ਲੁਧਿਆਣਾ: ਨਰਾਇਣ ਸਿੰਘ ਚੌੜਾ ਵੱਲੋਂ ਸੁਖਬੀਰ ਬਾਦਲ 'ਤੇ ਹਮਲੇ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਇੱਕ ਵਾਰ ਮੁੜ ਨਰਾਇਣ ਚੌੜਾ 'ਤੇ ਵੱਡਾ ਬਿਆਨ ਦਿੱਤਾ ਹੈ। ਜਿਹੜਾ ਬਿਆਨ ਅੱਜ ਬਿੱਟੂ ਨੇ ਚੌੜਾ ਬਾਰੇ ਦਿੱਤਾ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਜਿਸ ਨਰਾਇਣ ਚੌੜਾ ਦਾ ਉਨ੍ਹਾਂ ਨੇ ਦੋ ਦਿਨ ਪਹਿਲਾਂ ਸਮਰਥਨ ਕੀਤਾ ਸੀ ਅੱਜ ਉਸੇ ਚੌੜਾ ਦੇ ਉਹ ਖਿਲਾਫ਼ ਬਿੱਟੂ ਨੇ ਅੱਜ ਕੁਝ ਹੋਰ ਹੀ ਬੋਲ ਦਿੱਤਾ।
ਬਿੱਟੂ ਨੇ ਚੌੜਾ ਨੂੰ ਦੱਸਿਆ "ਸੱਪ"
ਰਵਨੀਤ ਬਿੱਟੂ ਨੇ ਅੱਜ ਨਰਾਇਣ ਚੌੜਾ 'ਤੇ ਸਵਾਲ ਖੜੇ ਕਰਦੇ ਕਿਹਾ ਕਿ "ਇਹ ਉਹੀ ਲੋਕ ਨੇ ਜੋ ਕਦੇ ਸਾਡੇ 'ਤੇ ਕਾਤਲਾਨਾ ਹਮਲੇ ਕਰਦੇ ਸਨ। ਅੱਜ ਜਦੋਂ ਸੁਖਬੀਰ ਬਾਦਲ 'ਤੇ ਹਮਲਾ ਹੋਇਆ ਹੈ ਤਾਂ ਮਜੀਠੀਏ ਨੂੰ ਪਤਾ ਲੱਗਿਆ ਹੈ। ਉਹਨਾਂ ਕਿਹਾ ਕਿ ਇਹ ਲੋਕ ਕਿਸੇ ਦੇ ਨਹੀਂ ਇਸੇ ਕਾਰਨ ਇਹਨਾਂ ਅੱਤਵਾਦੀਆਂ ਨੂੰ ਦੱਬ ਕੇ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਅੱਤਵਾਦੀ ਜਦੋਂ ਵੀ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਡੰਗ ਮਾਰਨਗੇ ਹੀ ਮਾਰਨਗੇ"। ਬਿੱਟੂ ਨੇ ਆਖਿਆ ਕਿ ਇਸੇ ਕਰਕੇ ਹੁਣ ਅਕਾਲੀ ਦਲ ਨੂੰ ਪਤਾ ਲੱਗ ਗਿਆ ਹੈ ਕਿ ਅਜਿਹੇ ਲੋਕ ਕਿਸੇ ਦੇ ਨਹੀਂ, ਇਹਨਾਂ ਲੋਕਾਂ ਨੂੰ ਜੇਲ੍ਹ ਵਿੱਚ ਹੀ ਰਹਿਣਾ ਚਾਹੀਦਾ ਹੈ। ਇਸੇ ਨੂੰ ਲੈ ਕੇ ਉਹ ਬੋਲਦੇ ਸਨ ਅਤੇ ਅੱਜ ਚੌੜੇ ਨੇ ਵੀ ਇਹ ਸਾਬਿਤ ਕਰ ਦਿੱਤਾ।
"ਕੌਮ ਦਾ ਹੀਰਾ"
