ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ 'ਚ ਪੂਰੇ ਜ਼ੋਰਾਂ-ਸ਼ੋਰਾਂ ਤੇ ਜਸ਼ਨ ਚੱਲ ਰਿਹਾ ਹੈ। ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਬੱਚੇ ਦਾ ਜਨਮ ਐਤਵਾਰ (17 ਮਾਰਚ) ਸਵੇਰੇ 5 ਵਜੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਇਆ ਹੈ। ਇਹ ਜਾਣਕਾਰੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ ਸੋਸ਼ਲ ਮੀਡੀਆਂ ਦੇ ਸਾਹਮਣੇ ਆ ਕੇ ਖੁਦ ਸਾਂਝੀ ਕੀਤੀ। ਉਨ੍ਹਾਂ ਨੇ ਬੱਚੇ ਦੀ ਫੋਟੋ ਵੀ ਸ਼ੇਅਰ ਕੀਤੀ ਹੈ।
'ਪ੍ਰਮਾਤਮਾ ਨੇ ਸ਼ੁਭ ਦਾ ਛੋਟਾ ਭਰਾ ਸਾਨੂੰ ਦਿੱਤਾ ਹੈ': ਫੋਟੋ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ਸ਼ੁਭਦੀਪ ਨੂੰ ਪਿਆਰ ਕਰਨ ਵਾਲੇ ਲੱਖਾਂ ਪ੍ਰਸ਼ੰਸਕਾਂ ਦੇ ਆਸ਼ੀਰਵਾਦ ਦੇ ਨਾਲ, ਪ੍ਰਮਾਤਮਾ ਨੇ ਸ਼ੁਭ ਦਾ ਛੋਟਾ ਭਰਾ ਸਾਨੂੰ ਦਿੱਤਾ ਹੈ। ਵਾਹਿਗੁਰੂ ਜੀ ਦੀ ਮੇਹਰ ਨਾਲ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭਚਿੰਤਕਾਂ ਦੇ ਪਿਆਰ ਲਈ ਧੰਨਵਾਦੀ ਹਾਂ। ਜਿਨ੍ਹਾਂ ਦੇ ਪਿਆਰ, ਅਸ਼ੀਰਵਾਦ ਨਾਲ ਅੱਜ ਸ਼ੁਭ ਦਾ ਛੋਟਾ ਭਰਾ ਜਾਂ ਮੰਨ ਲੋ ਸ਼ੁਭ ਸਾਡੇ ਵਿੱਚ ਫਿਰ ਵਾਪਿਸ ਆ ਗਿਆ ਹੈ।
ਭਰੇ ਗਲੇ ਨਾਲ ਹੋਏ ਮੀਡੀਆ ਦੇ ਰੂਬਰੂ: ਬਲਕੌਰ ਸਿੰਘ ਨੇ ਬੱਚੇ ਦੀ ਖੁਸ਼ੀ ਮੀਡੀਆ ਨਾਲ ਖੁਸ਼ੀ ਸਾਂਝੇ ਕਰਦੇ ਹੋਏ ਭਰੇ ਹੋਏ ਗਲ ਨਾਲ ਆਪਣੇ ਪੁੱਤਰ ਦੀਆਂ ਯਾਦਾਂ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਹੀ ਸ਼ੁਭਦੀਪ ਇਸ ਦੁਨੀਆਂ ਤੋਂ ਗਿਆ ਹੈ, ਉਹ ਹਰ ਇੱਕ ਪਰਿਵਾਰ ਦਾ ਮੈਂਬਰ ਬਣ ਚੁੱਕਾ ਸੀ, ਹਰੇਕ ਭੈਣ ਨੇ ਉਸਨੂੰ ਆਪਣਾ ਭਰਾ ਮੰਨਿਆ ਸੀ ਤੇ ਹਰ ਮਾਂ- ਪਿਓ ਦਾ ਪੁੱਤ ਬਣ ਚੁੱਕਾ ਸੀ। ਉਨ੍ਹਾਂ ਮੈਂ ਉਸਨੂੰ ਉਸ ਦਾ ਬਾਪ ਹੋਣ ਤੇ ਵੀ ਸਮਝ ਨਹੀਂ ਸਕਿਆ ਪਰ ਜਦੋਂ ਉਸ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਉਸ ਦਿਨ ਉਸ ਦੇ ਸੰਸਕਾਰ ਤੇ ਹੋਈਆ ਭੀੜਾਂ ਨੇ ਮੈਨੂੰ ਅਹਿਸਾਸ ਕਰਾਇਆ ਕਿ ਇਹ ਥੋੜਾਂ ਨਹੀਂ ਬਲਕਿ ਇਹ ਤਾਂ ਲੱਖਾਂ, ਅਰਬਾਂ, ਕਰੋੜਾਂ ਲੋਕਾਂ ਦੇ ਦਿਲ ਵਿੱਚ ਵੱਸਦਾ ਹੈ।
ਸਿੱਧੂ ਮੂਸੇਵਾਲਾ ਦੇ ਚਾਚਾ:- ਸਿੱਧੂ ਮੂਸੇਵਾਲਾ ਦੇ ਚਾਚਾ ਚਮਕੌਰ ਸਿੰਘ ਨੇ ਕਿਹਾ- ਬੱਚੇ ਦਾ ਨਾਂ ਸ਼ੁਭਦੀਪ ਸਿੰਘ ਰੱਖਿਆ ਜਾਵੇਗਾ। ਅਸੀਂ ਉਸ ਅਕਾਲ ਪੁਰਖ ਦੇ ਸ਼ੁਕਰਗੁਜ਼ਾਰ ਹਾਂ ਜਿਸ ਨੇ ਸ਼ੁਭਦੀਪ ਸਿੰਘ ਨੂੰ ਇੱਕ ਬੱਚੇ ਦੇ ਰੂਪ ਵਿੱਚ ਅੱਜ ਸਾਡੇ ਵਿਹੜੇ ਵਿੱਚ ਵਾਪਸ ਭੇਜ ਦਿੱਤਾ ਹੈ।
ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। 29 ਮਈ 2022 ਨੂੰ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਇਕੱਲੇ ਰਹਿ ਗਏ। ਇਸ ਤੋਂ ਬਾਅਦ ਉਸ ਨੇ ਦੂਜੇ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਕੀਤਾ। ਲਗਭਗ ਦੋ ਸਾਲ ਬੀਤ ਜਾਣ ਤੇ ਜਿੱਥੇ ਘਰ ਦਾ ਚਿਰਾਗ ਬੁਝਿਆ ਉੱਥੇ ਹੀ ਸ਼ੁਭਦੀਪ ਦੇ ਪਿਤਾ ਬਲਕੌਰ ਸਿੰਘ ਇਨਸਾਫ਼ ਲਈ ਲਗਾਤਾਰ ਭਟਕ ਰਹੇ ਨੇ।
'ਬੱਚਾ ਅਤੇ ਮਾਤਾ ਦੋਨੇਂ ਤੰਦਰੁਸਤ': ਸਿੱਧੂ ਮੂਸੇਵਾਲਾ ਦੀ ਮਾਤਾ ਦਾ ਇਲਾਜ ਕਰਨ ਵਾਲੇ ਡਾਕਟਰ ਰਜਨੀ ਜਿੰਦਲ ਦਾ ਕਹਿਣਾ ਹੈ ਕਿ ਸਿੱਧੂ ਮੂਸੇ ਵਾਲਾ ਦੇ ਮਾਤਾ ਪ੍ਰੈਗਨੈਂਸੀ ਦੇ ਤਿੰਨ ਮਹੀਨੇ ਪੂਰੇ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹੋਏ ਸੀ ਅਤੇ ਅੱਜ ਮਾਤਾ ਚਰਨ ਕੌਰ ਵੱਲੋਂ ਲੜਕੇ ਨੂੰ ਜਨਮ ਦਿੱਤਾ ਗਿਆ। ਬੱਚਾ ਅਤੇ ਮਾਤਾ ਦੋਨੇਂ ਤੰਦਰੁਸਤ ਹਨ ਉਹਨਾਂ ਕਿਹਾ ਕਿ ਮਾਤਾ ਚਰਨ ਕੌਰ ਦੇ ਕੇਸ ਨੂੰ ਬੜਾ ਹੀ ਬਰੀਕੀ ਅਤੇ ਸੋਚ ਸਮਝ ਕੇ ਕਰਨਾ ਪਿਆ ਹੈ।