ਚੰਡੀਗੜ੍ਹ: ਆਮ ਤੌਰ 'ਤੇ ਪੰਜਾਬ 'ਚ ਕਿਸੇ ਤਿਓਹਾਰ ਜਾਂ ਖਾਸ ਦਿਨ ਮੌਕੇ ਸਰਕਾਰ ਵਲੋਂ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ ਪਰ ਭਲਕੇ ਮੁਸਲਿਮ ਭਾਈਚਾਰੇ ਦਾ ਤਿਓਹਾਰ ਮੁਹੱਰਮ ਹੈ, ਜਿਸ ਨੂੰ ਲੈਕੇ ਸਰਕਾਰ ਨੇ ਛੁੱਟੀ ਦਾ ਐਲਾਨ ਨਹੀਂ ਕੀਤਾ ਹੈ। ਇਸ ਦੇ ਚੱਲਦਿਆਂ ਸ਼ਾਹੀ ਇਮਾਮ ਵਲੋਂ ਸਰਕਾਰ ਪ੍ਰਤੀ ਆਪਣੀ ਨਾਰਾਜ਼ਗੀ ਜਾਹਿਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਸੁਨੇਹਾ ਭੇਜਿਆ ਗਿਆ ਹੈ।
ਸੂਬੇ 'ਚ ਛੁੱਟੀ ਦੀ ਮੰਗ: ਇਸ ਸਬੰਧੀ ਸ਼ਾਹੀ ਇਮਾਮ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੋਸ਼ਲ ਮੀਡੀਆ 'ਤੇ ਪਾਈ ਵੀਡੀਓ ਰਾਹੀ ਅਪੀਲ ਕੀਤੀ ਹੈ ਕਿ ਇਸ ਮੌਕੇ ਪੂਰੇ ਸੂਬੇ ਵਿਚ ਛੁੱਟੀ ਕੀਤੀ ਜਾਵੇ। ਇਕ ਵੀਡੀਓ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਮੁਹੱਰਮ ਮੌਕੇ ਮੁਲਕ ਦੇ ਜ਼ਿਆਦਾਤਰ ਸੂਬਿਆਂ ਵਿਚ ਛੁੱਟੀ ਕੀਤੀ ਗਈ ਹੈ। ਇਸ ਲਈ ਪੰਜਾਬ ਸਰਕਾਰ ਵੀ ਇਸ ਸਬੰਧੀ ਫੈਸਲਾ ਲਵੇ ਤੇ 17 ਜੁਲਾਈ ਨੂੰ ਛੁੱਟੀ ਦਾ ਐਲਾਨ ਕਰੇ। ਉਨ੍ਹਾਂ ਕਿਹਾ ਕਿ ਬੇਸ਼ੱਕ ਮਲੇਰਕੋਟਲਾ 'ਚ ਇਸ ਮੌਕੇ ਛੁੱਟੀ ਦਾ ਐਲਾਨ ਕੀਤਾ ਗਿਆ ਪਰ ਪੂਰਾ ਪੰਜਾਬ ਹੀ ਨਹੀਂ ਸਗੋਂ ਵਿਸ਼ਵ 'ਚ ਇਹ ਦਿਨ ਮਨਾਇਆ ਜਾਂਦਾ ਹੈ, ਜਿਸ 'ਤੇ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਹੈ।
ਮਾਲੇਰਕੋਟਲਾ ਜ਼ਿਲ੍ਹੇ ਵਿਚ ਭਲਕੇ ਛੁੱਟੀ: ਕਾਬਿਲੇਗੌਰ ਹੈ ਕਿ ਪੰਜਾਬ ਦੇ ਮਾਲੇਰਕੋਟਲਾ ਜ਼ਿਲ੍ਹੇ ਵਿਚ ਭਲਕੇ 17 ਜੁਲਾਈ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। 17 ਜੁਲਾਈ 2024 ਨੂੰ ਮੁਹੱਰਮ ਮੌਕੇ ਪੂਰੇ ਜ਼ਿਲ੍ਹੇ ਵਿਚ ਛੁੱਟੀ ਰਹੇਗੀ ਤੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਅਦਾਰੇ ਬੰਦ ਰਹਿਣਗੇ। ਹਾਲਾਂਕਿ ਮੁਸਲਿਮ ਭਾਈਚਾਰੇ ਦੀ ਮੰਗ ਹੈ ਕਿ ਪੂਰੇ ਸੂਬੇ ਵਿਚ ਛੁੱਟੀ ਕੀਤੀ ਜਾਵੇ।
ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰ ਤੇ ਅਦਾਰੇ ਬੰਦ: ਦੱਸ ਦਈਏ ਕਿ ਕਈ ਸੂਬਿਆਂ ਵਿਚ 18 ਜੁਲਾਈ ਦੀ ਛੁੱਟੀ ਵੀ ਕੀਤੀ ਗਈ ਹੈ। ਇਧਰ, ਡਿਪਟੀ ਕਮਿਸ਼ਨਰ ਮਾਲੇਰਕੋਟਲਾ ਡਾ.ਪੱਲਵੀ ਨੇ ਮੁਹੱਰਮ (ਯੋਮ-ਏ-ਅਸੂਰਾ) ਮੌਕੇ 17 ਜੁਲਾਈ (ਬੁੱਧਵਾਰ) ਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਤਹਿਤ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 17 ਜੁਲਾਈ ਨੂੰ ਮਾਲੇਰਕੋਟਲਾ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ/ਅਰਧ ਸਰਕਾਰੀ ਦਫ਼ਤਰ, ਸਰਕਾਰੀ/ਗ਼ੈਰ-ਸਰਕਾਰੀ ਤੇ ਪ੍ਰਾਈਵੇਟ ਵਿੱਦਿਅਕ ਅਦਾਰੇ ਅਤੇ ਬੈਂਕ ਆਦਿ ਬੰਦ ਰਹਿਣਗੇ।
- ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੰਜਾਬ ਪੁਲਿਸ ਸਖ਼ਤ, ਹਾਇਟੈਕ ਹੋਵੇਗੀ ਟਰੈਫਿਕ ਪੁਲਿਸ - Police strict against violation
- ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਅੰਦਰ ਨਰਕ ਭਰੀ ਜ਼ਿੰਦਗੀ ਜੀਣ ਲਈ ਲੋਕ ਹੋਏ ਮਜ਼ਬੂਰ - People suffering from hell
- ਮਾਨਸਾ ਦੇ ਇਸ ਕਿਸਾਨ ਦੀ ਨਿਵੇਕਲੀ ਪਹਿਲ ਨੇ ਲੁੱਟਿਆ ਸਭ ਦਾ ਦਿਲ, ਹਰ ਕੋਈ ਕਰ ਰਿਹਾ ਵਾਹ-ਵਾਹ - Exclusive initiative the farmer