ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਬਾਗੀ ਧੜੇ ਦੇ 8 ਵੱਡੇ ਆਗੂਆਂ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਅੱਜ ਚੰਡੀਗੜ੍ਹ ਵਿਖੇ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿੱਚ ਹੋਈ। ਇਸ ਵਿੱਚ ਕਮੇਟੀ ਦੇ ਮੈਂਬਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਗੁਲਜਾਰ ਸਿੰਘ ਰਾਣੀਕੇ (ਟੈਲੀਫੋਨ ਰਾਹੀਂ) ਸ਼ਾਮਲ ਹੋਏ। ਜਿੰਨ੍ਹਾਂ ਵਲੋਂ ਮੀਟਿੰਗ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਬਾਗੀ ਧੜੇ ਦੇ ਅੱਠ ਆਗੂ ਕੀਤੇ ਬਾਹਰ: ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਵੱਡੀ ਕਾਰਵਾਈ ਕਰਦੇ ਹੋਏ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਸੁਰਿੰਦਰ ਸਿੰਘ ਠੇਕੇਦਾਰ ਅਤੇ ਚਰਨਜੀਤ ਸਿੰਘ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ 'ਚੋਂ ਬਾਹਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ 7 ਵਿਧਾਨ ਸਭਾ ਹਲਕਿਆਂ ਦੇ ਮੌਜ਼ੂਦਾ ਹਲਕਾ ਇੰਚਾਰਜਾਂ ਨੂੰ ਲਾਂਬੇ ਕਰ ਦਿੱਤਾ ਹੈ।
ਪਾਰਟੀ ਵਿਰੋਧੀ ਕਾਰਵਾਈਆਂ ਦਾ ਹਵਾਲਾ: ਇਸ ਸਬੰਧੀ ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਫੈਂਸਲਾ ਹੋਇਆ ਕਿ ਪਿਛਲੇ ਲੰਮੇ ਸਮੇ ਤੋਂ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਲਗਾਤਾਰ ਇੱਕ ਸਾਜਿਸ਼ ਤਹਿਤ ਕੀਤੀਆਂ ਜਾ ਰਹੀਆਂ ਪਾਰਟੀ ਵਿਰੋਧੀ ਕਾਰਵਾਈਆਂ ਦਾ ਗੰਭੀਰਤਾ ਨਾਲ ਨੋਟਿਸ ਲੈਂਦਿਆਂ ਪਾਰਟੀ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਸੁਰਿੰਦਰ ਸਿੰਘ ਠੇਕੇਦਾਰ ਅਤੇ ਚਰਨਜੀਤ ਸਿੰਘ ਬਰਾੜ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਹੈ।
ਪਾਰਟੀ ਵਿਰੁੱਧ ਯੋਜਨਾਬੱਧ ਕੂੜ ਪ੍ਰਚਾਰ ਦਾ ਦੋਸ਼: ਇਸ ਦੇ ਨਾਲ ਹੀ ਅਨੁਸ਼ਾਸਨੀ ਕਮੇਟੀ ਨੇ ਦੱਸਿਆ ਕਿ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਨਿਰਣੈ 'ਤੇ ਪਹੁੰਚੇ ਹਾਂ ਕਿ ਉਪਰੋਕਤ ਆਗੂਆਂ ਵੱਲੋਂ ਲਗਾਤਾਰ ਪਾਰਟੀ ਦੇ ਅਕਸ ਨੂੰ ਢਾਅ ਲਾਉਣ ਵਾਲੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਅਨੁਸ਼ਾਸਨੀ ਕਮੇਟੀ ਦੇ ਮੈਂਬਰਾਂ ਨੇ ਇਹ ਮਹਿਸੂਸ ਕੀਤਾ ਕਿ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ 26 ਜੂਨ, 2024 ਨੂੰ ਹੋਈ ਮੀਟਿੰਗ ਵਿੱਚ ਇੱਕ ਮਤਾ ਪਾਸ ਕਰਕੇ ਉਪਰੋਕਤ ਸਾਰੇ ਆਗੂਆਂ ਨੂੰ ਸੁਹਿਰਦਤਾ ਨਾਲ ਅਪੀਲ ਕੀਤੀ ਗਈ ਸੀ ਕਿ ਉਹ ਜੋ ਕੁਝ ਵੀ ਕਹਿਣਾ ਚਾਹੁੰਦੇ ਹਨ, ਉਹ ਪਾਰਟੀ ਫੋਰਮ ਉਪਰ ਆ ਕੇ ਕਹਿਣ। ਜੇਕਰ ਉਹ ਪਾਰਟੀ ਦੀ ਮੀਟਿੰਗ ਵਿੱਚ ਗੱਲ ਕਰਨ ਦੀ ਬਜਾਏ ਬਾਹਰ ਮੀਡੀਆ ਵਿੱਚ ਜਾ ਕੇ ਪਾਰਟੀ ਨੂੰ ਢਾਅ ਲਾਉਣ ਲਈ ਝੂਠਾ ਭੰਡੀ ਪ੍ਰਚਾਰ ਕਰਦੇ ਹਨ ਤਾਂ ਇਹ ਸਮਝਿਆ ਜਾਵੇਗਾ ਕਿ ਉਹਨਾਂ ਦਾ ਪਾਰਟੀ ਜਥੇਬੰਦੀ ਵਿੱਚ ਕੋਈ ਭਰੋਸਾ ਨਹੀਂ। ਅਨੁਸ਼ਾਸਨੀ ਕਮੇਟੀ ਨੇ ਕਿਹਾ ਕਿ ਇਹਨਾਂ ਆਗੂਆਂ ਨੇ ਸੰਜਮ ਦਿਖਾਉਣ ਦੀ ਥਾਂ ਉਲਟਾ ਪਾਰਟੀ ਖਿਲਾਫ਼ ਖੁੱਲ੍ਹ ਕੇ ਯੋਜਨਾਬੱਧ ਤਰੀਕੇ ਨਾਲ ਕੂੜ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਅਜਿਹੀ ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਤਰੀਕੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਅਕਾਲੀ ਦਲ ਨੂੰ ਕਮਜ਼ੋਰ ਕਰਨਾ ਮਕਸਦ: ਮੀਟਿੰਗ ਤੋਂ ਬਾਅਦ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੂੰਦੜ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਅਨੁਸ਼ਾਸਨੀ ਕਮੇਟੀ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਨਿਚੋੜ 'ਤੇ ਪਹੁੰਚੀ ਕਿ ਉਪਰੋਕਤ ਸਾਰੇ ਆਗੂਆਂ ਦਾ ਇੱਕੋ-ਇੱਕ ਮਕਸਦ ਪਾਰਟੀ ਦੇ ਦੁਸ਼ਮਣਾਂ ਦੀ ਸ਼ੈਅ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਹੈ। ਪਾਰਟੀ ਇਹਨਾਂ ਹਰਕਤਾਂ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਇਸ ਲਈ ਅਨੁਸ਼ਾਸਨੀ ਕਮੇਟੀ ਨੇ ਸਰਬਸੰਮਤੀ ਨਾਲ ਫੈਸਲਾ ਕਰਕੇ ਇਹਨਾਂ ਉਪਰੋਕਤ ਸਾਰੇ ਆਗੂਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਤਾੜਨਾ ਕੀਤੀ ਕਿ ਭਵਿੱਖ ਵਿੱਚ ਵੀ ਜੇਕਰ ਕਿਸੇ ਆਗੂ ਵੱਲੋਂ ਪਾਰਟੀ ਅਨੁਸ਼ਾਸਨ ਨੂੰ ਭੰਗ ਕੀਤਾ ਜਾਵੇਗਾ ਤਾਂ ਉਹਨਾਂ ਖਿਲਾਫ਼ ਵੀ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
ਸੱਤ ਹਲਕਾ ਇੰਚਾਰਜ ਵੀ ਹਟਾਏ: ਇਸ ਦੇ ਨਾਲ ਹੀ ਬਲਵਿੰਦਰ ਸਿੰਘ ਭੂੰਦੜ ਨੇ ਅੱਗੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ 7 ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਮੌਜੂਦਾ ਹਲਕਾ ਇੰਚਾਰਜਾਂ ਨੂੰ ਵੀ ਤੁਰੰਤ ਪ੍ਰਭਾਵ ਤੋਂ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ। ਜਲਦੀ ਇਹਨਾਂ ਹਲਕਿਆਂ ਵਿੱਚ ਨਵੇਂ ਹਲਕਾ ਇੰਚਾਰਜ਼ ਸਥਾਨਕ ਵਰਕਰਾਂ ਅਤੇ ਆਗੂਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹਨਾਂ 7 ਹਲਕਿਆਂ ਵਿੱਚ ਨਕੋਦਰ, ਭੁਲੱਥ, ਘਨੌਰ, ਸਨੌਰ, ਰਾਜਪੁਰਾ, ਸਮਾਣਾ ਅਤੇ ਗੜ੍ਹਸ਼ੰਕਰ ਹਲਕਿਆਂ ਦੇ ਨਾਮ ਸ਼ਾਮਲ ਹਨ।
- ਜੰਮੂ ਤਵੀ ਰੇਲ 'ਚ ਬੰਬ ਦੀ ਅਫਵਾਹ : ਫਰੀਦਕੋਟ 'ਚ ਵੀ ਇਤਿਆਤਨ ਰੋਕੀ ਗਈ ਪੇਸੈਨਜ਼ਰ ਗੱਡੀ, ਪੁਲਿਸ ਨੇ ਚਲਾਇਆ ਸਰਚ ਅਭਿਆਨ - jammu tawi ahmdabad express
- ਦਰਦਨਾਕ : ਡਿਊਟੀ ਦੌਰਾਨ ਸੱਪ ਨੇ ਡੰਗਿਆਂ ਬਰਨਾਲਾ ਦਾ ਫੌਜੀ, ਹੋਈ ਮੌਤ, ਪੂਰੇ ਪਿੰਡ 'ਚ ਸੋਗ ਦੀ ਲਹਿਰ - solider simrandeep singh of died
- ਪੰਜਾਬ ਦੇ ਇਸ ਜ਼ਿਲ੍ਹੇ 'ਚ ਪਿਆ ਭਾਰੀ ਮੀਂਹ, ਸੜਕਾਂ ਹੋਈਆਂ ਜਲਥਲ, ਮੁਰਝਾਏ ਚਿਹਰਿਆਂ 'ਤੇ ਆਈ ਖੁਸ਼ੀ, ਦੇਖੋ ਵੀਡੀਓ - Heavy rain in Punjab