ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਹੋਏ ਨੂੰ ਢਾਈ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਗਾਇਕ ਦੇ ਮਾਪੇ ਅੱਜ ਵੀ ਆਪਣੇ ਬੇਟੇ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਗਾਇਕ ਦੀ ਮੌਤ ਤੋਂ ਬਾਅਦ ਉਸਦੇ ਮਾਪਿਆਂ ਨੇ ਇੱਕ ਪੁੱਤਰ ਦਾ ਸਵਾਗਤ ਕੀਤਾ। ਹੁਣ ਬੀਤੇ ਦਿਨ ਵੀਰਵਾਰ (7 ਨਵੰਬਰ) ਦੇਰ ਸ਼ਾਮ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਆਪਣੇ ਛੋਟੇ ਸਿੱਧੂ ਮੂਸੇਵਾਲਾ ਦੇ ਚਿਹਰੇ ਤੋਂ ਪਰਦਾ ਹਟਾ ਦਿੱਤਾ। ਕੁਝ ਹੀ ਸਮੇਂ 'ਚ ਛੋਟੇ ਮੂਸੇਵਾਲਾ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਆਪਣੇ ਮਰਹੂਮ ਬੇਟੇ ਦੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਛੋਟੇ ਬੇਟੇ ਸੁਖਦੀਪ ਦੇ ਚਿਹਰੇ ਦੀ ਝਲਕ ਸਾਂਝੀ ਕੀਤੀ ਹੈ। ਆਪਣੇ ਛੋਟੇ ਬੇਟੇ ਦੀ ਇੱਕ ਝਲਕ ਸਾਂਝੀ ਕਰਦੇ ਹੋਏ ਉਸਨੇ ਕੈਪਸ਼ਨ ਵਿੱਚ ਇੱਕ ਪਿਆਰਾ ਨੋਟ ਲਿਖਿਆ ਹੈ। ਉਨ੍ਹਾਂ ਲਿਖਿਆ ਹੈ, ‘ਨਜ਼ਰਾਂ ਵਿੱਚ ਇੱਕ ਖਾਸ ਗਹਿਰਾਈ ਹੈ, ਜੋ ਸਾਡੀ ਜ਼ਿੰਦਗੀ ਦੀ ਹਰ ਸੱਚਾਈ ਨੂੰ ਸਮਝਦੀ ਹੈ, ਚਿਹਰੇ ਦੀ ਮਾਸੂਮੀਅਤ ਅਤੇ ਸ਼ਬਦਾਂ ਤੋਂ ਪਰੇ ਇੱਕ ਅਣਮੁੱਲਾ ਨੂਰ ਹੈ, ਜੋ ਹਮੇਸ਼ਾ ਇਹ ਮਹਿਸੂਸ ਕਰਾਉਂਦਾ ਹੈ ਕਿ ਜਿਹੜੇ ਚਿਹਰੇ ਨੂੰ ਨਮ ਅੱਖਾਂ ਨਾਲ ਅਕਾਲ ਪੁਰਖ ਨੂੰ ਸੌਪਿਆ ਸੀ, ਉਸੇ ਚਿਹਰੇ ਦਾ ਅਕਾਲ ਪੁਰਖ ਦੀ ਮੇਹਰ ਅਤੇ ਸਾਰੇ ਭੈਣ-ਭਰਾਵਾਂ ਦੀਆ ਦੁਆਵਾਂ ਸਦਕਾ ਨਿੱਕੇ ਰੂਪ ਵਿੱਚ ਫੇਰ ਤੋਂ ਦੀਦਾਰ ਕਰ ਰਹੇ ਹਾਂ। ਅਸੀਂ ਵਾਹਿਗੁਰੂ ਦੀ ਸਾਡੇ ਉਤੇ ਹੋਈ ਅਪਾਰ ਬਖਸ਼ਿਸ਼ ਲਈ ਉਹਦੇ ਸਦਾ ਰਿਣੀ ਰਹਾਂਗੇ।'
ਵੀਡੀਓ ਦੇਖ ਕੀ ਬੋਲੇ ਪ੍ਰਸ਼ੰਸਕ
