ਮੋਹਾਲੀ: ਬੀਤੇ ਦਿਨੀਂ ਜ਼ਿਲ੍ਹੇ ਮੋਹਾਲੀ ਵਿੱਚ ਵਾਪਰੀ ਇੱਕ ਘਟਨਾ ਨੇ ਸਭ ਨੂੰ ਹੈਰਾਨ-ਪ੍ਰੇਸ਼ਾਨ ਕਰ ਦਿੱਤਾ। ਦਰਅਸਲ, ਮੋਹਾਲੀ ਦੇ ਏਅਰਪੋਰਟ ਰੋਡ ਉੱਤੇ ਸਥਿਤ ਪਿੰਡ ਕੁੰਬੜਾ ਵਿੱਚ ਕੁੱਝ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਸੀ, ਜਿਸ ਵਿੱਚ ਪਿੰਡ ਕੁੰਬੜਾ ਦੇ ਰਹਿਣ ਵਾਲੇ ਦਮਨ (17) ਦੀ ਮੌਤ ਹੋ ਗਈ ਸੀ ਅਤੇ ਉਸ ਦਾ ਸਾਥੀ ਦਿਲਪ੍ਰੀਤ ਸਿੰਘ (18) ਜਖ਼ਮੀ ਹੋ ਗਿਆ ਸੀ, ਹੁਣ ਇਸ ਨੌਜਵਾਨ ਦੀ ਵੀ ਮੌਤ ਹੋ ਗਈ ਹੈ।
ਦੱਸ ਦੇਈਏ ਕਿ ਜਖ਼ਮੀ ਦਿਲਪ੍ਰੀਤ ਸਿੰਘ ਪਿਛਲੇ 7-8 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਸੀ ਅਤੇ ਚੰਡੀਗੜ੍ਹ ਪੀਜੀਆਈ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ ਪਰ ਅੱਜ ਉਸ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਪਿੰਡ ਕੁੰਬੜਾ ਦੇ ਲੋਕਾਂ ਅਤੇ ਪਰਿਵਾਰ ਦੇ ਮੈਂਬਰਾਂ ਨੇ ਦਮਨ ਦੀ ਲਾਸ਼ ਏਅਰਪੋਰਟ ਰੋਡ ਉੱਤੇ ਰੱਖ ਕੇ ਜਾਮ ਲਗਾਇਆ ਸੀ, ਇਸ ਤੋਂ ਬਾਅਦ ਪੁਲਿਸ ਨੇ 3 ਨੌਜਵਾਨਾਂ ਅਤੇ ਇੱਕ ਨਾਬਾਲਿਗ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜ਼ਿਕਰਯੋਗ ਹੈ ਕਿ ਪਿੰਡ ਕੁੰਬੜਾ ਵਿੱਚ ਇਸ ਸਮੇਂ ਮਹੌਲ ਕਾਫੀ ਤਣਾਅਪੂਰਨ ਹੋ ਰਿਹਾ ਹੈ, ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਉੱਥੇ ਤਾਇਨਾਤ ਕੀਤੇ ਗਏ ਹਨ।
ਪੁਲਿਸ ਦੀ ਅਪੀਲ ਨਾ ਬਣਾਓ ਮਾਮਲਾ,ਪੰਜਾਬੀ ਬਨਾਮ ਪ੍ਰਵਾਸੀ
ਪੂਰੇ ਮਾਮਲੇ ਉੱਤੇ ਮੋਹਾਲੀ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ 13 ਨਵੰਬਰ ਨੂੰ ਇਸ ਘਟਨਾ ਸਬੰਧੀ ਐਫਆਰਆਈ ਦਰਜ ਕੀਤੀ ਗਈ ਸੀ, ਪਿੰਡ ਕੁੰਬੜਾ ਵਿਖੇ ਕੁੱਝ ਨੌਜਵਾਨਾਂ ਦੀ ਸਾਈਕਲ ਪਾਰਕਿੰਗ ਨੂੰ ਲੈ ਕੇ ਮਾਮੂਲੀ ਤਕਰਾਰ ਹੋਈ ਸੀ, ਜਿਸ ਤੋਂ ਬਾਅਦ ਇਹ ਤਕਰਾਰ ਕਾਤਲਾਨਾ ਰੂਪ ਲੈ ਗਈ। ਜਦੋਂ ਸਾਡੀ ਟੀਮ ਨੇ ਮੋਹਾਲੀ ਪੁਲਿਸ ਨੂੰ ਪੁੱਛਿਆ ਕਿ ਕਤਲ ਕਰਨ ਵਾਲੇ ਨੌਜਵਾਨ ਪਰਵਾਸੀ ਹਨ, ਇਸ ਗੱਲ ਨੂੰ ਸਾਫ਼ ਮਨਾ ਕਰਦੇ ਹੋਏ ਮੋਹਾਲੀ ਪੁਲਿਸ ਨੇ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਨੂੰ ਪਰਵਾਸੀ ਬਨਾਮ ਪੰਜਾਬੀ ਨਾ ਬਣਾਇਆ ਜਾਵੇ। ਜਿੰਨ੍ਹਾਂ ਮੁਲਜ਼ਮਾਂ ਨੇ ਹਮਲਾ ਕੀਤਾ ਹੈ ਉਹ ਮੋਹਾਲੀ ਦੇ ਰਹਿਣ ਵਾਲੇ ਹਨ, ਹਾਂ...ਉਨ੍ਹਾਂ ਦਾ ਪਿਛੋਕੜ ਜ਼ਰੂਰ ਯੂਪੀ ਦਾ ਹੈ ਪਰ ਉਹ ਜੰਮਪਲ ਮੋਹਾਲੀ ਦੇ ਹੀ ਹੀ ਹਨ। ਉਹਨਾਂ ਦੀ ਪੜ੍ਹਾਈ ਵੀ ਪੰਜਾਬ ਵਿੱਚ ਹੀ ਹੋਈ ਹੈ।
ਇਹ ਵੀ ਪੜ੍ਹੋ: