ਬਠਿੰਡਾ: ਸਿਆਣੇ ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਕਈ ਵਿਅਕਤੀ ਆਪਣੇ ਸ਼ੌਂਕ ਨੂੰ ਜਨੂੰਨ ਬਣਾ ਲੈਂਦੇ ਹਨ, ਤਾਂ ਜੋ ਉਹ ਆਪਣਾ ਸ਼ੌਂਕ ਪੂਰਾ ਕਰ ਸਕਣ। ਅਸੀਂ ਹੁਣ ਤੁਹਾਨੂੰ ਅੱਜ ਮਿਲਾਉਣ ਜਾ ਰਹੇ ਹਾਂ ਬਠਿੰਡਾ ਵਿੱਚ ਬਤੌਰ ਮਿਸਤਰੀ ਕੰਮ ਕਰਨ ਵਾਲੇ ਰਣਧੀਰ ਸਿੰਘ ਨਾਲ, ਜੋ ਪੁਰਾਤਨ ਬਰਤਨ ਇਕੱਠੇ ਕਰਨ ਦਾ ਸ਼ੌਂਕ ਰੱਖਦਾ ਹੈ। ਇਹ ਸ਼ੌਂਕ ਰਣਧੀਰ ਸਿੰਘ ਨੂੰ 15 ਕੁ ਸਾਲ ਦੀ ਉਮਰ ਤੋਂ ਹੀ ਪੈਦਾ ਹੋ ਗਿਆ ਸੀ, ਜੋ ਹੁਣ ਤੱਕ ਵੀ ਖ਼ਤਮ ਨਹੀਂ ਹੋਇਆ, ਸਗੋਂ ਹੋਰ ਵਧਿਆ ਹੈ। ਇਸ ਸਮੇਂ ਰਣਧੀਰ ਸਿੰਘ ਦੀ ਉਮਰ 63 ਸਾਲ ਦੇ ਕਰੀਬ ਹੈ।
ਕਿਵੇਂ ਪੈਦਾ ਹੋਇਆ ਸ਼ੌਂਕ: ਰਣਧੀਰ ਸਿੰਘ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਬਚਪਨ ਵਿੱਚ ਉਸ ਨੂੰ ਇੱਕ ਸਿੱਕਾ ਮਿਲਿਆ ਸੀ ਜਿਸ ਦੇ ਉੱਪਰ ਤਿੱਬਤ ਭਾਸ਼ਾ ਵਿੱਚ ਕੁਝ ਲਿਖਿਆ ਸੀ। ਇਸ ਸਿੱਕੇ ਬਾਰੇ ਜਾਣਣ ਦੀ ਜਿਗਿਆਸਾ ਪੈਦਾ ਹੋਣ ਤੋਂ ਬਾਅਦ ਉਸ ਵੱਲੋਂ ਪੁਰਾਤਨ ਵਸਤੂਆਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਗਿਆ। ਅੱਜ ਉਨ੍ਹਾਂ ਕੋਲ ਕਰੋੜਾਂ ਰੁਪਏ ਦਾ ਪੁਰਾਤਨ ਸਮਾਨ, ਜੋ ਰਾਜਾ ਮਹਾਰਾਜਿਆਂ ਵੱਲੋਂ ਵਰਤਿਆ ਜਾਂਦਾ ਸੀ, ਉਹ ਇਕੱਠਾ ਕੀਤਾ ਹੋਇਆ ਹੈ। ਇਸ ਪੁਰਾਤਨ ਸਮਾਨ ਵਿੱਚ ਜਿਆਦਾਤਰ ਵੱਖ-ਵੱਖ ਧਾਤਾਂ ਦੇ (Antique Utensils) ਬਰਤਨ ਸ਼ਾਮਿਲ ਹਨ, ਜੋ ਅੱਜ ਰਸੋਈ ਦਾ ਨਹੀ, ਸਗੋਂ ਮੇਲਿਆਂ ਵਿੱਚ ਪ੍ਰਦਰਸ਼ਨੀਆਂ ਦਾ ਹੀ ਹਿੱਸਾ ਬਣ ਕੇ ਰਹਿ ਗਏ ਹਨ, ਤਾਂ ਜੋਂ ਆਉਣ ਵਾਲੀ ਪੀੜੀ ਇਸ ਦੀ ਜਾਣਕਾਰੀ ਤੋਂ ਵਾਂਝੀ ਨਾ ਰਹਿ ਸਕੇ।

ਵੱਖ-ਸੂਬਿਆਂ ਤੇ ਦੇਸ਼ਾਂ ਦਾ ਦੌਰਾ: ਰਣਧੀਰ ਸਿੰਘ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਹ ਆਪਣਾ ਇਹ ਸ਼ੌਂਕ ਪੂਰਾ ਕਰਨ ਲਈ ਵੱਖ-ਵੱਖ ਸੂਬਿਆਂ ਦੇ ਨਾਲ ਨਾਲ ਭਾਰਤ ਦੇ ਨਾਲ ਲੱਗਦੇ ਦੇਸ਼ਾਂ ਵਿੱਚ ਜਾ ਕੇ ਪੁਰਾਤਨ ਚੀਜ਼ਾਂ ਦੀ ਭਾਲ ਕਰਦੇ ਹਨ ਅਤੇ ਉਸ ਨੂੰ ਖਰੀਦ ਕਰਕੇ ਲੈ ਕੇ ਆਉਂਦੇ ਰਹੇ। ਰਣਧੀਰ ਸਿੰਘ ਨੇ ਦੱਸਿਆ ਕਿ ਇਸ ਸ਼ੌਂਕ ਨੂੰ ਉਸ ਦੇ ਪਰਿਵਾਰ ਨੇ ਭਾਵੇਂ ਬਹੁਤਾ ਪ੍ਰਵਾਨ ਨਹੀਂ ਕੀਤਾ, ਪਰ ਉਹ ਆਪਣੇ ਸ਼ੌਂਕ ਨੂੰ ਜਨੂੰਨ ਬਣਾਉਂਦੇ ਹੋਏ ਜਦੋਂ ਵੀ ਕੋਈ ਪੁਰਾਣੀ ਵਸਤੂ ਬਾਰੇ ਪਤਾ ਲੱਗਦਾ ਹੈ, ਤਾਂ ਉਹ ਉਸ ਦੀ ਭਾਲ ਵਿੱਚ ਨਿਕਲ ਜਾਂਦੇ ਹਨ ਅਤੇ ਜੋ ਵੀ ਰੇਟ ਵਿੱਚ ਉਨ੍ਹਾਂ ਨੂੰ ਉਹ ਵਸਤੂ ਮਿਲਦੀ ਹੈ, ਉਹ ਉਸ ਨੂੰ ਖ਼ਰੀਦ ਕਰ ਆਪਣੀ ਵਰਕਸ਼ਾਪ ਵਿੱਚ ਲੈ ਕੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ, ਹੁਣ ਹੌਲੀ ਹੌਲੀ ਉਨ੍ਹਾਂ ਦੀ ਤੀਜੀ ਪੀੜੀ ਵੀ ਇਸ ਸ਼ੌਂਕ ਨੂੰ ਅਪਨਾ ਰਹੀ ਹੈ।
ਪਿੱਤਲ ਅਤੇ ਹੋਰ ਧਾਤਾਂ ਦੇ ਭਾਂਡਿਆਂ 'ਚ ਖਾਣਾ ਬਣਾਉਂਦਾ ਸਿਹਤਮੰਦ: ਅੱਜ ਰਣਧੀਰ ਸਿੰਘ ਕੋਲ ਰਾਜਾ ਮਹਾਰਾਜਿਆਂ ਦੇ ਸਮੇਂ ਵਰਤੇ ਜਾਣ ਵਾਲੇ ਪਿੱਤਲ ਦੇ ਭਾਂਡੇ ਅਤੇ ਵੱਖ-ਵੱਖ ਧਾਤਾਂ ਦੇ ਬਰਤਨ ਮੌਜੂਦ ਹਨ, ਜਿਨ੍ਹਾਂ ਨੂੰ ਦੇਖਣ ਲਈ ਦੂਰੋਂ ਨੇੜਿਓਂ ਲੋਕ ਅਕਸਰ ਹੀ ਉਨ੍ਹਾਂ ਦੇ ਘਰ ਆਉਂਦੇ ਹਨ। ਉਹ ਅਕਸਰ ਹੀ ਉਹ ਇਨ੍ਹਾਂ ਬਰਤਨਾਂ ਨੂੰ ਲੈ ਕੇ ਵੱਖ-ਵੱਖ ਮੇਲਿਆਂ ਵਿੱਚ ਜਾਂਦੇ ਹਨ, ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਇਨ੍ਹਾਂ ਬਰਤਨਾਂ ਬਾਰੇ ਜਾਣੂ ਕਰਵਾ ਸਕਣ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੋਕਾਂ ਵੱਲੋਂ ਭਾਵੇਂ ਐਲੁਮੀਨੀਅਮ ਅਤੇ ਸਟੀਲ ਦੀ ਵਰਤੋਂ ਵਧਾ ਦਿੱਤੀ ਗਈ ਹੈ, ਪਰ ਪੁਰਾਤਨ ਸਮੇਂ ਵਿੱਚ ਪਿੱਤਲ ਅਤੇ ਹੋਰਨਾਂ ਧਾਤਾਂ ਦੀਆਂ ਵਸਤੂਆਂ ਨੂੰ ਵਰਤਿਆ ਜਾਂਦਾ ਸੀ ਜਿਸ ਨਾਲ ਮਨੁੱਖੀ ਸਿਹਤ ਨੂੰ ਕਾਫੀ ਲਾਭ ਹੁੰਦਾ ਸੀ ਅਤੇ ਮਨੁੱਖ ਦੇ ਸਰੀਰ ਵਿਚਲੇ ਤੱਤਾਂ ਦੀ ਪੂਰਤੀ ਹੁੰਦੀ ਸੀ।
ਰਣਧੀਰ ਸਿੰਘ ਨੇ ਕਿਹਾ ਕਿ ਭਾਵੇਂ ਉਹ ਆਪਣਾ ਸ਼ੌਂਕ ਪੂਰਾ ਕਰਨ ਲਈ ਇਨ੍ਹਾਂ ਬਰਤਨਾਂ ਨੂੰ ਇਕੱਠੇ ਕਰ ਰਹੇ ਹਨ, ਪਰ ਇਨ੍ਹਾਂ ਦੀ ਦੇਖਰੇਖ ਨੂੰ ਲੈ ਕੇ ਕਈ ਵਾਰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਹ ਇਸ ਸ਼ੌਂਕ ਰਾਹੀਂ ਆਪਣੇ ਪੁਰਾਤਨ ਸੱਭਿਆਚਾਰ ਬਾਰੇ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ ਤੇ ਇਸ ਨੂੰ ਸੰਜੋ ਕੇ ਰੱਖਿਆ ਹੋਇਆ ਹੈ।