪ੍ਰੋਫੈਸਰ ਬਣੇ ਅਤੇ ਵੱਧ ਤੋਂ ਵੱਧ ਉਰਦੂ ਦਾ ਗਿਆਨ ਵੰਡ ਸਕੇ। ਉਨ੍ਹਾਂ ਦੱਸਿਆ ਕਿ ਉਰਦੂ ਦੇ ਵਿੱਚ ਉਸ ਨੂੰ ਮੁਹਾਰਤ ਹਾਸਿਲ ਹੈ, ਪਰ ਉਸ ਨੂੰ ਪੰਜਾਬੀ ਬਹੁਤ ਘੱਟ ਆਉਂਦੀ ਸੀ, ਇਸ ਕਰਕੇ ਉਸ ਨੇ ਪੰਜਾਬੀਆਂ ਨੂੰ ਉਰਦੂ ਸਿਖਾਉਣ ਲਈ ਖੁਦ ਪਹਿਲਾਂ ਪੰਜਾਬੀ ਸਿੱਖੀ। ਉਸ ਤੋਂ ਬਾਅਦ ਉਨ੍ਹਾਂ ਨੂੰ ਹੁਣ ਪੰਜਾਬੀ ਦੇ ਵਿੱਚ ਉਰਦੂ ਸਿਖਾਉਂਦੀ ਹੈ, ਤਾਂ ਜੋ ਉਨ੍ਹਾਂ ਦੀ ਮਾਤ ਭਾਸ਼ਾ ਵਿੱਚ ਹੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਉਰਦੂ ਦਾ ਗਿਆਨ ਹੋ ਸਕੇ।
ਬਜ਼ੁਰਗਾਂ ਨੂੰ ਸਿਖਾਉਣਾ ਮੁਸ਼ਕਲ, ਪਰ ਸਿਖ ਜਾਂਦੇ ਹਨ: ਸਕੀਨਾ ਖਾਤੂਨ ਨੇ ਦੱਸਿਆ ਕਿ ਉਸ ਦਾ ਪਰਿਵਾਰ ਵੀ ਪੂਰਾ ਸਾਥ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਰਦੂ ਸਾਡੀ ਪੁਰਾਣੀ ਜੁਬਾਨ ਹੈ। ਪਾਕਿਸਤਾਨ ਵਿੱਚ ਇਹ ਜ਼ੁਬਾਨ ਜਿਆਦਾ ਬੋਲੀ ਜਾਂਦੀ ਹੈ ਅਤੇ ਲਿਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲੋਕ ਭਾਵੇਂ ਹੁਣ ਅੰਗਰੇਜ਼ੀ ਨੂੰ ਜਿਆਦਾ ਤਰਜੀਹ ਦੇਣ ਲੱਗ ਗਏ ਹਨ, ਪਰ 1947 ਦੀ ਵੰਡ ਤੋਂ ਪਹਿਲਾਂ ਜਿਆਦਾਤਰ ਪੰਜਾਬ ਵਿੱਚ ਕੰਮ ਉਰਦੂ ਵਿੱਚ ਹੀ ਹੁੰਦਾ ਸੀ, ਇਸੇ ਕਰਕੇ ਸਾਡੇ ਜਿੰਨੇ ਵੀ ਪੁਰਾਣੇ ਰੈਵੀਨਿਊ ਦੇ ਰਿਕਾਰਡ ਹਨ, ਉਹ ਉਰਦੂ ਵਿੱਚ ਹਨ। ਪੁਰਾਣੀਆਂ ਰਜਿਸਟਰੀਆਂ ਉਰਦੂ ਵਿੱਚ ਹਨ। ਸਕੀਨਾ ਨੇ ਦੱਸਿਆ ਕਿ ਉਸ ਨੂੰ ਇਹ ਗਿਆਨ ਦੇਣ ਵਿੱਚ ਕਾਫੀ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਸਿਖਾਉਣਾ ਥੋੜਾ ਮੁਸ਼ਕਿਲ ਜਰੂਰ ਹੁੰਦਾ ਹੈ, ਪਰ ਉਹ ਹੌਲੀ ਹੌਲੀ ਜਰੂਰ ਸਿੱਖ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੋ ਨਵਾਂ ਬੈਚ ਚੱਲ ਰਿਹਾ ਹੈ ਉਸ ਨੂੰ ਹਾਲੇ ਦੋ ਮਹੀਨੇ ਹੀ ਹੋਏ ਹਨ ਅਤੇ ਉਨ੍ਹਾਂ ਦੇ ਵਿਦਿਆਰਥੀ ਕਾਫੀ ਕੁਝ ਹੁਣ ਤੱਕ ਸਿੱਖ ਚੁੱਕੇ ਹਨ।
ਸਕੂਲਾਂ ਵਿੱਚ ਹੋਣਾ ਚਾਹੀਦਾ ਇਹ ਵਿਸ਼ਾ: ਦੂਜੇ ਪਾਸੇ, ਵਿਦਿਆਰਥੀਆਂ ਨੇ ਵੀ ਉਨ੍ਹਾਂ ਦੀ ਅਧਿਆਪਕ ਸਕੀਨਾ ਖਾਤੂਨ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਕੀਨਾ ਉਨ੍ਹਾਂ ਨੂੰ ਬਹੁਤ ਚੰਗੀ ਤਰ੍ਹਾਂ ਉਰਦੂ ਦਾ ਗਿਆਨ ਦਿੰਦੀ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਉਹ ਸ਼ੌਂਕ ਲਈ ਵੀ ਉਰਦੂ ਸਿੱਖਣ ਆਉਂਦੇ ਹਨ ਅਤੇ ਨਾਲ ਹੀ ਖਾਸ ਤੌਰ ਉੱਤੇ ਬਜ਼ੁਰਗ ਵੀ ਉਰਦੂ ਸਿੱਖਣ ਆਏ ਹਨ, ਜਿਨਾਂ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਨ੍ਹਾਂ ਦੇ ਘਰਾਂ ਦੇ ਵਿੱਚ ਅਗਲੀ ਪੀੜੀ ਨਾ ਸਿਰਫ ਉਰਦੂ ਤੋਂ ਕਿਨਾਰਾ ਕਰਦੀ ਜਾ ਰਹੀ ਹੈ, ਸਗੋਂ ਪੰਜਾਬੀ ਵੀ ਨਹੀਂ ਸਿੱਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵਿੱਚ ਉਰਦੂ ਨਹੀਂ ਪੜ੍ਹਾਈ ਜਾਂਦੀ, ਇਥੋਂ ਤੱਕ ਕਿ ਕੁਝ ਨਿੱਜੀ ਸਕੂਲਾਂ ਵਿੱਚ ਤਾਂ ਪੰਜਾਬੀ ਵੀ ਨਹੀਂ ਹੈ।
ਬਜ਼ੁਰਗਾਂ ਨੇ ਕਿਹਾ ਕਿ ਉਰਦੂ ਵੀ ਸਾਡੀ ਆਪਣੀ ਜ਼ੁਬਾਨ ਰਹੀ ਹੈ। ਇਸ ਕਰਕੇ ਇਸ ਨੂੰ ਆਪਸ਼ਨਲ ਤੌਰ ਉੱਤੇ ਸਕੂਲਾਂ ਵਿੱਚ ਰੱਖਿਆ ਜਾਣਾ ਚਾਹੀਦਾ ਹੈ, ਤਾਂ ਜੋ ਜੇਕਰ ਕੋਈ ਉਰਦੂ ਸਿੱਖਣਾ ਚਾਹੁੰਦਾ ਹੈ, ਤਾਂ ਉਹ ਕਿਸ ਭਾਸ਼ਾ ਦਾ ਗਿਆਨ ਵੀ ਲੈ ਸਕੇ। ਉਨ੍ਹਾਂ ਕਿਹਾ ਕਿ ਜਿੰਨੀ ਵੀ ਭਾਸ਼ਾਵਾਂ ਦਾ ਗਿਆਨ ਦਿੱਤਾ ਜਾਵੇ, ਉਹ ਘੱਟ ਹੈ।