ਬਠਿੰਡਾ : ਡੇਰਾ ਸੱਚਾ ਸੌਦਾ ਦੇ ਪੰਜਾਬ ਵਿਚਲੇ ਹੈੱਡ ਕਵਾਟਰ ਸਲਾਵਤਪੁਰਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਤੋਂ ਬਾਅਦ ਸਿੱਖਾਂ ਨਾਲ ਹੋਏ ਟਕਰਾ ਦੇ ਚਲਦਿਆਂ ਪਰਚਾ ਦਰਜ ਕਰਾਉਣ ਵਾਲੇ ਗੁਰਦੁਆਰਾ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਤੇ ਕਈ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਸੀ। ਇਸ ਤੋਂ ਅੱਗੇ ਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜਿਵੇਂ-ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਰਦੇ ਸੀ, ਬਿਲਕੁਸ ਉਸੇ ਤਰ੍ਹਾਂ ਹੀ ਉਨ੍ਹਾਂ ਦੀ ਨਕਲ ਕੀਤੀ ਗਈ ਜੋ ਬਹੁਤ ਹੀ ਗਲਤ ਹੈ।
ਰਾਮ ਰਹੀਮ ਸਿੰਘ ਖਿਲਾਫ ਨਹੀਂ ਕੀਤੀ ਕੋਈ ਕਾਰਵਾਈ
ਇਸ ਘਟਨਾਕ੍ਰਮ ਤੋਂ ਬਾਅਦ ਮਾਲਵਾ ਬੈਲਟ ਵਿੱਚ ਵੱਡੀ ਪੱਧਰ 'ਤੇ ਡੇਰਾ ਪੈਰੋਕਾਰਾਂ ਅਤੇ ਸਿੱਖਾਂ ਵਿਚਕਾਰ ਝੜੱਪਾਂ ਹੋਈਆਂ ਅਤੇ ਉਸ ਸਮੇਂ ਮੌਜੂਦਾ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ ਪਰ ਉਨ੍ਹਾਂ ਵੱਲੋਂ ਇੱਕ ਪਰਚਾ ਡੇਰਾ ਮੁਖੀ ਖਿਲਾਫ ਦਰਜ ਕਰਵਾਇਆ ਗਿਆ ਸੀ। ਦਰਜ ਕਰਵਾਏ ਗਏ ਮਾਮਲੇ ਨੂੰ ਵਾਪਿਸ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਉਨ੍ਹਾਂ ਉੱਤੇ ਵੱਡਾ ਦਬਾਅ ਬਣਾਇਆ ਗਿਆ ਅਤੇ ਝੂਠੀ ਕੈਂਸਲੇਸ਼ਨ ਰਿਪੋਰਟ ਕੋਰਟ ਵਿੱਚ ਪੇਸ਼ ਕੀਤੀ ਗਈ ਹੈ।
ਅਕਾਲੀ ਸਰਕਾਰ ਸਮੇਂ ਡੇਰਾ ਮੁਖੀ ਖਿਲਾਫ ਦਰਜ ਹੋਏ ਮਾਮਲੇ ਰੱਦ
ਸਾਬਕਾ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਵੱਲੋਂ ਇਸ ਲੜਾਈ ਨੂੰ ਜਾਰੀ ਰੱਖਦੇ ਹੋਏ ਇਸ ਮਾਮਲੇ ਨੂੰ ਹਾਈਕੋਰਟ ਤੱਕ ਲਿਜਾਇਆ ਗਿਆ ਅਤੇ ਉਹ ਇਹ ਲੜਾਈ ਆਖਰੀ ਦਮ ਤੱਕ ਲੜਨਗੇ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਜੋ ਸਜ਼ਾ ਸੁਣਾਈ ਗਈ ਹੈ, ਉਹ ਬਿਲਕੁਲ ਜਾਇਜ਼ ਅਤੇ ਇਸ ਸਜ਼ਾ ਨੂੰ ਲੈ ਕੇ ਉਹ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਧੰਨਵਾਦ ਕਰਦੇ ਹਨ ਕਿਉਂਕਿ ਅਕਾਲੀ ਸਰਕਾਰ ਸਮੇਂ ਡੇਰਾ ਮੁਖੀ ਖਿਲਾਫ ਦਰਜ ਹੋਏ ਮਾਮਲੇ ਨੂੰ ਰੱਦ ਕਰਵਾਉਣ ਲਈ ਜਿੱਥੇ ਉਨ੍ਹਾਂ 'ਤੇ ਦਬਾਅ ਬਣਾਇਆ ਗਿਆ ਹੈ। ਉੱਥੇ ਕਈ ਤਰ੍ਹਾਂ ਦੇ ਹੱਥ ਕੰਡੇ ਵੀ ਵਰਤੇ ਗਏ ਪਰ ਗੁਰੂ ਸਾਹਿਬ ਦੀ ਮਿਹਰ ਸਦਕਾ ਅੱਜ ਵੀ ਉਹ ਇਹ ਲੜਾਈ ਲੜ ਰਹੇ ਹਨ ਅਤੇ ਆਖਰੀ ਸਾਹ ਤੱਕ ਲੜਦੇ ਰਹਿਣਗੇ।