FARMERS MOVEMENT UPDATE : ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੋਰਚਾ ਲਗਾਤਾਰ ਜਾਰੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 16 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਹਨ। ਅੱਜ ਉਨ੍ਹਾਂ ਦੇ ਮਰਨ ਵਰਤ ਦਾ 17ਵਾਂ ਦਿਨ ਹੈ। ਡਾਕਟਰਾਂ ਮੁਤਾਬਿਕ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਅਤੇ 12 ਕਿਲੋ ਤੋਂ ਜਿਆਦਾ ਵਜਨ ਵੀ ਘੱਟ ਗਿਆ ਹੈ। ਇਸ ਸਭ ਦੇ ਬਾਵਜੂਦ ਡੱਲੇਵਾਲ ਵੱਲੋਂ ਅੱਜ ਕਿਸਾਨਾਂ ਨੂੰ ਅਪੀਲ਼ ਕੀਤੀ ਗਈ। ਉਨ੍ਹਾਂ ਇੱਕ ਵੀਡੀਓ ਜਾਰੀ ਕਰ ਆਖਿਆ ਕਿ ਸਰਕਾਰ ਮੋਰਚੇ ਨੂੰ ਖ਼ਤਮ ਕਰਨਾ ਚਾਹੁੰਦੀ ਹੈ।
ਇੰਟਰਨੈੱਟ ਹੋ ਸਕਦਾ ਹੈ ਬੰਦ
ਕਿਸਾਨ ਆਗੂ ਨੇ ਆਖਿਆ ਕਿ "ਰਾਤ ਵੀ ਸਰਕਾਰ ਨੇ ਇੰਟਰਨੈੱਟ ਬੰਦ ਕਰ ਦਿੱਤਾ ਸੀ। ਕੁੱਝ ਨਹੀਂ ਚੱਲ ਰਿਹਾ ਸੀ। ਡੱਲੇਵਾਲ ਨੇ ਆਖਿਆ ਕਿ ਜਿਸ ਤਰ੍ਹਾਂ ਹਰਿਆਣਾ ਵਿੱਚ ਇੰਟਰਨੈੱਟ ਸੇਵਾ ਬੰਦ ਹੈ, ਉਸੇ ਤਰ੍ਹਾਂ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਪੰਜਾਬ ਦੇ ਇਲਾਕੇ ਵਿੱਚ ਵੀ ਸਰਹੱਦ ਤੋਂ ਡੇਢ ਕਿਲੋਮੀਟਰ ਤੱਕ ਇੰਟਰਨੈੱਟ ਬੰਦ ਕੀਤਾ ਜਾ ਰਿਹਾ ਹੈ, ਨਾਲ ਹੀ ਉਨ੍ਹਾਂ ਕਿਹਾ ਕਿ ਅਜੇ ਤੱਕ ਸਰਕਾਰ ਵੱਲੋਂ ਮੀਟਿੰਗ ਦਾ ਕੋਈ ਸੱਦਾ ਨਹੀਂ ਆਇਆ। ਉਨ੍ਹਾਂ ਲੋਕਾਂ ਨੂੰ ਅਪੀਲ਼ ਕਰਦੇ ਹੋਏ ਆਖਿਆ ਕਿ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ, ਇਸ ਲਈ ਹਰ ਘਰ ਚੋਂ ਇੱਕ-ਇੱਕ ਮੈਂਬਰ ਇਸ ਮੋਰਚੇ 'ਚ ਜ਼ਰੂਰ ਸ਼ਾਮਿਲ ਹੋਣਾ ਚਾਹੀਦਾ ਹੈ। ਕਿਸਾਨ ਆਗੂ ਨੇ ਭਾਵੁਕ ਹੁੰਦੇ ਆਖਿਆ ਕਿ ਹੁਣ ਸਮਾਂ ਹੈ ਜਦੋਂ ਅਸੀਂ ਮੋਰਚਾ ਜਿੱਤ ਸਕਦੇ ਹਾਂ ਫਿਰ ਲੰਘਿਆ ਸਮਾਂ ਹੱਥ ਨਹੀਂ ਆਉਣਾ।
ਡੱਲੇਵਾਲ ਦੀ ਸੁਰੱਖਿਆ ਵਧਾਈ
ਡੱਲੇਵਾਲ ਦੀ ਹਾਲਤ ਖ਼ਰਾਬ ਹੋਣ ਕਾਰਨ ਕਿਸਾਨਾਂ ਨੇ ਉਸ ਦੀ ਸੁਰੱਖਿਆ ਵੀ ਵਧਾ ਦਿੱਤੀ ਹੈ। ਬੁੱਧਵਾਰ ਰਾਤ ਨੂੰ ਕਿਸਾਨ ਆਗੂਆਂ ਨੇ ਖਨੌਰੀ ਸਰਹੱਦ ਤੋਂ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਕੇਂਦਰ ਸਰਕਾਰ ਕਿਸਾਨਾਂ 'ਤੇ ਹਮਲਾ ਕਰਕੇ ਡੱਲੇਵਾਲ ਨੂੰ ਹਿਰਾਸਤ ਵਿੱਚ ਲੈ ਸਕਦੀ ਹੈ। ਇਸ ਲਈ ਡੱਲੇਵਾਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਦਿੱਲੀ ਵੱਲ ਮੁੜ ਕੂਚ
ਕਾਬਲੇਜ਼ਿਕਰ ਹੈ ਕਿ ਪੰਜਾਬ ਦੇ ਕਿਸਾਨ 14 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰਨਗੇ। ਇਹ ਫੈਸਲਾ ਮੰਗਲਵਾਰ ਨੂੰ ਸ਼ੰਭੂ ਸਰਹੱਦ ‘ਤੇ ਹੋਈ ਮੀਟਿੰਗ ‘ਚ ਲਿਆ ਗਿਆ। ਇਸ ਤੋਂ ਬਾਅਦ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ। ਇਸ ਮੌਕੇ ਕਿਸਾਨ ਆਗੂ ਤੇਜਵੀਰ ਸਿੰਘ ਨੇ ਕਿਹਾ ਕਿ 13 ਦਸੰਬਰ ਨੂੰ ਇਸ ਅੰਦੋਲਨ ਨੂੰ 10 ਮਹੀਨੇ ਪੂਰੇ ਹੋ ਰਹੇ ਹਨ। ਅਜਿਹੇ ‘ਚ 13 ਤਰੀਕ ਨੂੰ ਵੱਡਾ ਇਕੱਠ ਹੋਵੇਗਾ।