ਅੰਮ੍ਰਿਤਸਰ: ਸ੍ਰੀ ਰਾਮ ਦੇ ' ਪ੍ਰਾਣ ਪ੍ਰਤਿਸ਼ਠਾ' ਦੀ ਪੂਰੀ ਦੁਨਿਆ 'ਚ ਧੂਮ ਹੈ। ਇਸ ਖਾਸ ਸਮਾਗਮ ਲਈ ਦੇਸ਼-ਵਿਦੇਸ਼ ਦੀਆਂ ਨਾਮੀ ਹਸਤੀਆਂ ਨੂੰ ਦੱਸੇ ਦਿੱਤੇ ਜਾ ਰਹੇ ਹਨ। ਇਸੇ ਸਿਲਸਿਲੇ ਦੇ ਚੱਲਦੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸੱਦਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਕ ਸਾਂਝਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਆਖਿਆ ਕਿ 22 ਜਨਵਰੀ 2024 ਨੂੰ ਅਯੁੱਧਿਆ ਵਿਚ ਹੋ ਰਹੇ ਸ੍ਰੀ ਰਾਮ ਜਨਮ ਭੂਮੀ ਦੇ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਲਈ ਮਿਲੇ ਸੱਦਾ ਪੱਤਰ ਲਈ ਸ੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਦਾ ਧੰਨਵਾਦ ਕੀਤਾ ਹੈ।
ਹਰੇਕ ਧਰਮ ਦਾ ਸਤਿਕਾਰ: ਇਸ ਦੌਰਾਨ ਉਨ੍ਹਾਂ ਆਖਿਆ ਹੈ ਕਿ ਅਸੀਂ ਦਸ ਗੁਰੂ ਸਾਹਿਬਾਨ ਦੁਆਰਾ ਬਖਸ਼ਿਸ਼ ਕੀਤੀ ਇਲਾਹੀ ਗੁਰਬਾਣੀ ਦੇ ਨਿਆਰੇ ਅਤੇ ਨਿਰਾਲੇ ਗੁਰਮਤਿ ਫਲਸਫੇ ਦੇ ਪੈਰੋਕਾਰ ਹੋਣ ਦੇ ਨਾਤੇ, ਸਰਬ-ਸਾਂਝੀਵਾਲਤਾ ਅਤੇ ਅੰਤਰ-ਧਰਮ ਸਦਭਾਵਨਾ ਦੇ ਮੁੱਦਈ ਬਣਦਿਆਂ, ਹਰੇਕ ਧਰਮ ਦੀਆਂ ਮਾਨਤਾਵਾਂ ਦਾ ਸਤਿਕਾਰ ਕਰਦੇ ਹਾਂ। ਹਰੇਕ ਧਰਮ ਦੇ ਲੋਕਾਂ ਦੇ ਹਿਰਦਿਆਂ ਵਿਚ ਆਪਣੇ ਪੈਗੰਬਰ, ਅਵਤਾਰਾਂ ਦੇ ਪਾਵਨ ਚਰਨਛੋਹ ਪ੍ਰਾਪਤ ਅਸਥਾਨਾਂ ਦੀ ਵਿਸ਼ੇਸ਼ ਮਹਾਨਤਾ, ਅਜ਼ਮਤ ਅਤੇ ਆਸਥਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਨੂੰ ਆਪਣੀ ਆਸਥਾ ਅਤੇ ਪਵਿੱਤਰ ਵਿਸ਼ਵਾਸ ਮੁਬਾਰਕ ਹਨ ਅਤੇ ਅਸੀਂ ਕਾਮਨਾ ਕਰਦੇ ਹਾਂ ਕਿ ਵਿਸ਼ਵ ਵਿੱਚ ਧਾਰਮਿਕ ਸੁਤੰਤਰਤਾ, ਭਾਈਚਾਰਕ ਸਦਭਾਵਨਾ, ਅਮਨ-ਸ਼ਾਂਤੀ ਅਤੇ ਸਰਬ-ਸਾਂਝੀਵਾਲਤਾ ਕਾਇਮ ਹੋਵੇ, ਜਿਸ ਦੇ ਨਾਲ ਹਰੇਕ ਮਨੁੱਖ ਸੁਤੰਤਰ, ਸੁਰੱਖਿਅਤ ਅਤੇ ਨਿਰਭੈਅ ਹੋ ਕੇ ਆਪਣੇ ਧਾਰਮਿਕ ਰਹਿਬਰਾਂ ਦੀ ਸਿਮਰਤੀ ਵਿਚ ਇਕ-ਮਿਕ ਹੁੰਦਿਆਂ ਪਵਿੱਤਰ ਵਿਸ਼ਵਾਸਾਂ ਦੀ ਪਾਲਣਾ ਕਰ ਸਕੇ।
ਸੁਖਬੀਰ ਬਾਦਲ ਨੂੰ ਵੀ ਸੱਦਾ: ਇਸ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 'ਪ੍ਰਾਣ ਪ੍ਰਤਿਸ਼ਠਾ' ਦਾ ਸੱਦਾ ਦਿੱਤਾ ਗਿਆ ਹੈ।ਜਿਸ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਇਸ ਸੱਦੇ ਲਈ ਧੰਨਵਾਦ ਕੀਤਾ ਗਿਆ ਉੱਥੇ ਦੇਸ਼ ਵਾਸੀਆਂ ਨੂੰ ਇਸ ਖਾਸ ਦਿਨ ਦੀ ਮੁਬਾਰਕਬਾਦ ਵੀ ਦਿੱਤੀ ਗਈ।