ਕਾਬਲੇਜ਼ਿਕਰ ਹੈ ਕਿ ਇਸ ਤੋਂ ਪਹਿਲਾਂ ਰਵਨੀਤ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ "ਸੁਖਬੀਰ ਬਾਦਲ ਨੇ ਬੇਅਦਬੀ ਅਤੇ ਸੌਦਾ ਸਾਧ ਨੂੰ ਮੁਆਫੀ ਦੇਣ ਦਾ ਗੁਨਾਹ ਕਬੂਲ਼ ਕੀਤਾ ਹੈ। ਇਸ ਤੋਂ ਬਾਅਦ ਗੁਰੂ ਦਾ ਸਿੱਖ ਹੋਣ ਦੇ ਨਾਤੇ ਨਰਾਇਣ ਚੌੜਾਨੇ ਭਾਵਨਾਵਾਂ 'ਚ ਆ ਕੇ ਗੋਲੀ ਚਲਾਈ ਸੀ। ਇਸ ਲਈ ਉਸ ਨੂੰ ਸਜ਼ਾ ਦੇਣ ਦੀ ਬਜਾਏ ਉਸ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ"।
ਅਕਾਲੀ ਦਲ ਹੀ ਕਰੇ ਚੌੜਾ ਦੀ ਪੈਰਵੀ
ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ, "ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਦੇਖ ਕੇ ਬੇਅਦਬੀ ਬਰਦਾਸ਼ਤ ਨਾ ਕਰਦੇ ਹੋਏ ਅਪਣਾ ਰੋਸ ਜ਼ਾਹਿਰ ਕੀਤਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਇਸ ਭਾਵਨਾ ਦੀ ਕਦਰ ਕਰਦੇ ਹੋਏ ਨਰਾਇਣ ਚੌੜਾ ਨੂੰ ਸਜ਼ਾ ਦਿਵਾਉਣ ਦੀ ਬਜਾਏ ਉਸ ਦੀ ਹਿਮਾਇਤ ਕਰਨੀ ਚਾਹੀਦੀ ਹੈ। ਅਕਾਲੀ ਦਲ ਨੂੰ ਚਾਹੀਦਾ ਹੈ ਕਿ ਕੋਈ ਵਧੀਆ ਵਕੀਲ ਕਰਦੇ ਹੋਏ ਲੱਖਾਂ ਕਰੋੜਾਂ ਖ਼ਰਚ ਕਰ ਕੇ ਨਰਾਇਣ ਚੌੜਾ ਨੂੰ ਰਿਹਾਅ ਕਰਵਾਉਣਾ ਚਾਹੀਦਾ ਹੈ।"
'ਕੋਈ ਖਾਲਿਸਤਾਨੀ ਐਂਗਲ ਨਹੀਂ'
ਰਵਨੀਤ ਬਿੱਟੂ ਨੇ ਕਿਹਾ ਕਿ ਇਸ ਮਾਮਲੇ ਨੂੰ ਖਾਲਿਸਤਾਨੀ ਪੱਖ ਨਾਲ ਜੋੜਣ ਦੀ ਬਜਾਏ ਭਾਵਨਾਤਮਕ ਤੌਰ 'ਤੇ ਦੇਖਣ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਪਹਿਲਾਂ ਹੀ ਬੰਦੀ ਸਿੱਖਾਂ ਦੀ ਲੜਾਈ ਲੜ ਰਿਹਾ ਹੈ। ਜੇਕਰ ਨਰਾਇਣ ਚੌੜਾ ਨੂੰ ਵੀ ਜੇਲ੍ਹ ਹੁੰਦੀ ਹੈ ਤਾਂ ਉਹ ਵੀ ਬੰਦੀ ਸਿੱਖਾਂ ਦੀ ਗਿਣਤੀ 'ਚ ਹੀ ਆਉਣਗੇ। ਇਸ ਲਈ ਅਕਾਲੀ ਦਲ ਆਪਣੇ ਵਿਚਾਰ ਬਦਲੇ ਅਤੇ ਬਿਕਰਮ ਮਜੀਠੀਆ ਆਪ ਅੱਗੇ ਆਉਣ।
ਕੌਣ ਹੈ ਐੱਚ.ਐੱਸ ਫੂਲਕਾ?, ਜਿੰਨ੍ਹਾਂ ਨੇ 84 ਸਿੱਖ ਕਤਲੇਆਮ ਪੀੜਤਾਂ ਦੇ ਮੁਫ਼ਤ ਕੇਸ ਲੜੇ