ਬਰਨਾਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੇ ਸਾਲਾਨਾ ਚੋਣ ਇਜਲਾਸ ਤੋਂ ਪਹਿਲਾਂ ਮੌਜੂਦਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮਾਲਵੇ ਦੇ ਬਾਗੀ ਐਸਜੀਪੀਸੀ ਮੈਂਬਰਾਂ ਨਾਲ ਰਾਬਤਾ ਵਿੱਢ ਦਿੱਤਾ ਹੈ। ਜਿਸ ਦੇ ਚੱਲਦਿਆਂ ਉਹਨਾਂ ਹਲਕਾ ਚੰਨਣਵਾਲ ਤੋਂ ਐਸਜੀਪੀਸੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਅਤੇ ਜੱਥੇਦਾਰ ਬਲਦੇਵ ਸਿੰਘ ਚੂੰਘਾਂ ਨਾਲ ਉਹਨਾਂ ਦੀ ਰਿਹਾਇਸ਼ਾਂ ਉਪਰ ਮੁਲਾਕਾਤਾਂ ਕੀਤੀਆਂ।
28 ਅਕਤੂਬਰ ਨੂੰ ਪ੍ਰਧਾਨ ਸਣੇ ਅਹੁਦੇਦਾਰਾਂ ਦੀ ਚੋਣ
ਕਾਬਿਲੇਗੌਰ ਹੈ ਕਿ ਭਾਵੇਂ ਦੋਵੇਂ ਐਸਜੀਪੀਸੀ ਮੈਂਬਰ ਇਹਨਾਂ ਮਿਲਣੀਆਂ ਨੂੰ ਪਰਿਵਾਰਕ ਦੱਸ ਰਹੇ ਹਨ, ਪਰ ਸਿਆਸੀ ਹਲਕਿਆਂ ਵਿੱਚ ਇਸ ਦੀ ਵੱਡੀ ਚਰਚਾ ਸ਼ੁਰੂ ਹੋ ਗਈ ਹੈ। ਸੂਤਰਾਂ ਅਨੁਸਾਰ ਇਹ ਮੁਲਾਕਾਤ ਆਉਣ ਵਾਲੀ 28 ਅਕਤੂਬਰ ਨੂੰ ਐਸਜੀਪੀਸੀ ਦੀ ਪ੍ਰਧਾਨਗੀ ਸਬੰਧੀ ਹੀ ਹੋਈ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਵੀ ਸੰਤ ਘੁੰਨਸ ਨਾਲ ਮੁਲਾਕਾਤ ਕੀਤੀ ਗਈ ਸੀ।
ਬਾਗੀ ਮੈਂਬਰਾਂ ਨੇ ਦੱਸੀ ਪਰਿਵਾਰਕ ਮੁਲਾਕਾਤ
ਇਸ ਮੁਲਕਾਤ ਸਬੰਧੀ ਜੱਥੇਦਾਰ ਬਲਦੇਵ ਸਿੰਘ ਚੂੰਘਾਂ ਨੇ ਕਿਹਾ ਕਿ ਉਹਨਾਂ ਦਾ ਭਾਣਜਾ ਪਿਛਲੇ ਦਿਨੀਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਦਾ ਹਾਲ ਜਾਨਣ ਲਈ ਹੀ ਐਸਜੀਪੀਸੀ ਪ੍ਰਧਾਨ ਧਾਮੀ ਉਹਨਾਂ ਨੂੰ ਮਿਲਣ ਪੁੱਜੇ ਸਨ। ਜਦਕਿ ਸੰਤ ਘੁੰਨਸ ਦਾ ਕਹਿਣਾ ਹੈ ਕਿ ਇਹ ਕੋਈ ਸਿਆਸੀ ਮੁਲਾਕਾਤ ਨਹੀਂ ਸੀ। ਉਹਨਾਂ ਦੇ ਐਸਜੀਪੀਸੀ ਪ੍ਰਧਾਨ ਧਾਮੀ ਨਾਲ ਪਰਿਵਾਰਕ ਰਿਸ਼ਤੇ ਹਨ, ਜਿਸ ਦੇ ਚੱਲਦਿਆਂ ਉਹ ਉਹਨਾਂ ਦੇ ਘਰ ਮਿਲਣ ਆਏ ਸਨ।
ਐਸਜੀਪੀਸੀ ਮੈਂਬਰ ਅਕਾਲੀ ਦਲ ਤੋਂ ਚੱਲ ਰਹੇ ਬਾਗੀ
ਜ਼ਿਕਰਯੋਗ ਹੈ ਕਿ ਸੰਤ ਘੁੰਨਸ ਅਤੇ ਜੱਥੇਦਾਰ ਚੂੰਘਾਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਹਾਰ ਤੋਂ ਬਾਅਦ ਬਾਗੀ ਹੋ ਗਏ ਸਨ। ਉਹਨਾਂ ਸੁਖਬੀਰ ਸਿੰਘ ਬਾਦਲ ਤੋਂ ਪਾਰਟੀ ਦੇ ਪ੍ਰਧਾਨਗੀ ਦਾ ਅਹੁਦਾ ਛੱਡਣ ਦੀ ਮੰਗ ਕੀਤੀ ਸੀ। ਜਿਸ ਕਰਕੇ ਪਿਛਲੇ ਵਰ੍ਹੇ ਵੀ ਐਸਜੀਪੀਸੀ ਪ੍ਰਧਾਨਗੀ ਮੌਕੇ ਇਹ ਦੋਵੇਂ ਐਸਜੀਪੀਸੀ ਮੈਂਬਰ ਬਾਗੀ ਗਰੁੱਪ ਵਿੱਚ ਬਹੁਤ ਸਰਗਰਮ ਸਨ। ਇਸ ਵਾਰ ਅਕਾਲੀ ਦਲ ਦੇ ਵੱਡੇ ਹੋਰ ਨੇਤਾਵਾਂ ਵਲੋਂ ਬਗਾਵਤ ਤੋਂ ਬਾਅਦ ਐਸਜੀਪੀਸੀ ਦੀ ਪ੍ਰਧਾਨਗੀ ਲਈ ਦੋਵੇਂ ਗਰੁੱਪ ਜ਼ੋਰ ਅਜ਼ਮਾਈ ਕਰਨ ਲੱਗੇ ਹਨ।