ਜਦੋਂ ਤੋਂ ਇਹ ਫੋਟੋ ਅਤੇ ਵੀਡੀਓ ਪ੍ਰਸ਼ੰਸਕਾਂ ਦੇ ਵਿਚਕਾਰ ਆਈ ਹੈ, ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ, 'ਸਿੱਧੂ ਇਜ਼ ਬੈਕ।' ਇੱਕ ਹੋਰ ਨੇ ਲਿਖਿਆ, 'ਕਈ ਵਾਰ ਇੱਕ ਫਿਲਮ ਦੇ ਦੋ ਪਾਰਟ ਆਉਂਦੇ ਨੇ, ਕਿਉਂਕਿ ਲਿਖਣ ਵਾਲੇ ਨੇ ਕਹਾਣੀ ਥੋੜ੍ਹੀ ਲੰਮੀ ਲਿਖੀ ਹੁੰਦੀ ਐ।' ਇੱਕ ਹੋਰ ਨੇ ਲਿਖਿਆ, 'ਸਾਡਾ ਭਰਾ।' ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਇਸ ਫੋਟੋਆਂ ਅਤੇ ਵੀਡੀਓਜ਼ ਉਤੇ ਲਾਲ ਦਿਲ ਦਾ ਇਮੋਜੀ ਸਾਂਝਾ ਕੀਤਾ ਹੈ।
ਨਿੱਕੇ ਸਿੱਧੂ ਨੂੰ ਪਾਲੀਵੁੱਡ ਸਿਤਾਰਿਆਂ ਨੇ ਵੀ ਦਿੱਤਾ ਪਿਆਰ
ਉਲੇਖਯੋਗ ਹੈ ਕਿ ਇਸ ਪੋਸਟ ਉਤੇ ਕੇਵਲ ਸਿੱਧੂ ਮੂਸੇਵਾਲਾ ਦੇ ਫੈਨਜ਼ ਹੀ ਨਹੀਂ ਬਲਕਿ ਪੰਜਾਬੀ ਸਿਨੇਮਾ ਦੇ ਸਿਤਾਰੇ ਵੀ ਪਿਆਰੇ-ਪਿਆਰੇ ਕਮੈਂਟ ਕਰ ਰਹੇ ਹਨ, ਜਿਸ ਵਿੱਚ ਕੋਰਾ ਵਾਲਾ ਮਾਨ, ਨੇਹਾ ਮਲਿਕ, ਸਵੀਤਾਜ ਬਰਾੜ, ਜਗਜੀਤ ਸਿੱਧੂ, ਕੌਰ ਬੀ, ਸਾਰਾ ਗੁਰਪਾਲ, ਜੈਸਮੀਨ ਬਾਜਵਾ, ਨਿਸ਼ਾ ਬਾਨੋ, ਜੱਸੀ ਗਿੱਲ, ਸਿੰਮੀ ਚਾਹਲ ਆਦਿ ਵਰਗੇ ਕਈ ਸ਼ਾਨਦਾਰ ਕਲਾਕਾਰਾਂ ਨੇ ਆਪਣੀ ਭਾਵਨਾ ਸਾਂਝੀ ਕੀਤੀ ਹੈ।
ਕਿਵੇਂ ਹੋਇਆ ਸੀ ਗਾਇਕ ਦਾ ਕਤਲ
ਜ਼ਿਕਰਯੋਗ ਹੈ ਕਿ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਦਾ 29 ਮਈ 2022 ਨੂੰ ਗੈਂਗਸਟਰਾਂ ਵੱਲੋਂ ਮਾਨਸਾ ਦੇ ਪਿੰਡ ਜਵਾਹਰਕੇ ’ਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਉਸ ਦੇ ਚਾਹੁੰਣ ਵਾਲਿਆਂ ਵੱਲੋਂ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਭਾਵੇਂ ਕਿ ਗਾਇਕ ਹੁਣ ਸਾਡੇ ਵਿੱਚ ਨਹੀਂ ਹਨ, ਪਰ ਉਹ ਆਪਣੇ ਗੀਤਾਂ ਨਾਲ ਹਮੇਸ਼ਾ ਪੰਜਾਬੀ ਸਿਨੇਮਾ ਦੀ ਸ਼ਾਨ ਬਣੇ ਰਹਿਣਗੇ।
ਇਹ ਵੀ ਪੜ੍ਹੋ: