ਲੁਧਿਆਣਾ: ਸਿਲਾਈ ਮਸ਼ੀਨ ਇੰਡਸਟਰੀ ਲੁਧਿਆਣਾ ਦੇਸ਼ ਦੀ ਸਭ ਤੋਂ ਵੱਡੀ ਇੰਡਸਟਰੀ ਹੈ, ਜਿੱਥੇ ਹਰ ਸਾਲ ਲੱਖਾਂ ਦੀ ਤਾਦਾਦ ਦੇ ਵਿੱਚ ਸਿਲਾਈ ਮਸ਼ੀਨਾਂ ਬਣਾਈਆਂ ਜਾਂਦੀਆਂ ਹਨ ਜੋ ਨਾ ਸਿਰਫ ਦੇਸ਼ ਦੇ ਵਿੱਚ ਸਗੋਂ ਗੁਆਂਢੀ ਵਿਦੇਸ਼ਾਂ ਦੇ ਵਿੱਚ ਵੀ ਸਪਲਾਈ ਕੀਤੀਆਂ ਜਾਂਦੀਆਂ ਹਨ। ਪਰ ਹੁਣ ਇਸ ਇੰਡਸਟਰੀ 'ਤੇ ਕਿਸਾਨ ਅੰਦੋਲਨ ਦਾ ਅਸਰ ਵਿਖਾਈ ਦੇਣ ਲੱਗਾ ਹੈ। ਕੋਰੋਨਾ ਮਹਾਂਮਾਰੀ ਤੋਂ ਬਾਅਦ ਇੰਡਸਟਰੀ ਦੀ ਹਾਲਤ ਕਾਫੀ ਖਰਾਬ ਹੋ ਗਈ ਹੈ, ਪ੍ਰੋਡਕਸ਼ਨ ਲਗਾਤਾਰ ਘੱਟਦੀ ਜਾ ਰਹੀ ਹੈ, ਪਹਿਲਾ ਹੀ ਚਾਈਨਾ ਦੀ ਮਾਰ ਚੱਲ ਰਹੀ ਸਿਲਾਈ ਮਸ਼ੀਨ ਇੰਡਸਟਰੀ 'ਤੇ ਰਾਅ ਮਟੀਰੀਅਲ ਮਹਿੰਗੇ ਹੋਣ ਦੀ ਮਾਰ ਪੈ ਰਹੀ ਹੈ। ਲੁਧਿਆਣਾ ਸਿਲਾਈ ਮਸ਼ੀਨ ਇੰਡਸਟਰੀ ਦੇ ਪ੍ਰਧਾਨ ਜਗਬੀਰ ਸਿੰਘ ਸੋਖੀ ਨੇ ਕਿਹਾ ਹੈ ਕਿ ਕੰਮ 'ਤੇ ਮਾੜਾ ਪ੍ਰਭਾਵ ਪਿਆ ਹੈ ਅਤੇ ਜਦੋਂ ਵੀ ਧਰਨੇ ਮੁਜ਼ਾਹਰੇ ਹੁੰਦੇ ਹਨ ਤਾਂ ਕੰਮਕਾਰ 'ਤੇ ਵੀ ਇਸਦਾ ਮਾੜਾ ਪ੍ਰਭਾਵ ਜ਼ਰੂਰ ਪੈਂਦਾ ਹੈ। ਉਹਨਾਂ ਕਿਹਾ ਕਿ ਸਾਡੇ ਦੋਵੇਂ ਬਾਰਡਰ ਪੰਜਾਬ ਦੇ ਸੀਲ ਹੋ ਚੁੱਕੇ ਹਨ, ਜਿੱਥੋਂ ਨਾ ਤਾਂ ਸਪਲਾਈ ਆ ਰਹੀ ਹੈ ਅਤੇ ਨਾ ਹੀ ਜਾ ਰਹੀ ਹੈ।
ਘਾਟੇ ਵੱਲ ਜਾ ਰਹੀ ਸਿਲਾਈ ਮਸ਼ੀਨ ਇੰਡਸਟਰੀ: ਲੁਧਿਆਣਾ ਦੀ ਸਿਲਾਈ ਮਸ਼ੀਨ ਇੰਡਸਟਰੀ ਕਰੋੜਾਂ ਰੁਪਏ ਦੀ ਹੈ ਅਤੇ ਹਰ ਸਾਲ ਇਥੋਂ ਲੱਖਾਂ ਮਸ਼ੀਨਾਂ ਤਿਆਰ ਹੋ ਕੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਾਂਦੀਆਂ ਹਨ। ਹਾਲਾਂਕਿ ਚਾਈਨਾ ਦੀ ਚਿੱਟੀ ਮਸ਼ੀਨ ਨੇ ਪਹਿਲਾਂ ਹੀ ਲੁਧਿਆਣਾ ਦੀ ਕਾਲੀ ਮਸ਼ੀਨ ਦੀ ਪ੍ਰੋਡਕਸ਼ਨ 'ਤੇ ਮਾੜਾ ਅਸਰ ਪਾਇਆ ਸੀ ਅਤੇ ਲੁਧਿਆਣਾ ਦੀ ਸਿਲਾਈ ਮਸ਼ੀਨ ਇੰਡਸਟਰੀ ਪਹਿਲਾ ਹੀ ਘਾਟੇ ਵੱਲ ਜਾ ਰਹੀ ਸੀ। ਉੱਥੇ ਦੂਜੇ ਪਾਸੇ ਕੋਰੋਨਾ ਤੋਂ ਬਾਅਦ ਮੁੜ ਤੋਂ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਕਿ ਮਟੀਰੀਅਲ ਜਿਆਦਾ ਮਹਿੰਗਾ ਹੋ ਗਿਆ ਹੈ ਅਤੇ ਪ੍ਰੋਡਕਸ਼ਨ ਮਹਿੰਗੀ ਹੋ ਗਈ ਹੈ। ਜਿਸ ਕਰਕੇ ਸਿਲਾਈ ਮਸ਼ੀਨ ਦੀਆਂ ਕੀਮਤਾਂ ਉਨੀਆਂ ਨਹੀਂ ਮਿਲ ਰਹੀਆਂ ਹਨ, ਜਿੰਨੀਆਂ ਮਿਲਣੀਆਂ ਚਾਹੀਦੀਆਂ ਹਨ। ਇਸ ਕਰਕੇ ਬਾਹਰੋਂ ਆਰਡਰ ਦੇਣ ਵਾਲੇ ਕਲਾਇੰਟ ਧਰਨੇ ਮੁਜ਼ਾਰਿਆਂ ਤੋਂ ਪਰੇਸ਼ਾਨ ਹੋ ਕੇ ਆਰਡਰ ਦੇਣ ਤੋਂ ਹੀ ਬੰਦ ਕਰ ਗਏ ਹਨ।
ਬਾਰਡਰ ਸੀਲ ਹੋਣ ਕਾਰਨ ਕੰਮ ਪ੍ਰਭਾਵਿਤ: ਲੁਧਿਆਣਾ ਸਿਲਾਈ ਮਸ਼ੀਨ ਇੰਡਸਟਰੀ ਦੇ ਪ੍ਰਧਾਨ ਜਗਬੀਰ ਸਿੰਘ ਸੋਖੀ ਨੇ ਕਿਹਾ ਹੈ ਕਿ ਪੰਜਾਬ ਸਰਹੱਦੀ ਸੂਬਾ ਹੈ ਅਤੇ ਪੰਜਾਬ ਦੇ ਕੋਲ ਕੋਈ ਵੀ ਆਪਣੀ ਬੰਦਰਗਾਹ ਨਹੀਂ ਹੈ। ਖੁਸ਼ਕ ਬੰਦਰਗਾਹ ਹੋਣ ਕਰਕੇ ਹਮੇਸ਼ਾ ਹੀ ਪੰਜਾਬ ਦੀ ਇੰਡਸਟਰੀ ਨੂੰ ਇਸਦੀ ਮਾਰ ਪਈ ਹੈ ਅਤੇ ਹੁਣ ਸਾਡੇ ਬਾਰਡਰ ਸੀਲ ਹੋਣ ਕਰਕੇ ਨਾ ਸਿਰਫ ਇਥੋਂ ਆਰਡਰ ਬਾਹਰ ਜਾ ਪਾ ਰਹੇ ਹਨ ਸਗੋਂ ਬਾਹਰ ਤੋਂ ਆਉਣ ਵਾਲਾ ਕੱਚਾ ਮਾਲ ਵੀ ਨਹੀਂ ਆ ਰਿਹਾ ਹੈ। ਜਿਸ ਕਰਕੇ ਲੋਕਲ ਡੀਲਰਾਂ ਨੇ ਕੱਚੇ ਮਾਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਜਿਸਦਾ ਅਸਰ ਸਿੱਧੇ ਤੌਰ 'ਤੇ ਪ੍ਰੋਡਕਸ਼ਨ 'ਤੇ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਪ੍ਰੋਡਕਸ਼ਨ 40 ਫੀਸਦੀ ਤੱਕ ਘਟਾ ਦਿੱਤੀ ਹੈ। ਮਸ਼ੀਨਾਂ ਬਣਾ-ਬਣਾ ਕੇ ਅਸੀਂ ਸਟੋਰ ਨਹੀਂ ਕਰ ਸਕਦੇ ਕਿਉਂਕਿ ਜਦੋਂ ਤੱਕ ਅਗਲੇ ਆਰਡਰ ਨਹੀਂ ਆਉਂਦੇ, ਉਦੋਂ ਤੱਕ ਪ੍ਰੋਡਕਸ਼ਨ ਕਰਨਾ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਲੇਬਰ ਨੂੰ ਅਸੀਂ ਪ੍ਰੋਡਕਸ਼ਨ ਹੋਰ ਕਰਨ ਤੋਂ ਮਨਾ ਕਰ ਦਿੱਤਾ ਹੈ। ਜਿੱਥੇ ਪਹਿਲਾ ਕੰਮ ਦਿਨ ਦੇ ਵਿੱਚ 12 ਘੰਟੇ ਚੱਲਦਾ ਸੀ, ਉਹ ਹੁਣ ਛੇ ਤੋਂ ਅੱਠ ਘੰਟੇ ਤੱਕ ਹੀ ਰਹਿ ਗਿਆ ਹੈ। ਅਸੀਂ ਸੋਚ ਰਹੇ ਹਾਂ ਕਿ ਇਸ ਨੂੰ ਹੋਰ ਘਟਾ ਦਿੱਤਾ ਜਾਵੇ ਕਿਉਂਕਿ ਕੰਮ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ ਤੇ ਬਾਹਰੋਂ ਆਰਡਰ ਨਹੀਂ ਆ ਰਹੇ ਹਨ।
ਕਿਸਾਨ ਨਹੀਂ ਸਰਕਾਰਾਂ ਜ਼ਿੰਮੇਵਾਰ: ਜਗਬੀਰ ਸੋਖੀ ਨੇ ਕਿਹਾ ਹੈ ਕਿ ਇਸ ਲਈ ਕਿਸਾਨ ਜਿੰਮੇਵਾਰ ਨਹੀਂ ਹਨ ਸਗੋਂ ਸਰਕਾਰਾਂ ਜਿੰਮੇਵਾਰ ਹਨ, ਜੋ ਕਿਸਾਨਾਂ ਦੀਆਂ ਗੱਲਾਂ ਮੰਨਣ ਨੂੰ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਕਿਸਾਨ ਮਜਬੂਰ ਹਨ, ਉਹਨਾਂ ਨੂੰ ਆਪਣੀਆਂ ਮੰਗਾਂ ਕਰਕੇ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ ਪਰ ਦੂਜੇ ਪਾਸੇ ਸਰਕਾਰਾਂ ਨੇ ਕਿਸਾਨਾਂ ਨੂੰ ਰੋਕਣ ਲਈ ਬਾਰਡਰ ਹੀ ਸੀਲ ਕਰ ਦਿੱਤੇ ਹਨ। ਜਿਸ ਨਾਲ ਆਮ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਉਹਨਾਂ ਕਿਹਾ ਕਿ ਬਾਰਡਰ ਸੀਲ ਹੋਣ ਦੇ ਨਾਲ ਕੱਚਾ ਮਾਲ ਬਹੁਤ ਜਿਆਦਾ ਮਹਿੰਗਾ ਹੋ ਗਿਆ ਹੈ ਅਤੇ ਜੇਕਰ ਅਸੀਂ ਉਸ ਮਾਲ ਦੇ ਨਾਲ ਪ੍ਰੋਡਕਸ਼ਨ ਕਰਦੇ ਹਾਂ ਤਾਂ ਉਹ ਹੋਰ ਮਹਿੰਗਾ ਪੈਂਦਾ ਹੈ, ਜਦੋਂ ਕਿ ਕਲਾਇੰਟ ਆਰਡਰ ਨਹੀਂ ਦੇ ਰਿਹਾ ਹੈ। ਅਜਿਹੇ 'ਚ ਸਾਡਾ ਕੰਮਕਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।