ਲੁਧਿਆਣਾ: ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਭਰ ਵਿੱਚ ਗਠਜੋੜ ਦੀ ਸਿਆਸਤ ਗਰਮਾਈ ਹੋਈ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਦਿੱਲੀ ਅਤੇ ਹਰਿਆਣਾ ਦੇ ਵਿੱਚ ਸੀਟ ਸ਼ੇਅਰਿੰਗ ਨੂੰ ਲੈ ਕੇ ਸਥਿਤੀ ਸਾਫ ਕਰ ਦਿੱਤੀ ਹੈ ਅਤੇ ਐਲਾਨ ਕਰ ਦਿੱਤਾ ਹੈ ਕਿ ਦਿੱਲੀ ਅਤੇ ਹਰਿਆਣਾ ਦੇ ਨਾਲ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਇੱਕਜੁੱਟ ਹੋ ਕੇ ਭਾਜਪਾ ਦਾ ਮੁਕਾਬਲਾ ਕਰੇਗੀ। ਜਦਕਿ, ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਹੀ ਪਾਰਟੀਆਂ ਨੇ ਵੱਖਰੀ ਵੱਖਰੀ ਚੋਣ ਲੜਨ ਦਾ ਫੈਸਲਾ ਕੀਤਾ ਹੈ, ਕਿਉਂਕਿ ਜਿੱਥੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਸੱਤਾ 'ਤੇ ਕਾਬਜ ਹੈ, ਉੱਥੇ ਹੀ ਦੂਜੇ ਪਾਸੇ ਕਾਂਗਰਸ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਹੈ। ਜਿਸ ਕਰਕੇ ਪੰਜਾਬ ਦੇ ਵਿੱਚ ਦੋਵੇਂ ਹੀ ਪਾਰਟੀਆਂ ਵੱਖ ਵੱਖ ਚੋਣਾਂ ਲੜਨਗੇ।
ਦੋਵਾਂ ਹੀ ਪਾਰਟੀਆਂ ਦੇ ਆਗੂਆਂ ਨੇ ਇਸ ਸਬੰਧੀ ਜਿੱਥੇ ਆਪੋ ਆਪਣੀ ਪਾਰਟੀਆਂ (Lok Sabha Election 2024) ਦੀ ਸਫਾਈ ਦਿੱਤੀ ਹੈ, ਉੱਥੇ ਹੀ ਵਿਰੋਧੀ ਪਾਰਟੀਆਂ ਲਗਾਤਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਘੇਰ ਰਹੀਆਂ ਹਨ। ਹਰਿਆਣੇ ਦੇ ਵਿੱਚ ਜਿੱਥੇ ਨੋ ਅਤੇ ਇੱਕ ਸੀਟ 'ਤੇ ਲੜਨ ਦੀ ਸਹਿਮਤੀ ਹੋਈ ਹੈ, ਉੱਥੇ ਹੀ ਦਿੱਲੀ ਵਿੱਚ ਚਾਰ ਅਤੇ ਤਿੰਨ ਸੀਟਾਂ 'ਤੇ ਲੜਨ ਦੀ ਦੋਵੇਂ ਪਾਰਟੀਆਂ ਵਿਚਕਾਰ ਸਹਿਮਤੀ ਬਣ ਗਈ ਹੈ। ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਸਵਾਲ ਵੀ ਖੜੇ ਕਰ ਰਹੀਆਂ ਹਨ।
ਅਕਾਲੀ ਦਲ ਨੇ ਚੁੱਕੇ ਸਵਾਲ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਹੈ ਕਿ ਦੋਵੇਂ ਹੀ ਪਾਰਟੀਆਂ ਸ਼ੁਰੂ ਤੋਂ ਹੀ ਇਕੱਠੀਆਂ ਸਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵੀ ਸਭ ਤੋਂ ਪਹਿਲਾਂ ਇਨ੍ਹਾਂ ਦੋਵਾਂ ਪਾਰਟੀਆਂ ਨੇ ਆਪਸ ਵਿੱਚ ਗਠਜੋੜ ਕੀਤਾ ਸੀ। ਉਨ੍ਹਾਂ ਕਿਹਾ ਕਿ ਲਗਾਤਾਰ ਕਾਂਗਰਸ ਆਮ ਆਦਮੀ ਪਾਰਟੀ ਦੀ ਸ਼ਲਾਘਾ ਕਰਦੀ ਰਹੀ ਹੈ ਅਤੇ ਆਮ ਆਦਮੀ ਪਾਰਟੀ ਵੀ ਕਾਂਗਰਸ ਨੂੰ ਤਰਜੀਹ ਦਿੰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਫ ਹੋ ਚੁੱਕਾ ਹੈ ਕਿ ਦੋਵੇਂ ਇੱਕੋ ਹੀ ਹਨ। ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਪੂਰੇ ਦੇਸ਼ ਵਿੱਚ ਕਾਂਗਰਸ ਪਸੰਦ ਹੈ, ਸਿਰਫ ਪੰਜਾਬ ਵਿੱਚ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੋਵਾਂ ਹੀ ਪਾਰਟੀਆਂ ਤੋਂ ਪੰਜਾਬ ਦੇ ਲੋਕ ਅੱਕ ਚੁੱਕੇ ਹਨ ਅਤੇ ਉਹ ਸਿਆਣੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਹੀ ਪਾਰਟੀਆਂ ਨੂੰ ਪੰਜਾਬ ਵਿੱਚ ਨਕਾਰਿਆ ਜਾਵੇਗਾ।
ਕਾਂਗਰਸ ਨੇ ਦਿੱਤੀ ਸਫ਼ਾਈ: ਦੂਜੇ ਪਾਸੇ, ਲੁਧਿਆਣਾ ਤੋਂ ਕਾਂਗਰਸ ਦੇ ਸਾਬਕਾ ਐਮਐਲਏ ਕੁਲਦੀਪ ਸਿੰਘ ਵੈਦ ਨੇ ਕਿਹਾ ਹੈ ਕਿ ਉਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਅਲਾਇੰਸ ਦੇ ਹੱਕ ਵਿੱਚ ਹਨ। ਉਨ੍ਹਾਂ ਕਿਹਾ ਕਿ ਪਰ, ਪੰਜਾਬ ਵਿੱਚ ਪਹਿਲਾਂ ਹੀ ਅਸੀਂ ਹਾਈ ਕਮਾਂਡ ਨੂੰ ਇਹ ਕਹਿ ਚੁੱਕੇ ਸੀ ਕਿ ਇੱਥੇ ਗਠਜੋੜ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁਝ ਹੋਰ ਸਿਆਸੀ ਸਮੀਕਰਨ ਹਨ। ਸਾਡਾ ਮੁੱਖ ਮੰਤਵ ਕੇਂਦਰ ਵਿੱਚੋਂ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਹੈ, ਇਸ ਕਰਕੇ ਬਾਕੀ ਹਿੱਸਿਆਂ ਵਿੱਚ ਗਠਜੋੜ ਕੀਤਾ ਗਿਆ ਹੈ, ਪਰ ਪੰਜਾਬ ਵਿੱਚ ਇਸ ਦੀ ਲੋੜ ਨਹੀਂ ਹੈ। ਭਗਵੰਤ ਮਾਨ ਵੀ ਇਸ ਗੱਲ ਦੀ ਹਾਮੀ ਭਰ ਚੁੱਕੇ ਹਨ, ਉਹ ਵੀ ਇਹ ਗੱਲ ਕਹਿ ਚੁੱਕੇ ਹਨ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਖਰੇ ਵੱਖਰੇ ਹੀ ਚੋਣ ਲੜਨਗੇ।
ਆਪ ਨੇ ਦੱਸਿਆ 'ਸਹੀ ਫੈਸਲਾ': ਉਧਰ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਜੇਕਰ ਦੋਵਾਂ ਪਾਰਟੀਆਂ ਦਾ ਅਲਾਇੰਸ ਨਹੀਂ ਹੋਇਆ ਹੈ, ਤਾਂ ਇਹ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਹਾਈ ਕਮਾਨ ਨੇ ਇਹ ਫੈਸਲਾ ਲਿਆ ਹੈ। ਹਾਈ ਕਮਾਨ ਨੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਗਠਜੋੜ ਉੱਤੇ ਸਹਿਮਤੀ ਜਤਾਈ ਹੈ, ਜਦਕਿ ਪੰਜਾਬ ਵਿੱਚ ਗਠਜੋੜ ਨਹੀਂ ਕੀਤਾ ਗਿਆ ਹੈ, ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਬੀਤੇ ਦੋ ਸਾਲਾਂ ਵਿੱਚ ਜੋ ਕੰਮ ਕਰਵਾਏ ਹਨ। ਉਸ ਤੋਂ ਆਮ ਜਨਤਾ ਕਾਫੀ ਖੁਸ਼ ਹਨ ਅਤੇ ਇਸ ਕਰਕੇ ਪੰਜਾਬ ਵਿੱਚ ਗਠਜੋੜ ਦੀ ਲੋੜ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਹਾਈ ਕਮਾਂਡ ਨੇ ਇਸ ਸਬੰਧੀ ਫੈਸਲਾ ਸੋਚ ਸਮਝ ਕੇ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਚੰਗੇ ਕੰਮ ਕੀਤੇ ਹਨ, ਭਾਵੇਂ ਸਕੂਲ ਆਫ ਐਮੀਨੈਂਸ ਹੋਰ ਸੁਵਿਧਾਵਾਂ ਹੋਣ ਸਰਕਾਰ ਨੇ ਚੰਗੇ ਕੰਮ ਕੀਤੇ। ਉਨ੍ਹਾਂ ਕਿਹਾ ਕਿ ਉਹ ਸਾਰੇ ਮਿਲ ਕੇ ਪੰਜਾਬ ਵਿੱਚ ਸਾਰੀਆਂ ਹੀ 13 ਦੀਆਂ 13 ਸੀਟਾਂ ਜਿੱਤ ਕੇ ਹਾਈ ਕਮਾਨ ਦੀ ਝੋਲੀ ਦਵਿੱਚ ਪਾਉਣਗੇ।
ਭਾਜਪਾ ਨੇ ਕਿਹਾ, 'ਕੋਈ ਫ਼ਰਕ ਨਹੀਂ ਪੈਣਾ': ਉੱਥੇ ਹੀ, ਇਸ ਸਬੰਧੀ ਜਦੋਂ ਭਾਜਪਾ ਦੇ ਲੁਧਿਆਣਾ ਤੋਂ ਬੁਲਾਰੇ ਗੁਰਦੀਪ ਗੋਸ਼ਾ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਹੀ ਪਾਰਟੀਆਂ ਦੀ ਮੰਸ਼ਾ ਸ਼ੁਰੂ ਤੋਂ ਹੀ ਸਾਫ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ ਨੇ ਜੋ ਦੇਸ਼ ਭਰ ਦੇ ਵਿੱਚ ਵਿਕਾਸ ਦੀ ਇੱਕ ਨਵੀਂ ਲਹਿਰ ਚਲਾਈ ਹੈ, ਉਸ ਨੂੰ ਲੈ ਕੇ ਇਹ ਜਿੰਨੇ ਵੀ ਮਰਜ਼ੀ ਗਠਬੰਧਨ ਕਰ ਲੈਣ, ਇਸ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ।
ਉਨ੍ਹਾਂ ਕਿਹਾ ਕਿ ਕਈ ਪਾਰਟੀਆਂ ਤਾਂ ਪਹਿਲਾਂ ਹੀ ਇਨ੍ਹਾਂ ਤੋਂ ਤੰਗ ਹੋ ਕੇ ਕਿਨਾਰਾ ਕਰ ਚੁੱਕੀ ਹੈ। ਗੋਸ਼ਾ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਕਿਸੇ ਮੁੱਦੇ ਨੂੰ ਲੈ ਕੇ ਜਾਂ ਦੇਸ਼ ਦੇ ਵਿਕਾਸ ਨੂੰ ਲੈ ਕੇ ਨਹੀਂ ਹੈ, ਸਗੋਂ ਕੁਰਸੀ ਨੂੰ ਲੈ ਕੇ ਹੈ। ਉਨ੍ਹਾਂ ਕਿਹਾ ਕਿ ਕੁਰਸੀ ਦੇ ਲਾਲਚ ਵਿੱਚ ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੁੰਦੀਆਂ ਹਨ ਅਤੇ ਫਿਰ ਕਦੇ ਅਲੱਗ ਹੁੰਦੀਆਂ ਹਨ, ਪਰ ਭਾਜਪਾ ਦਾ ਸਟੈਂਡ ਸ਼ੁਰੂ ਤੋਂ ਹੀ ਸਾਫ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗਠਜੋੜਾਂ ਦੇ ਨਾਲ ਭਾਜਪਾ ਨੂੰ ਕੋਈ ਫ਼ਰਕ ਕੇਂਦਰ ਵਿੱਚ ਨਹੀਂ ਪੈਣ ਵਾਲਾ। ਪੰਜਾਬ ਵਿੱਚ ਵੀ ਭਾਜਪਾ ਮਜ਼ਬੂਤ ਹੋ ਰਹੀ ਹੈ।