ਅੰਮ੍ਰਿਤਸਰ: ਇਕ ਪਾਸੇ ਜਿੱਥੇ ਪੰਜਾਬ ਦੀ ਨੌਜਵਾਨ ਪੀੜੀ ਨਸ਼ਿਆਂ ਵਿੱਚ ਗਲਤਾਨ ਹੋ ਕੇ ਆਪਣੀ ਕੀਮਤੀ ਜ਼ਿੰਦਗੀ ਨੂੰ ਬਰਬਾਦ ਕਰ ਰਹੀ ਹੈ। ਉੱਥੇ ਹੀ ਪੰਜਾਬ ਦੇ ਪਿੰਡਾਂ ਵਿੱਚ ਕੁਝ ਅਜਿਹੇ ਨੌਜਵਾਨ ਵੀ ਹਨ।ਜਿਹੜੇ ਖੇਡਾਂ ਦੇ ਨਾਲ ਬੇਹੱਦ ਪਿਆਰ ਕਰਦੇ ਹਨ ਅਤੇ ਆਪਣੇ ਨਾਲ ਨਾਲ ਉਹ ਹੋਰਨਾਂ ਨੌਜਵਾਨਾਂ ਨੂੰ ਵੀ ਖੇਡਾਂ ਨਾਲ ਜੋੜਨ ਦਾ ਅਹਿਮ ਉਪਰਾਲਾ ਕਰ ਰਹੇ ਹਨ।
ਪਿੰਡ ਦੀ ਪੰਚਾਇਤ ਦਾ ਉਪਰਾਲਾ: ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣ ਲਈ ਨੌਜਵਾਨੀ ਜਿੱਥੇ ਉਪਰਾਲੇ ਕਰ ਰਹੀ ਹੈ। ਉਥੇ ਹੀ ਪਿੰਡ ਧਾਰੜ ਦੀ ਪੰਚਾਇਤ ਨੇ ਵੀ ਨੌਜਵਾਨਾਂ ਨੂੰ ਹੁਲਾਰਾ ਦੇਣ ਲਈ ਆਪਣਾ ਸਹਿਯੋਗ ਦਿੱਤਾ। ਪਿੰਡ ਧਾਰੜ ਦੇ ਸਰਪੰਚ ਨੇ ਆਖਿਆ ਕਿ ਨੌਜਵਾਨਾਂ ਨੂੰ ਅਤੇ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਨ੍ਹਾਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ ਹਨ। ਇਸ ਉਪਰਾਲੇ ਨਾਲ ਨੌਜਵਾਨ ਖੇਡਾਂ ਪ੍ਰਤੀ ਹੋਰ ਵੀ ਉਤਸ਼ਾਹਿਤ ਹੋਣਗੇ।
ਪੰਚਾਇਤ ਦਾ ਧੰਨਵਾਦ: ਪਿੰਡ ਦੇ ਨੌਜਵਾਨਾਂ ਨੇ ਇਸ ਮੌਕੇ ਗੱਲਬਾਤ ਦੌਰਾਨ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਦਾ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਪੰਚਾਇਤ ਦੇ ਉਪਰਾਲੇ ਦੀ ਅਸੀਂ ਸਰਾਹਨਾ ਕਰਦੇ ਹਾਂ ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਕੋਲੋਂ ਮੰਗ ਕਰਦੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਖੇਡ ਮੈਦਾਨ ਨਹੀਂ ਹੈ । ਜੇਕਰ ਸਰਕਾਰ ਕੋਸ਼ਿਸ਼ ਕਰੇ ਤਾਂ ਉਹਨਾਂ ਨੂੰ ਖੇਡਣ ਦੇ ਲਈ ਚੰਗੀ ਗਰਾਊਂਡ ਮਿਲ ਸਕਦੀ ਹੈ। ਜਿਸ ਦੇ ਲਈ ਉਹ ਸਰਕਾਰ ਦੇ ਧੰਨਵਾਦੀ ਹੋਣਗੇ।ਉਹਨਾਂ ਕਿਹਾ ਕਿ ਮੋਹਤਵਾਰਾਂ ਦੀ ਇਸ ਕੋਸ਼ਿਸ਼ ਦੇ ਨਾਲ ਅਸੀਂ ਵੀ ਹੋਰ ਅੱਗੇ ਜਾਵਾਂਗੇ ਅਤੇ ਪਿੰਡ ਦੇ ਹੋਰਨਾਂ ਨੌਜਵਾਨਾਂ ਨੂੰ ਵੀ ਖੇਡਾਂ ਦੇ ਲਈ ਪ੍ਰੇਰਿਤ ਕਰਾਂਗੇ ਤਾਂ ਜੋ ਇੱਕ ਚੰਗੇ ਪਿੰਡ ਅਤੇ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।